ਮੁਹਾਲੀ ਪੁਲਿਸ ਵੱਲੋਂ ਅਗਵਾ ਟੀ ਵੀ ਐਂਕਰ ਕੋਟਕਪੁਰਾ ਤੋਂ ਬਰਾਮਦ
ਕੋਟਕਪੂਰਾ/ਚੰਡੀਗੜ੍ਹ, 6 ਨਵੰਬਰ, 2025: ਮੁਹਾਲੀ ਤੋਂ ਅਗਵਾ ਕੀਤੇ ਇਕ ਟੀ ਵੀ ਚੈਨਲ ਦੇ ਐਂਕਰ ਨੂੰ ਮੁਹਾਲੀ ਪੁਲਿਸ ਨੇ ਕੋਟਕਪੁਰਾ ਦੇ ਗੁਰਦੁਆਰਾ ਸਾਹਿਬ ਤੋਂ ਬਰਾਮਦ ਕਰ ਲਿਆ ਹੈ।
ਐਂਕਰ ਨੂੰ ਅਗਵਾ ਕਰਨ ਵਾਲੇ ਨਿਹੰਗ ਉਸ ਨੂੰ ਕੋਟਕਪੂਰਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਲੈ ਕੇ ਆਏ ਸਨ। ਜਿਥੋਂ ਕੋਟਕਪੂਰਾ ਪੁਲਿਸ ਅਤੇ ਮੋਹਾਲੀ ਪੁਲਿਸ ਟੀਮ ਵੱਲੋਂ ਉਕਤ ਐਂਕਰ ਨੂੰ ਰੈਸਕਿਓ ਕਰ ਲਿਆ ਗਿਆ ਪਰ ਅਗਵਾਕਾਰ ਭੱਜਣ ਵਿਚ ਕਾਮਯਾਬ ਹੋ ਗਏ ਅਤੇ ਹੁਣ ਪੁਲਿਸ ਵੱਲੋਂ ਜਿੱਥੇ ਅਗਵਾਕਾਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਅਗਵਾਕਾਰ ਕੋਟਕਪੂਰਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਪਹੁੰਚੇ ਜਿਥੇ ਗੁਰਦੁਆਰਾ ਪ੍ਰਬੰਧਕਾਂ ਨੂੰ ਉਹਨਾਂ ਤੇ ਸ਼ੱਕ ਹੋਇਆ ਅਤੇ ਉਹਨਾਂ ਨੇ ਅਗਵਾਕਾਰਾਂ ਅਤੇ ਅਗਵਾ ਹੋਏ ਐਂਕਰ ਨੂੰ ਬੈਠਾ ਲਿਆ ਅਤੇ ਮੌਕੇ ’ਤੇ ਥਾਣਾ ਸਿਟੀ ਕੋਟਕਪੂਰਾ ਪੁਲਿਸ ਨੂੰ ਬੁਲਾ ਲਿਆ। ਇਸੇ ਦੌਰਾਨ ਅਗਵਾਕਾਰਾਂ ਦਾ ਪਿੱਛਾ ਕਰਦੀ ਹੋਈ ਮੋਹਾਲੀ ਪੁਲਿਸ ਦੀ ਟੀਮ ਵੀ ਕੋਟਕਪੂਰਾ ਪਹੁੰਚ ਗਈ ਅਤੇ ਮੋਹਾਲੀ ਅਤੇ ਕੋਟਕਪੂਰਾ ਪੁਲਿਸ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਅਗਵਾਕਾਰਾਂ ਦੇ ਚੁੰਗਲ ਵਿਚੋਂ ਵੀਟੀ ਚੈਂਨਲ ਦੇ ਐਂਕਰ ਨੂੰ ਬਚਾ ਲਿਆ ਅਤੇ ਥਾਣਾ ਸਿਟੀ ਕੋਟਕਪੂਰਾ ਲੈ ਆਏ, ਜਦੋਂਕਿ ਅਗਵਾਕਾਰ ਉੱਥੋਂ ਖਿਸਕ ਗਏ ਅਤੇ ਫਰਾਰ ਹੋ ਗਏ।
ਮੁਹਾਲੀ ਦੇ ਐਸ ਐਸ ਪੀ ਹਰਮਨਦੀਪ ਸਿੰਘ ਹੰਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਹਾਲੀ ਪੁਲਿਸ ਨੇ 4 ਨਵੰਬਰ ਨੂੰ ਸੂਚਨਾ ਮਿਲਣ ’ਤੇ ਐਫ ਆਈ ਆਰ ਨੰਬਰ 122 ਦਰਜ ਕੀਤੀ ਸੀ ਤੇ ਅਗਵਾਕਾਰਾਂ ਦੀ ਪਛਾਣਾ ਜੱਸਾ ਸਿੰਘ ਤੇ ਹਰਦੀਪ ਸਿੰਘ ਵਜੋਂ ਹੋਈ ਸੀ। ਉਹਨਾਂ ਦੱਸਿਆ ਕਿ ਐਸ ਪੀ ਸਿਟੀ ਮੁਹਾਲੀ ਦਿਲਪ੍ਰੀਤ ਸਿੰਘ, ਐਸ ਪੀ ਇਨਵੈਸਟੀਗੇਸ਼ਨ ਸੌਰਵ ਜਿੰਦਲ ਅਤੇ ਡੀ ਐਸ ਪੀ ਸਿਟੀ 1 ਅਤੇ ਸੀ ਆਈ ਏ ਇੰਚਾਰਜ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਮੁਹਾਲੀ ਪੁਲਿਸ ਨੇ ਬਹੁਤ ਫੁਰਤੀ ਨਾਲ ਕੰਮ ਕਰਦਿਆਂ ਅਗਵਾਕਾਰਾਂ ਦੀ ਪੈੜ ਨੱਪ ਲਈ ਤੇ ਪਟਿਆਲਾ ਤੋਂ ਹੋ ਕੇ ਬਠਿੰਡਾ ਤੇ ਕੋਟਕਪੁਰਾ ਪਹੁੰਚੇ ਅਗਵਾਕਾਰਾਂ ਦਾ ਪਿੱਛਾ ਕਰਦੇ ਹੋਏ ਟੀ ਵੀ ਐਂਕਰ ਨੂੰ ਰੈਸਕਿਊ ਕਰ ਲਿਆ। ਉਸਦਾ ਮੈਡੀਕਲ ਕਰਵਾਉਣ ਮਗਰੋਂ ਉਸਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਮਾਮਲਾ ਪੈਸੇ ਦੇ ਲੈਣ-ਦੇਣ ਦਾ ਹੈ।
ਦੂਜੇ ਪਾਸੇ ਗੁਰਦੁਆਰਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਸਾਨੂੰ ਪਤਾ ਲੱਗ ਗਿਆ ਸੀ ਕਿ ਇਹ ਬੰਦੇ (ਅਗਵਾਕਾਰ) ਕੁਝ ਗਲਤ ਕਰ ਰਹੇ ਹਨ ਤਾਂ ਉਹਨਾਂ ਆਪਣੇ ਕੁਝ ਸੇਵਾਦਾਰਾਂ ਨੂੰ ਉਹਨਾਂ ਦੀ ਨਿਗਰਾਨੀ ਤੇ ਲਗਾ ਦਿੱਤਾ ਸੀ ਅਤੇ ਪੁਲਿਸ ਨੂੰ ਬੁਲਾ ਲਿਆ ਸੀ। ਪੁਲਿਸ ਦੀ ਟੀਮ ਐਂਕਰ ਨੂੰ ਆਪਣੇ ਨਾਲ ਮੋਹਾਲੀ ਲੈ ਗਈ ਹੈ।
ਦੂਸਰੇ ਪਾਸੇ ਅਗਵਾਕਾਰਾਂ ਦੇ ਚੁੰਗਲ ਵਿਚੋਂ ਆਜਾਦ ਕਰਵਾਏ ਗਏ ਐਂਕਰ ਦਾ ਇਕ ਵੀਡੀਓ ਬਿਆਨ ਸਾਹਮਣੇ ਆਇਆ ਜਿਸ ਵਿਚ ਉਸ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ ਅਤੇ ਦੱਸਿਆ ਹੈ ਕਿ ਉਸ ਨੂੰ ਕਿਥੋਂ ਅਤੇ ਕਿਵੇ ਅਗਵਾ ਕੀਤਾ ਗਿਆ ਸੀ