ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਇਆ ਗ੍ਰਨੇਡ ਧਮਾਕਾ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ- ਸੁਖਜਿੰਦਰ ਰੰਧਾਵਾ
ਗੁਰਦਾਸਪੁਰ, 9 ਅਪ੍ਰੈਲ 2025- ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਜਲੰਧਰ ਵਿੱਚ ਸਥਿਤ ਘਰ ਵਿਖੇ ਹੋਏ ਗ੍ਰਨੇਡ ਹਮਲੇ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲਾਪ੍ਰਵਾਹੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਹਾਸ਼ੀਏ ਤੇ ਲਿਆ ਕੇ ਰੱਖ ਦਿੱਤਾ ਹੈ।
ਸੁਖਜਿੰਦਰ ਸਿੰਘ ਰੰਧਾਵਾ ਨੇ ਭਗਵੰਤ ਮਾਨ ਨੂੰ ਕਿਹਾ ਕਿ ਭਗਵੰਤ ਮਾਨ ਜੀ ਸਿਰਫ਼ ਖੁਦ ਦੀ ਜਾਂ ਦਿੱਲੀ ਵਾਲਿਆਂ ਦੀ ਨਹੀਂ ਬਲਕਿ ਪੰਜਾਬ ਦੇ ਹਰ ਆਮ ਅਤੇ ਖਾਸ ਨਾਗਰਿਕ ਦੀ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ, ਪਰ ਅਫਸੋਸ ਹੈ ਕਿ ਤੁਸੀ ਗ੍ਰਹਿ ਮੰਤਰੀ ਵੱਜੋਂ ਪਹਿਲੇ ਦਿਨ ਤੋਂ ਹੀ ਆਮ ਅਤੇ ਪੰਜਾਬ ਦੇ ਖਾਸ ਨਾਗਰਿਕਾਂ ਦੀ ਸੁਰੱਖਿਆ ਕਾਇਮ ਕਰਨ ਵਿੱਚ ਫੇਲ ਸਾਬਿਤ ਹੋਏ ਹੋ। ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।