ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲੇ ਦਾ ਸੁਨਹਿਰੀ ਮੌਕਾ
ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2025: ਭਾਰਤ ਦੀਆਂ ਉੱਚ ਦਰਜਾ ਪ੍ਰਾਪਤ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵੱਲੋਂ ਅਕਾਦਮਿਕ ਸੈਸ਼ਨ 2026–27 ਲਈ 50 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿੱਚ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ [ਸੀਯੂਈਟੀ (ਪੀਜੀ)–2026] ਦੇ ਮਾਧਿਅਮ ਰਾਹੀਂ ਦਾਖ਼ਲੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਵਰਣਨਯੋਗ ਹੈ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਨੈਕ ਵੱਲੋਂ ‘ਏ ਪਲੱਸ’ ਗ੍ਰੇਡ ਨਾਲ ਪ੍ਰਮਾਣਿਤ ਕੀਤਾ ਗਿਆ ਹੈ। ਇਸਦੇ ਨਾਲ ਹੀ, ਯੂਨੀਵਰਸਿਟੀ ਨੇ ਐਨਆਈਆਰਐਫ਼ ਇੰਡੀਆ ਰੈਂਕਿੰਗ 2025 (ਯੂਨੀਵਰਸਿਟੀ ਸ਼੍ਰੇਣੀ) ਵਿੱਚ 77ਵਾਂ ਸਥਾਨ ਅਤੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ 601–800 ਗਲੋਬਲ ਰੈਂਕ ਬੈਂਡ ਵਿੱਚ ਸਥਾਨ ਹਾਸਲ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਮਜ਼ਬੂਤ ਅਕਾਦਮਿਕ ਪਹਿਚਾਣ ਬਣਾਈ ਹੈ।
ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਦਾਖ਼ਲੇ ਦੇ ਇੱਛੁਕ ਵਿਦਿਆਰਥੀ ਸੀਯੂਈਟੀ (ਪੀਜੀ)–2026 ਲਈ 14 ਜਨਵਰੀ, 2026 ਤੱਕ ਰਾਸ਼ਟਰੀ ਪ੍ਰੀਖਿਆ ਏਜੰਸੀ ਦੀ ਅਧਿਕਾਰਿਕ ਵੈੱਬਸਾਈਟ https://exams.nta.nic.in/cuet-pg/ ਰਾਹੀਂ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ। ਰਾਸ਼ਟਰੀ ਪ੍ਰੀਖਿਆ ਏਜੰਸੀ ਅਨੁਸਾਰ, ਸੀਯੂਈਟੀ (ਪੀਜੀ)–2026 ਦੀ ਪ੍ਰੀਖਿਆ ਮਾਰਚ 2026 ਵਿੱਚ ਕਰਵਾਈ ਜਾਵੇਗੀ।
ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਯੂਈਟੀ (ਪੀਜੀ)–2026 ਲਈ ਅਰਜ਼ੀ ਦੇ ਕੇ ਇਸ ਮੌਕੇ ਦਾ ਲਾਭ ਉਠਾਉਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਘੱਟ ਫੀਸ ’ਤੇ ਗੁਣਵੱਤਾਪੂਰਕ ਉੱਚ ਸਿੱਖਿਆ, ਮਜ਼ਬੂਤ ਰਿਸਰਚ ਵਾਤਾਵਰਣ ਅਤੇ ਜੀਵੰਤ ਅਕਾਦਮਿਕ ਮਾਹੌਲ ਪ੍ਰਦਾਨ ਕਰਦੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਮਜ਼ਬੂਤ ਅਕਾਦਮਿਕ ਆਧਾਰ ਦੇ ਨਾਲ ਅਕਾਦਮਿਕ, ਉਦਯੋਗਿਕ ਅਤੇ ਸਰਕਾਰੀ ਖੇਤਰਾਂ ਵਿੱਚ ਵਿਭਿੰਨ ਕੈਰੀਅਰ ਮੌਕਿਆਂ ਲਈ ਖੁਦ ਨੂੰ ਤਿਆਰ ਹੋਣ ਦਾ ਸੁਨਹਿਰੀ ਅਵਸਰ ਮਿਲਦਾ ਹੈ।
ਯੂਨੀਵਰਸਿਟੀ ਦੀ ਦਾਖਲਾ ਸ਼ਾਖਾ ਅਨੁਸਾਰ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਸੰਬੰਧੀ ਵਿਸਥਾਰਿਤ ਜਾਣਕਾਰੀ—ਜਿਵੇਂ ਕਿ ਪ੍ਰੋਗਰਾਮ ਸੰਰਚਨਾ, ਅਧਿਆਪਕ ਵਰਗ ਅਤੇ ਦਾਖਲਾ ਪ੍ਰਕਿਰਿਆ—ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ (www.cup.edu.in) ਤੋਂ ਹਾਸਲ ਕੀਤੀ ਜਾ ਸਕਦੀ ਹੈ।