ਪੰਜਾਬੀ ਯੂਨੀਵਰਸਿਟੀ ਨੇ ਰਚਿਆ ਇਤਿਹਾਸ; ਮਾਨਸਿਕ ਸਿਹਤ ਖੇਤਰ 'ਚ 'ਉੱਦਮਤਾ ਸਿਖਲਾਈ' ('Entrepreneurship training') ਸ਼ੁਰੂ ਕਰਨ ਵਾਲੀ ਦੇਸ਼ ਦੀ ਪਹਿਲੀ ਸੰਸਥਾ ਬਣੀ
ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਸਿਕ ਸਿਹਤ ਦੇ ਖੇਤਰ ਵਿੱਚ ਨਿਵੇਕਲੀ ਪਹਿਲ
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ 'ਔਨਲਾਈਨ ਅਤੇ ਟੈਲੀਫੋਨਿਕ ਕੌਂਸਲਿੰਗ ਟ੍ਰੇਨਿੰਗ ਸੈੱਲ' (ਓ.ਟੀ.ਸੀ.ਟੀ.ਸੀ.) ਦਾ ਕੀਤਾ ਉਦਘਾਟਨ
ਮਾਨਸਿਕ ਸਿਹਤ ਦੇ ਖੇਤਰ ਵਿੱਚ ਬਕਾਇਦਗੀ ਸਹਿਤ 'ਉੱਦਮਤਾ ਸਿਖਲਾਈ' ਸ਼ੁਰੂ ਕਰਨ ਵਾਲ਼ੀ ਭਾਰਤ ਦੀ ਪਹਿਲੀ ਸੰਸਥਾ ਬਣੀ ਪੰਜਾਬੀ ਯੂਨੀਵਰਸਿਟੀ
ਮਾਨਸਿਕ ਤੰਦਰੁਸਤੀ ਨਾਲ਼ ਜੁੜੀਆਂ ਸੇਵਾਵਾਂ ਦੇ ਮਾਮਲੇ ਵਿੱਚ ਅੱਗੇ ਆਉਣਾ ਹੈ ਅਦਾਰਿਆਂ ਦਾ ਫ਼ਰਜ਼: ਡਾ. ਜਗਦੀਪ ਸਿੰਘ
ਪਟਿਆਲਾ, 3 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵੱਲੋਂ ਮਾਨਸਿਕ ਸਿਹਤ ਸਬੰਧੀ ਸੇਵਾਵਾਂ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਕਰਦਿਆਂ ਸਥਾਪਿਤ ਕੀਤੇ ਗਏ 'ਔਨਲਾਈਨ ਅਤੇ ਟੈਲੀਫੋਨਿਕ ਕੌਂਸਲਿੰਗ ਟ੍ਰੇਨਿੰਗ ਸੈੱਲ' (ਓ.ਟੀ.ਸੀ.ਟੀ.ਸੀ.) ਦਾ ਉਦਘਾਟਨ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤਾ ਗਿਆ। ਇਸ ਉਪਰਾਲੇ ਨਾਲ਼ ਪੰਜਾਬੀ ਯੂਨੀਵਰਸਿਟੀ ਮਾਨਸਿਕ ਸਿਹਤ ਦੇ ਖੇਤਰ ਵਿੱਚ ਬਕਾਇਦਗੀ ਸਹਿਤ 'ਉੱਦਮਤਾ ਸਿਖਲਾਈ' ਸ਼ੁਰੂ ਕਰਨ ਵਾਲ਼ੀ ਭਾਰਤ ਦੀ ਪਹਿਲੀ ਸੰਸਥਾ ਬਣ ਗਈ ਹੈ। ਯੂਨੀਵਰਸਿਟੀ ਦੇ 'ਐਂਟਰਪ੍ਰੀਨਿਓਰਸਿ਼ਪ, ਇਨੋਵੇਸ਼ਨ ਐਂਡ ਕਰੀਅਰ ਹੱਬ' (ਈ.ਆਈ.ਸੀ.ਐੱਚ.) ਦੇ ਸਹਿਯੋਗ ਨਾਲ਼ ਸਥਾਪਿਤ ਇਸ ਸੈੱਲ ਦੇ ਰਸਮੀ ਉਦਘਾਟਨ ਉਪਰੰਤ ਇੱਕ ਵਿਸ਼ੇਸ਼ ਵਰਕਸ਼ਾਪ ਕਰਵਾਈ ਗਈ, ਜਿਸ ਵਿੱਚ ਮਾਹਿਰਾਂ ਨੇ ਵਰਚੁਅਲ ਕੌਂਸਲਿੰਗ ਅਤੇ ਮਨੋਵਿਗਿਆਨਕ ਉੱਦਮਤਾ (ਐਂਟਰਪ੍ਰੀਨਿਉਰਸਿ਼ਪ) ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿੱਚ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਖਾਸ ਤੌਰ ਉੱਤੇ ਸਾਡੇ ਨੌਜਵਾਨ ਬਹੁਤ ਸਾਰੀਆਂ ਮਾਨਸਿਕ ਗੁੰਝਲ਼ਾਂ ਦਾ ਸਿ਼ਕਾਰ ਹੋ ਰਹੇ ਹਨ। ਅਜਿਹੀ ਸਥਿਤੀ ਵਿੱਚ ਅਦਾਰਿਆਂ ਦਾ ਫ਼ਰਜ਼ ਹੈ ਕਿ ਉਹ ਮਾਨਸਿਕ ਤੰਦਰੁਸਤੀ ਨਾਲ਼ ਜੁੜੀਆਂ ਸੇਵਾਵਾਂ ਦੇ ਮਾਮਲੇ ਵਿੱਚ ਅੱਗੇ ਆਉਣ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਇਸ ਕਦਮ ਰਾਹੀਂ ਇਹੀ ਫਰਜ਼ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਸਾਡੇ ਦੇਸ ਦਾ ਸਰਮਾਇਆ ਹਨ। ਇਸ ਸਰਮਾਏ ਨੂੰ ਸਾਂਭ ਕੇ ਰੱਖਣਾ ਸਾਡਾ ਫਰਜ਼ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਨੌਜਵਾਨਾਂ ਨੂੰ ਮਾਨਸਿਕ ਤੌਰ ਉੱਤੇ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈੱਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਨਾਲ਼ ਸਬੰਧਤ ਸਟਾਰਟ-ਅੱਪਸ, ਡਿਜੀਟਲ ਕੌਂਸਲਿੰਗ ਪਲੇਟਫਾਰਮ ਅਤੇ ਸੁਤੰਤਰ ਕੌਂਸਲਿੰਗ ਅਭਿਆਸ ਸ਼ੁਰੂ ਕਰਨ ਦੇ ਯੋਗ ਬਣਾਉਣਾ ਹੈ।
ਪੀ.ਜੀ.ਆਈ.ਐੱਮ.ਈ.ਆਰ.ਚੰਡੀਗੜ੍ਹ ਦੇ ਮਨੋਚਿਕਿਤਸਾ ਵਿਭਾਗ ਤੋਂ ਡਾ. ਰਾਹੁਲ ਚੱਕਰਵਰਤੀ ਅਤੇ ਡਾ. ਰਾਜ ਲਕਸ਼ਮੀ ਵੱਲੋਂ ਇਸ ਵਰਕਸ਼ਾਪ ਦੌਰਾਨ 'ਟੈਲੀ-ਮਾਨਸ' ਪ੍ਰੋਜੈਕਟ ਅਤੇ ਐਮਰਜੈਂਸੀ ਕਾਲਜ਼ ਨਾਲ਼ ਨਜਿੱਠਣ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ। ਉਨ੍ਹਾਂ ਇਸ ਖੇਤਰ ਨਾਲ਼ ਸਬੰਧਤ ਆਪਣੇ ਰੋਜ਼ਾਨਾ ਦੇ ਡਾਕਟਰੀ ਅਨੁਭਵ ਸਾਂਝੇ ਕਰਦਿਆਂ ਵੱਖ-ਵੱਖ ਨੁਕਤੇ ਸਾਂਝੇ ਕੀਤੇ।
ਕੌਂਸਲਿੰਗ ਮਨੋਵਿਗਿਆਨੀ ਡਾ. ਹਰਸ਼ਮੀਤ ਕੌਰ ਨੇ ਔਨਲਾਈਨ ਸੇਵਾਵਾਂ ਦੇ ਖੇਤਰ ਵਿੱਚ ਵਿੱਚ ਨੈਤਿਕਤਾ, ਕਾਨੂੰਨੀ ਢਾਂਚੇ ਅਤੇ ਪੇਸ਼ੇਵਰ ਜਵਾਬਦੇਹੀ ਦੇ ਹਵਾਲੇ ਨਾਲ਼ ਆਪਣੀ ਗੱਲ ਰੱਖੀ।
ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ ਤੋਂ ਪ੍ਰੋ. ਰੋਹਿਤ ਗਰਗ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ।
ਈ.ਆਈ.ਸੀ.ਐੱਚ. ਦੇ ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।
ਵਰਕਸ਼ਾਪ ਦੇ ਦੂਜੇ ਸੈਸ਼ਨ ਦੌਰਾਨ ਮਨੋਵਿਗਿਆਨ ਖੇਤਰ ਦੇ ਨੌਜਵਾਨ ਖੋਜਾਰਥੀ ਹਰਸਿ਼ਤ ਕਟੋਚ, ਰਾਧਾ ਅਤੇ ਸ਼ੈਰਨ ਰਤਨ ਨੇ ਏ.ਆਈ. ਅਧਾਰਿਤ ਮਾਨਸਿਕ ਸਿਹਤ ਚੈਟਬੋਟਸ, ਸੁਰੱਖਿਆ ਪ੍ਰੋਟੋਕੋਲ ਅਤੇ ਨੈਤਿਕ ਮਿਆਰਾਂ ਬਾਰੇ ਚਰਚਾ ਕੀਤੀ।
ਮਨੋਵਿਗਿਆਨ ਵਿਭਾਗ ਦੇ ਮੁਖੀ ਅਤੇ ਓ.ਟੀ.ਸੀ.ਟੀ.ਸੀ. ਦੇ ਨੋਡਲ ਅਫ਼ਸਰ ਪ੍ਰੋ. ਦਮਨਜੀਤ ਸੰਧੂ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਦੱਸਿਆ ਕਿ ਇਸ ਸੈੱਲ ਦਾ ਟੀਚਾ ਭਵਿੱਖ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਚੌਵੀ ਘੰਟੇ ਲਈ ਮਾਨਸਿਕ ਸਿਹਤ ਹੈਲਪਲਾਈਨ ਸੇਵਾ ਸ਼ੁਰੂ ਕਰਨਾ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਖੋਜਾਰਥੀ ਅਤੇ ਅਧਿਆਪਕ ਹਾਜ਼ਰ ਰਹੇ।