ਪੁਲਿਸ ਦਾ ਕ੍ਰਿਸ਼ਮਾ: PM ਮੋਦੀ ਦੀ ਸੁਰੱਖਿਆ ਕੋਤਾਹੀ ’ਚ 4 ਸਾਲ ਪਿੱਛੋਂ ਵੀ ਨਾ ਪੇਸ਼ ਹੋਇਆ ਚਲਾਨ
ਅਸ਼ੋਕ ਵਰਮਾ
ਬਠਿੰਡਾ, 5 ਜਨਵਰੀ 2026: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 5 ਜਨਵਰੀ 2022 ਨੂੰ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਕੋਤਾਹੀ ਮਾਮਲੇ ’ਚ 4 ਸਾਲ ਬਾਅਦ ਵੀ ਪੁਲਿਸ ਚਲਾਨ ਨਹੀਂ ਪੇਸ਼ ਕਰ ਸਕੀ ਹੈ। ਹਾਲਾਂਕਿ ਅਧਿਕਾਰੀਆਂ ਦੀ ਦਲੀਲ ਹੈ ਕਿ ਡੂੰਘਾਈ ਨਾਲ ਜਾਂਚ ਚੱਲਦੀ ਹੋਣ ਕਾਰਨ ਅਦਾਲਤ ’ਚ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ ਹੈ ਪਰ ਇਸ ਮਾਮਲੇ ਨਾਲ ਪੁਲਿਸ ਦੇ ਸੀਨੀਅਰ ਅਫਸਰਾਂ ਦਾ ਨਾਮ ਜੁੜਿਆ ਹੋਣ ਕਾਰਨ ਇਸ ਦੇਰੀ ਨੂੰ ਅਧਿਕਾਰੀਆਂ ਤੇ ਮਿਹਰਬਾਨੀ ਨਾਲ ਜੋੜਕੇ ਦੇਖਣ ਦੀ ਚੁੰਝ ਚਰਚਾ ਵੀ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਪੀਜੀਆਈ ਸੈਟਲਾਈਟ ਕੇਂਦਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਸ ਦੇ ਨਾਲ ਹੀ ਭਾਰਤੀ ਜੰਤਾ ਪਾਰਟੀ ਵੱਲੋਂ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨ ਦਾ ਪ੍ਰੋਗਰਾਮ ਸੀ। ਇਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਠਿੰਡਾ ਹਵਾਈ ਅੱਡੇ ਤੇ ਪੁੱਜੇ ਸਨ।
ਅਚਾਨਕ ਮੌਸਮ ’ਚ ਆਈ ਤਬਦੀਲੀ ਕਾਰਨ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਸੜਕੀ ਰਸਤੇ ਰਾਹੀਂ ਲਿਜਾਣ ਦਾ ਪ੍ਰੋਗਰਾਮ ਬਣ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਸੜਕ ਰਾਹੀਂ ਫਿਰੋਜ਼ਪੁਰ ਵੱਲ ਆ ਰਹੇ ਸਨ ਤਾਂ ਰੈਲੀ ਪੰਡਾਲ ਤੋਂ ਕਰੀਬ 7 ਕਿੱਲੋਮੀਟਰ ਪਿੱਛੇ ਪਿੰਡ ਪਿਆਰੇਆਣਾ ਕੋਲ ਕਿਸਾਨਾਂ ਦੇ ਧਰਨੇ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ 15 ਮਿੰਟ ਤੱਕ ਫਲਾਈ ਓਵਰ ਤੇ ਫਸਿਆ ਰਿਹਾ ਸੀ। ਇਸ ਤੋਂ ਬਾਅਦ ਅੱਗੇ ਜਾਣ ਦੀ ਬਜਾਏ ਪ੍ਰਧਾਨ ਮੰਤਰੀ ਵਾਪਿਸ ਪਰਤ ਗਏ ਸਨ। ਬਠਿੰਡਾ ਤੋਂ ਦਿੱਲੀ ਜਾਣ ਮੌਕੇ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੂੰ ਕਿਹਾ ਸੀ ਕਿ ਆਪਣੇ ਮੁੱਖ ਮੰਤਰੀ ਨੂੰ ਕਹਿਣਾ ਮੈਂ ਜਿਉਂਦਾ ਮੁੜ ਗਿਆ ਹਾਂ। ਵਿਸ਼ੇਸ਼ ਤੱਥ ਹੈ ਕਿ ਉਦੋਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਸੀ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਨ ਅਤੇ ਪ੍ਰਧਾਨ ਮੰਤਰੀ ਨੇ ਇਸ ਤਰਾਂ ਦੇ ਸ਼ਬਦਾਂ ਰਾਹੀਂ ਇੱਕ ਤਰਾਂ ਨਾਲ ਮੁੱਖ ਮੰਤਰੀ ਚੰਨੀ ਤੇ ਤੰਜ਼ ਕਸਿਆ ਸੀ।
ਪਿੰਡ ਪਿਆਰੇਆਣਾ ਪੁਲ ਤੇ ਪ੍ਰਧਾਨ ਮੰਤਰੀ ਦੇ ਕਾਫਲੇ ’ਚ ਵਿਘਨ ਪਾਉਣ ਦੇ ਮਾਮਲੇ ’ਚ ਪੁਲਿਸ ਨੇ ਤਕਰੀਬਨ 150 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਚ ਪੱਧਰੀ ਜਾਂਚ ਲਈ ਐਸਆਈਟੀ ਬਣਾਈ ਸੀ ਜਿਸ ਕਰਕੇ ਦਰਜ ਧਾਰਾਵਾਂ ’ਚ ਵਾਧਾ ਕਰਕੇ ਧਾਰਾ 307, 353,186,149,341 ਤੋਂ ਇਲਾਵਾ 8 ਨੈਸ਼ਨਲ ਹਾਈਵੇਅ ਐਕਟ ਵਰਗੀਆਂ ਸਖਤ ਧਾਰਾ ਦਾ ਵਾਧਾ ਕੀਤਾ ਗਿਆ ਸੀ। ਇਹੋ ਹੀ ਨਹੀਂ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਮਾਮਲੇ ਦੀ ਪੜਤਾਲ ਲਈ ਬਣਾਈ ਕਮੇਟੀ ਦੀ ਰਿਪੋਰਟ ਦੇ ਅਧਾਰ ਤੇ ਸਾਲ 2023 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਕਾਫਲੇ ਦੇ ਰਾਹ ਵਿੱਚ ਫਸਣ ਦੇ ਮਾਮਲੇ ਨੂੰ ਸੁਰੱਖਿਆ ਕੋਤਾਹੀ ਮੰਨਦਿਆਂ ਐਸ ਪੀ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਦੋਂ ਇਹ ਘਟਨਾ ਵਾਪਰੀ ਉਸ ਵਕਤ ਗੁਰਵਿੰਦਰ ਸਿੰਘ ਸੰਘਾ ਫਿਰੋਜ਼ਪੁਰ ’ਚ ਐਸਪੀ ਓਪਰੇਸ਼ਨ ਸਨ ਅਤੇ ਰੂਟ ਡਿਊਟੀ ਤੇ ਤਾਇਨਾਤ ਸਨ।
ਦੱਸਣਯੋਗ ਹੈ ਕਿ ਜਿਸ ਸੜਕੀ ਰੂਟ ਰਾਹੀਂ ਪ੍ਰਧਾਨ ਮੰਤਰੀ ਨੇ ਲੰਘਣਾ ਹੁੰਦਾ ਹੈ ਉਸ ਨੂੰ ਪੂਰੀ ਤਰਾਂ ਖਾਲੀ ਰੱਖਣ ਦੀ ਜਿੰਮੇਵਾਰੀ ਪੁਲਿਸ ਦੀ ਹੁੰਦੀ ਹੈ ਜੋ ਡਿਊਟੀ ਨਿਭਾਉਣ ’ਚ ਫੇਲ੍ਹ ਰਹੀ ਸੀ। ਪ੍ਰਧਾਨ ਮੰਤਰੀ ਸੁਰੱਖਿਆ ਕੋਤਾਹੀ ਮਾਮਲੇ ’ਚ ਐਸਪੀ ਸੰਘਾ ਤੋਂ ਬਿਨਾਂ ਡੀਐਸਪੀ ਪ੍ਰਸੋਨ ਸਿੰਘ, ਡੀਐਸਪੀ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ, ਇੰਸਪੈਕਟਰ ਬਲਵਿੰਦਰ ਸਿੰਘ, ਇੰਸਪੈਕਟਰ ਜਸਵੰਤ ਸਿੰਘ ਅਤੇ ਏਐਸਆਈ ਰਕੇਸ਼ ਕੁਮਾਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਅੱਗਿਓਂ ਇੰਨ੍ਹਾਂ ਅਧਿਕਾਰੀਆਂ ਦੇ ਮਸਲਿਆਂ ਦਾ ਕੀ ਬਣਿਆ ਇਸ ਬਾਰੇ ਤਾਂ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ ਪਰ ਪੁਲਿਸ ਹਾਲ ਦੀ ਘੜੀ ਇਹ ਮਾਮਲਾ ਅਦਾਲਤ ਤੱਕ ਨਹੀਂ ਲਿਜਾ ਸਕੀ ਹੈ। ਇਸ ਤੋਂ ਇਲਾਵਾ ਤੱਤਕਾਲੀ ਐਸਐਸਪੀ ਹਰਮਨਦੀਪ ਹੰਸ ਸਮੇਤ ਕਈ ਅਧਿਕਾਰੀਆਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਸਨ। ਡੀਐਸਪੀ ਕਰਨ ਸ਼ਰਮਾ ਦਾ ਕਹਿਣਾ ਸੀ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣ ਕਾਰਨ ਚਲਾਨ ਨਹੀਂ ਪੇਸ਼ ਕੀਤਾ ਗਿਆ ਹੈ।