ਨੰਨੇ ਵਿਦਿਆਰਥੀਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਅਧਿਆਪਕਾਂ ਨੇ ਆਖਿਆ ਜੀ ਆਇਆਂ ਨੂੰ
ਅਸ਼ੋਕ ਵਰਮਾ
ਗੋਨਿਆਣਾ, 9 ਅਪ੍ਰੈਲ 2025: ਸਮਾਰਟ ਸਕੂਲ ਕੋਠੇ ਇੰਦਰ ਸਿੰਘ ਵਾਲੇ ਵਿਖੇ ਨਵੇਂ ਸੈਸ਼ਨ ਦਾ ਹਿੱਸਾ ਬਣੇ ਨਵੇਂ ਵਿਦਿਆਰਥੀਆਂ ਨੂੰ ਹਰ ਸਾਲ ਦੀ ਤਰ੍ਹਾਂ ਗੁਲਾਬੀ ਗੁਲਾਬ ਦੇ ਫੁੱਲ ਦੇ ਕੇ ਉਨ੍ਹਾਂ ਨੂੰ ਜੀ ਆਇਆ ਆਖਦਿਆਂ ਸਕੂਲ ਸਟਾਫ਼ ਵੱਲੋਂ ਨੰਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ।ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਵੀ ਕਤਾਰਾਂ ਵਿੱਚ ਖੜੇ ਹੋ ਕੇ ਨਵੇਂ ਵਿਦਿਆਰਥੀਆਂ ਦਾ ਤਾੜੀਆਂ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਸਕੂਲ ਮੁਖੀ ਝੰਡਾ ਸਿੰਘ ਨੇ ਆਪਣੇ ਸਟਾਫ਼ ਸਮੇਤ ਖੜੇ ਹੋ ਕੇ ਨਵੇਂ ਵਿਦਿਆਰਥੀਆਂ ਨਾਲ ਹੱਥ ਮਿਲਾਏ ਅਤੇ ਉਨ੍ਹਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਜੀ ਆਇਆ ਆਖਦਿਆਂ ਉਨ੍ਹਾਂ ਦਾ ਮੂੰਹ ਵੀ ਮਿੱਠਾ ਕਰਵਾਇਆ ।
ਇਸ ਮੌਕੇ ਸਕੂਲ ਅਧਿਆਪਕਾ ਸੁਮਨ ਲਤਾ, ਅਧਿਆਪਕਾ ਬਬੀਤਾ ਰਾਣੀ, ਅਰਵਿੰਦਰ ਕੁਮਾਰ ਅਤੇ ਵਿਪਨ ਕੁਮਾਰ ਨੇ ਵੀ ਵਿਦਿਆਰਥੀਆਂ ਨੂੰ ਗੁਲਾਬ ਦਿੰਦਿਆਂ ਸਕੂਲ ਦੇ ਪਹਿਲੇ ਦਿਨ ਦੀ ਮੁਬਾਰਕਬਾਦ ਸਾਂਝੀ ਕੀਤੀ।ਇਸ ਸਕੂਲ ਦੇ ਕੌਮੀ ਅਵਾਰਡ ਜੇਤੂ ਅਧਿਆਪਕ ਰਾਿੰਜੰਦਰ ਸਿੰਘ ਨੇ ਦੱਸਿਆ ਕਿ ਸਕੂਲ ਸਟਾਫ਼ ਵੱਲੋਂ ਹਰ ਸਾਲ ਦੀ ਤਰ੍ਹਾਂ ਨਿਭਾਈ ਜਾਂਦੀ ਇਸ ਛੋਟੀ ਜਿਹੀ ਰਸਮ ਨਾਲ ਜਿੱਥੇ ਨਰਸਰੀ ਦੇ ਨੰਨੇ ਵਿਦਿਆਰਥੀਆਂ ਦੇ ਸਕੂਲ ਅੰਦਰ ਪਹਿਲੇ ਦਿਨ ਨੂੰ ਯਾਦਗਾਰੀ ਅਤੇ ਮਨੋਰੰਜਨਦਾਇਕ ਬਣਾਉਣ ਦੇ ਯਤਨ ਕੀਤੇ ਜਾਂਦੇ ਹਨ ਉੱਥੇ ਹੀ ਅਧਿਆਪਕਾਂ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਪੈਦਾ ਕਰਨ ਵਿੱਚ ਵੀ ਆਸਾਨੀ ਹੁੰਦੀ ਹੈ, ਜੋ ਕਿ ਅੱਗੇ ਜਾ ਕਿ ਅਧਿਆਪਕ ਵਿਦਿਆਰਥੀ ਨੇੜਤਾ ਪੈਦਾ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਵੀ ਮਦਦਗਾਰ ਸਾਬਿਤ ਹੁੰਦਾ ਹੈ।