ਨੁਸ਼ਹਿਰਾ ਪੰਨੂਆਂ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ
ਤਰਨ ਤਾਰਨ, 18 ਅਪ੍ਰੈਲ (ਬਲਜੀਤ ਸਿੰਘ ) : ਤਰਨ ਤਾਰਨ ਜ਼ਿਲ੍ਹੇ ਦੇ ਨੁਸ਼ਹਿਰਾ ਪੰਨੂਆਂ ਇਲਾਕੇ 'ਚ ਅੱਜ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮੁਕਾਬਲੇ ਦੌਰਾਨ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ, ਜਵੰਦਾ ਰੋਡ 'ਤੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਦੌਰਾਨ ਮਹਿਕਪ੍ਰੀਤ ਸਿੰਘ ਅਤੇ ਯੁਵਰਾਜ ਸਿੰਘ, ਜੋ ਕਿ ਜੈਸਲ ਚੰਬਲ ਅਤੇ ਸੱਤਾ ਨੁਸ਼ਹਿਰਾ ਗਰੁੱਪ ਨਾਲ ਸੰਬੰਧਤ ਦੱਸੇ ਜਾ ਰਹੇ ਹਨ, ਵੱਲੋਂ ਪੁਲਿਸ 'ਤੇ ਗੋਲੀਆਂ ਚਲਾਈਆਂ ਗਈਆਂ।
ਜਵਾਬੀ ਕਾਰਵਾਈ 'ਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਦੋਵੇਂ ਗੈਂਗਸਟਰ ਜਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਕੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਮੁਠਭੇੜ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਗੈਂਗਸਟਰਾਂ 'ਤੇ ਪਹਿਲਾਂ ਤੋਂ ਹੀ ਗੰਭੀਰ ਇਲਜ਼ਾਮ ਹਨ, ਜਿਨ੍ਹਾਂ ਵਿੱਚ ਫਰੌਤੀ, ਲੁੱਟ ਅਤੇ ਹਥਿਆਰ ਰੱਖਣ ਸਮੇਤ ਕਈ ਅਪਰਾਧ ਸ਼ਾਮਲ ਹਨ।