ਨਗਰ ਨਿਗਮ ਚੋਣਾਂ ਬਾਰੇ ਚਰਚਾ ਮੌਕੇ ਇਨਕਲਾਬੀ ਕੇਂਦਰ ਵੱਲੋਂ ਮੌਜੂਦਾ ਸਿਆਸੀ ਪ੍ਰਬੰਧ ਬਦਲਣ ਦਾ ਸੱਦਾ
ਅਸ਼ੋਕ ਵਰਮਾ
ਬਰਨਾਲਾ, 19 ਮਈ 2026: ਨਗਰ ਨਿਗਮ ਦੀਆਂ ਚੋਣਾਂ ਦੇ ਮਘੇ ਭਖੇ ਅਖਾੜੇ ਸਮੇਂ ਇਨਕਲਾਬੀ ਕੇਂਦਰ ਵੱਲੋਂ 'ਨਗਰ ਨਿਗਮ ਦੀਆਂ ਚੋਣਾਂ 'ਚ ਸੋਚੋ, ਵਿਚਾਰ ਕਰੋ' ਸਬੰਧੀ ਠੋਸ ਵਿਚਾਰ ਚਰਚਾ ਡਾ ਰਜਿੰਦਰ ਪਾਲ ਦੀ ਅਗਵਾਈ ਹੇਠ ਕੀਤੀ ਗਈ। ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਚੋਣ ਪ੍ਰਬੰਧ ਦੇ ਇਤਿਹਾਸ ਪੱਖ ਤੋਂ ਜਾਣੂ ਕਰਵਾਇਆ। ਉਨ੍ਹਾਂ ਠੋਸ ਹਾਲਤਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਸਥਾਨਕ ਪ੍ਰਬੰਧਾਂ ਲਈ ਵੱਖ ਵੱਖ ਵਾਰਡਾਂ 'ਚ ਅਪਣੇ ਨੁਮਾਇੰਦੇ ਚੁਣਨ ਲਈ ਰੰਗ ਬਿਰੰਗੇ ਉਮੀਦਵਾਰਾਂ ਨੇ ਸ਼ਹਿਰੀ ਲੋਕਾਂ ਦੀਆਂ ਦੇਹਲੀਆਂ ਨੀਵੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਉਮੀਦਵਾਰਾਂ ਦੇ ਪਿਓ-ਪੁੱਤ, ਪਤੀ-ਪਤਨੀ, ਪੁੱਤ-ਨੂੰਹ, ਧੀ-ਜਵਾਈ ਗੱਲ ਕੀ ਸਮੁੱਚਾ ਕੋੜਮਾ ਇਸ ਸਤਾ ਦੀ ਪੌੜੀ ਚੜ੍ਹਨ ਲਈ ਪੱਬਾਂ ਭਾਰ ਹੋਇਆ ਹੈ।
ਉਹਨਾਂ ਕਿਹਾ ਕਿ ਇਨ੍ਹਾਂ ਨੂੰ ਆਮ ਸਮਿਆਂ 'ਚ ਸ਼ਹਿਰੀ ਲੋਕਾਂ ਦੇ ਘਰਾਂ 'ਚ ਆਉਣ ਦੀ ਵਿਹਲ ਨਹੀਂ ਮਿਲਦੀ। ਸ਼ਹਿਰਾਂ ਦੀਆਂ ਗ਼ਰੀਬ ਬਸਤੀਆਂ ਵਿੱਚੋਂ ਤਾਂ ਬੋਅ ਮਾਰਦੀ ਹੈ। ਗੰਦਗੀ ਦੀ ਬਦਬੂ ਮਾਰਦੀਆਂ ਤੰਗ ਬਸਤੀਆਂ ਵਿੱਚੋਂ ਤਾਂ ਇਹ ਭੱਦਰ ਪੁਰਸ਼ ਲੰਘਣ ਵੇਲੇ ਨੱਕ ਨੂੰ ਰੁਮਾਲ ਢਕ ਕੇ ਲੰਘਦੇ ਹਨ। ਕਾਂਗਰਸ, ਅਕਾਲੀ, ਆਪ, ਭਾਜਪਾ ਅਤੇ ਵੱਡੀ ਗਿਣਤੀ ਵਿੱਚ ਆਜ਼ਾਦ ਉਮੀਦਵਾਰਾਂ ਨੇ ਇੱਕ ਦੂਜੇ ਤੋਂ ਵੱਧ ਕੇ ਲਾਰਿਆਂ, ਵਾਅਦਿਆਂ ਦੇ ਟਰੱਕ ਭਰ ਭਰ ਤੁਹਾਡੇ ਮੂਹਰੇ ਢੇਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਵੱਡੀ ਪੱਧਰ 'ਤੇ ਸ਼ਹਿਰਾਂ ਦੀ ਹਾਲਤ ਇਹ ਹੈ ਕਿ ਕੂੜੇ ਦੇ ਹਰ ਸ਼ਹਿਰ ਵਿੱਚ ਕੂੜੇ ਦੇ ਪਹਾੜ ਖੜ੍ਹੇ ਹਨ। ਥੋੜੇ ਜਿਹੇ ਮੀਂਹ ਦੇ ਪਾਣੀ ਨਾਲ ਗਲੀਆਂ/ਸੜਕਾਂ ਝੀਲਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਬਹੁਤੇ ਸ਼ਹਿਰਾਂ ਕਸਬਿਆਂ 'ਚ ਸੜਕਾਂ ਟੁੱਟੀਆਂ ਸੜਕਾਂ, ਗਲੀਆਂ, ਨੰਗੇ ਮੇਨ ਹੋਲ, ਸ਼ਹਿਰੀ ਜਾਇਦਾਦਾਂ ਅਤੇ ਸੜਕਾਂ ਤੇ ਨਜ਼ਾਇਜ਼ ਕਬਜ਼ੇ, ਟੁੱਟੀਆਂ, ਬੰਦ ਪਈਆਂ ਸਟਰੀਟ ਲਾਈਟਾਂ, ਸੜਕਾਂ ਦੇ ਕੰਢਿਆਂ ਤੇ ਪਏ ਆਵਾਰਾ ਮਲਬੇ ਦੇ ਢੇਰ, ਦੋਹਾਂ ਪਾਸਿਆਂ ਤੇ ਉੱਗਿਆ ਜੰਗਲ ਸ਼ਹਿਰੀ ਲੋਕਾਂ ਦਾ ਮੂੰਹ ਚਿੜਾਉਂਦਾ ਹੈ।
ਉਹਨਾਂ ਕਿਹਾ ਕਿ ਕਲੋਨੀਆਂ/ਬਸਤੀਆਂ 'ਚ ਫਿਰਦੀਆਂ ਅਵਾਰਾ ਕੁੱਤਿਆਂ ਤੇ ਪਸ਼ੂਆਂ ਦੀਆਂ ਹੇੜਾਂ ਸਾਡੀ ਜਾਨ ਦਾ ਖੌਅ ਬਣੀਆਂ ਹੋਈਆਂ ਹਨ। ਵਿਚਾਰ ਚਰਚਾ ਵਿੱਚ ਭਾਗ ਲੈਂਦਿਆਂ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਜਸਪਾਲ ਚੀਮਾ, ਜਗਰਾਜ ਹਰਦਾਸਪੁਰਾ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਗੁਰਜੰਟ ਸਿੰਘ ਹਮੀਦੀ, ਬਿੱਕਰ ਸਿੰਘ ਔਲਖ, ਮਿਲਖਾ ਸਿੰਘ, ਬਲਦੇਵ ਮੰਡੇਰ ਨੇ ਕਿਹਾ ਕਿ ਜਿੱਥੇ ਹੀ ਆਪਾਂ ਲੜੇ, ਸੰਘਰਸ਼ ਕੀਤਾ ਤਾਂ ਸਰਕਾਰੀ ਹਸਪਤਾਲ ਬਚਾਏ, ਰੇਲਵੇ ਅੰਡਰ/ਓਵਰ ਬ੍ਰਿਜ ਬਨਾਉਣ ਲਈ ਮਜ਼ਬੂਰ ਕੀਤਾ। ਮੀਹਾਂ 'ਚ ਪਾਣੀ ਦਾ ਸਮੁੰਦਰ, ਖੁੱਲੇ ਗੰਦੇ ਨਾਲੇ/ਟੋਭੇ, ਗਲੀਆਂ 'ਚ ਬਦਬੂ ਮਾਰਦਾ ਓਵਰਫਲੋਅ ਪਾਣੀ, ਖੰਡਰ ਬਣ ਗਏ ਦਿਨੇ ਹੀ ਜ਼ਿੰਦਰੇ ਲੱਗੇ ਪਿਸ਼ਾਬ ਘਰ। ਨਜ਼ਾਇਜ਼ ਕਬਜ਼ਿਆਂ ਦੀ ਅਮੀਰਜ਼ਾਦਿਆਂ ਅਤੇ ਸਿਆਸਤਦਾਨਾਂ ਦੀ ਸ਼ਹਿ ਪ੍ਰਾਪਤ ਲੋਕਾਂ ਵੱਲੋਂ ਭਰਮਾਰ ਹੈ। ਸ਼ਹਿਰ 'ਚ ਰੇੜੀ-ਫੜੀ ਲਾਕੇ ਆਪਣੇ ਪ੍ਰੀਵਾਰ ਦਾ ਢਿੱਡ ਮਸਾਂ ਹੀ ਪਾਲਣ ਵਾਲਿਆਂ ਨੂੰ ਉਜਾੜਨ ਦੀਆਂ ਰੋਜ਼ ਬਣਦੀਆਂ ਤਰਕੀਬਾਂ ਬਣਦੀਆਂ ਹਨ। ਰੇੜੀ ਫੜੀ ਵਾਲੇ ਪ੍ਰਵਾਸੀ ਭਰਾਵਾਂ ਖਿਲਾਫ਼ ਫ਼ਿਰਕੂ ਜ਼ਹਿਰ ਦੇ ਬੀਜ ਬੀਜਣ ਦੀ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਸ਼ਹਿਰੀ ਮੱਧ ਵਰਗੀ ਅਤੇ ਛੋਟੇ ਕਾਰੋਬਾਰੀਆਂ ਦੀ ਆਰਥਿਕ ਹਾਲਤ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲੋਂ ਕੋਈ ਵੱਖਰੀ ਨਹੀਂ। ਹਰ ਸ਼ਹਿਰ/ਕਸਬੇ ਵਿੱਚ ਖੁੱਲ ਰਹੇ ਮਾਲ ਛੋਟੋ ਹਰ ਸਾਲ ਹਜ਼ਾਰਾਂ ਛੋਟੇ ਦੁਕਾਨਦਾਰਾਂ ਦਾ ਉਜਾੜਾ ਕਰ ਰਹੇ ਹਨ।
ਆਗੂਆਂ ਕਿਹਾ ਕਿ ਉੱਪਰ ਤੋਂ ਹੇਠਾਂ ਤੱਕ ਚੋਣਾਂ ਦੀ ਸਿਆਸਤ ਕਿਉਂਕਿ ਧੰਦਾ ਬਣ ਚੁੱਕੀ ਹੈ, ਮਿਉਂਸਪਲ ਚੋਣਾਂ ਤੋਂ ਲੈਕੇ ਦਿੱਲੀ ਤੱਕ ਦਲਬਦਲੀਆਂ ਆਮ ਵਰਤਾਰਾ ਬਣ ਚੁੱਕਾ ਹੈ। ਦੇਸ਼ ਦਾ ਪ੍ਰਬੰਧ, ਸੂਬੇ ਦਾ ਪ੍ਰਬੰਧ ਅਤੇ ਸ਼ਹਿਰ/ਕਸਬੇ ਦਾ ਪ੍ਰਬੰਧ ਇੱਕੋ ਲੜੀ ਦੇ ਹਿੱਸੇ ਹਨ। ਵੋਟਾਂ ਵਿਕਾਸ ਦੇ ਨਾਂ ਤੇ ਨਹੀਂ ਮੰਗੀਆਂ ਜਾਣੀਆਂ ਕਿਉਂਕਿ ਵਿਕਾਸ ਦੇ ਲਈ ਆਇਆ ਪੈਸਾ ਤਾਂ ਅਫ਼ਸਰਸ਼ਾਹੀ, ਠੇਕੇਦਾਰਾਂ ਅਤੇ ਇਨ੍ਹਾਂ ਕੌਂਸਲਰਾਂ ਦੀ ਜੇਬਾਂ ਵਿੱਚ ਚਲਾ ਗਿਆ ਹੈ। ਹੁਣ ਉਸੇ ਹੀ ਪੈਸੇ ਨਾਲ ਚੋਣਾਂ ਜਿੱਤਣ ਲਈ ਦਾਰੂ, ਸ਼ਰਾਬ, ਪੈਸੇ ਅਤੇ ਹੋਰ ਕਈ ਢੰਗਾਂ ਨਾਲ ਵੋਟਾਂ ਦੀ ਖ੍ਰੀਦੋ ਫਰੋਖਤ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਜਦੋਂ ਆਵਾ ਈ ਊਤਿਆ ਹੋਵੇ ਫਿਰ ਭਲੇ ਦੀ ਝਾਕ ਰੱਖਣਾ ਗ਼ਲਤਫਹਿਮੀ ਹੈ। ਅਸਲ 'ਚ ਇਸ ਘੁਣ ਖਾਧੇ ਰਾਜਨੀਤਕ ਪ੍ਰਬੰਧ ਨੂੰ ਮੁੱਢੋਂ ਸੁੱਢੋਂ ਬਦਲਣਾ ਹੀ ਸਾਡੇ ਸਾਰੇ ਦੁੱਖਾਂ ਦਾ ਪੱਕਾ ਹੱਲ ਹੈ। ਆਗੂਆਂ ਪਰਮਜੀਤ ਕੌਰ ਜੋਧਪੁਰ, ਅਮਰਜੀਤ ਕੌਰ, ਪਰਮਜੀਤ ਕੌਰ ਸ਼ਹਿਣਾ, ਨਰਿੰਦਰ ਪਾਲ ਸਿੰਗਲਾ, ਗੁਲਵੰਤ ਸਿੰਘ, ਸੁਸ਼ੀਲ ਕੁਮਾਰ ਆਦਿ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਇਨਕਲਾਬੀ ਕੇਂਦਰ ਪੰਜਾਬ ਵੱਲੋਂ 'ਨਗਰ ਨਿਗਮ ਦੀਆਂ ਚੋਣਾਂ 'ਚ ਸੋਚੋ, ਵਿਚਾਰ ਕਰੋ' ਨਾਂ ਹੇਠ ਜਾਰੀ ਕੀਤਾ ਲੀਫਲੈੱਟ ਵੰਡਿਆ ਜਾਵੇਗਾ।
- Download Babushahi App
-
-