ਕੇਂਦਰੀ ਯੂਨੀਵਰਸਿਟੀ ਵਿਦਿਆਰਥੀ-ਲਾਗੂ ਕਰੇਗੀ ਨਵੀਨਤਮ ‘ਵਿਦਿਆਰਥੀ ਸਹਿ-ਅਧਿਆਪਕ ਮਾਡਲ
ਅਸ਼ੋਕ ਵਰਮਾ
ਬਠਿੰਡਾ, 18 ਜੁਲਾਈ 2025: ਰਵਾਇਤੀ ਕਲਾਸਰੂਮ ਪ੍ਰਣਾਲੀ ਵਿੱਚ ਬਦਲਾਅ ਲਿਆਉਣ ਅਤੇ ਸਿੱਖਣ-ਸਿਖਾਉਣ ਦੀ ਪ੍ਰਕਿਰਿਆ ਵਿੱਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਵਧਾਉਣ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂ ਪੰਜਾਬ) ਨੇ ਮੌਜੂਦਾ ਅਕਾਦਮਿਕ ਸੈਸ਼ਨ ਤੋਂ ‘ਵਿਦਿਆਰਥੀ ਸਹਿ-ਅਧਿਆਪਕ ਮਾਡਲ’ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਨਤਮ ਅਭਿਆਸ ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰ ਪ੍ਰਧਾਨ ਦੇ ਮਾਰਗਦਰਸ਼ਨ ਅਤੇ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਦੂਰਦਰਸ਼ੀ ਅਗਵਾਈ ਹੇਠ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਮਾਡਲ ਦਾ ਮੁੱਖ ਉਦੇਸ਼ ਸਿਖਿਆਰਥੀ-ਕੇਂਦ੍ਰਿਤ ਵਿਦਿਅਕ ਵਾਤਾਵਰਣ ਬਣਾਉਣਾ ਹੈ, ਜੋ ਵਿਦਿਆਰਥੀਆਂ ਨੂੰ ਅਧਿਆਪਨ-ਸਿਖਲਾਈ ਪ੍ਰਕਿਰਿਆ ਵਿੱਚ ਸ਼ਾਮਲ ਕਰਕੇ ਉਹਨਾਂ ਵਿੱਚ ਉਤਸੁਕਤਾ, ਰਚਨਾਤਮਕਤਾ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦਾ ਹੈ।
ਭਾਰਤ ਵਿੱਚ ਲੰਬੇ ਸਮੇਂ ਤੋਂ "ਚਾਕ ਐਂਡ ਟਾਕ" ਵਿਧੀ 'ਤੇ ਅਧਾਰਤ ਇੱਕ ਸਿੱਖਿਆ ਪ੍ਰਣਾਲੀ ਰਹੀ ਹੈ, ਜਿਸ ਵਿੱਚ ਅਧਿਆਪਕ ਕਲਾਸਰੂਮ ਵਿੱਚ ਭਾਸ਼ਣ ਦਿੰਦਾ ਹੈ ਅਤੇ ਵਿਦਿਆਰਥੀ ਸਿਰਫ਼ ਸਰੋਤੇ ਦੀ ਭੂਮਿਕਾ ਨਿਭਾਉਂਦੇ ਹਨ। ਇਹ ਰਵਾਇਤੀ ਪ੍ਰਣਾਲੀ ਸੀਮਤ ਗੱਲਬਾਤ ਅਤੇ ਸੀਮਤ ਭਾਗੀਦਾਰੀ 'ਤੇ ਅਧਾਰਤ ਹੈ। ਇਸ ਸੰਦਰਭ ਵਿੱਚ ਸੀਯੂ ਪੰਜਾਬ ਦੁਆਰਾ ਲਾਗੂ ਕੀਤਾ ਜਾ ਰਿਹਾ 'ਵਿਦਿਆਰਥੀ ਸਹਿ-ਇੰਸਟਰੱਕਟਰ ਮਾਡਲ' ਇਨਕਲਾਬੀ ਤਬਦੀਲੀ ਲਿਆਉਣ ਵੱਲ ਇੱਕ ਯਤਨ ਹੈ।
ਇਸ ਮਾਡਲ ਹੇਠ ਹਰ ਕਲਾਸ ਵਿੱਚ ਇੱਕ ਵਿਦਿਆਰਥੀ ਨੂੰ ਸਹਿ-ਅਧਿਆਪਕ ਵਜੋਂ ਚੁਣਿਆ ਜਾਵੇਗਾ। ਮੁੱਖ ਅਧਿਆਪਕ ਵੱਲੋਂ ਇਸ 'ਵਿਦਿਆਰਥੀ ਸਹਿ-ਅਧਿਆਪਕ' ਨੂੰ ਪਹਿਲਾਂ ਤੋਂ ਇੱਕ ਵਿਸ਼ਾ ਦਿੱਤਾ ਜਾਵੇਗਾ, ਜਿਸ 'ਤੇ ਉਹ ਤਿਆਰੀ ਕਰੇਗਾ। ਕਲਾਸ ਦੀ ਸ਼ੁਰੂਆਤ ਵਿੱਚ ਉਹ ਵਿਦਿਆਰਥੀ ਸਹਿ-ਅਧਿਆਪਕ ਲਗਭਗ 20 ਮਿੰਟ ਦੀ ਪੇਸ਼ਕਾਰੀ ਦੇਵੇਗਾ। ਉਸਤੋਂ ਬਾਅਦ ਮੁੱਖ ਅਧਿਆਪਕ ਵਿਸ਼ੇ ਨੂੰ ਹੋਰ ਵਿਸਥਾਰ ਨਾਲ ਸਮਝਾਉਣਗੇ ਅਤੇ ਜਟਿਲ ਪੱਖਾਂ ਦੀ ਵਿਆਖਿਆ ਕਰਨਗੇ। ਆਖਰੀ 20 ਮਿੰਟਾਂ ਦੌਰਾਨ ਵਿਦਿਆਰਥੀ ਸਹਿ-ਅਧਿਆਪਕ ਦੀ ਅਗਵਾਈ ਹੇਠ ਸਮੂਹਿਕ-ਚਰਚਾ ਹੋਵੇਗੀ ਅਤੇ ਅਧਿਆਪਕ ਸਮੂਹਿਕ-ਚਰਚਾ ਸਤਰ ਨੂੰ ਆਪਣੀਆਂ ਟਿੱਪਣੀਆਂ ਨਾਲ ਸਮਾਪਤ ਕਰਨਗੇ।
ਇਸ ਮਾਡਲ ਬਾਰੇ ਜਾਣਕਾਰੀ ਦਿੰਦਿਆਂ, ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਕਿਹਾ ਕਿ ‘ਵਿਦਿਆਰਥੀ ਸਹਿ-ਇੰਸਟ੍ਰਕਟਰ ਮਾਡਲ’ ਵਿਦਿਆਰਥੀਆਂ ਵਿੱਚ ਜਿਗਿਆਸਾ, ਰਚਨਾਤਮਕਤਾ ਅਤੇ ਟੀਮ ਭਾਵਨਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਮਾਡਲ ਸਾਨੂੰ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦ੍ਰਿਸ਼ਟੀਕੋਣ ਅਨੁਸਾਰ ਇੱਕ ਸਿੱਖਿਆਰਥੀ-ਕੇਂਦ੍ਰਿਤ ਅਕਾਦਮਿਕ ਮਾਹੌਲ ਦੀ ਸਿਰਜਣਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰੇਗਾ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਪਹੁੰਚ ਨਾ ਸਿਰਫ਼ ਵਿਦਿਆਰਥੀਆਂ ਦੀ ਪਾਠਕ੍ਰਮਿਕ ਸ਼ਮੂਲੀਅਤ ਨੂੰ ਡੂੰਘਾ ਕਰਦੀ ਹੈ, ਸਗੋਂ ਜਨਤਕ ਭਾਸ਼ਣ, ਆਲੋਚਨਾਤਮਕ ਸੋਚ ਅਤੇ ਟੀਮ ਵਰਕ ਵਰਗੇ ਅਹਿਮ ਜੀਵਨ-ਹੁਨਰਾਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ, "ਇਹ ਮਾਡਲ ਅਧਿਆਪਕ ਦੀ ਭੂਮਿਕਾ ਨੂੰ ਗਿਆਨ ਦੇ ਪ੍ਰਸਾਰਕ ਤੋਂ ਇੱਕ ਮਾਰਗਦਰਸ਼ਕ ਅਤੇ ਸੁਵਿਧਾ-ਦਾਤਾ ਵਜੋਂ ਮੁੜ ਪਰਿਭਾਸ਼ਿਤ ਕਰਦਾ ਹੈ। ਪ੍ਰੋ. ਤਿਵਾਰੀ ਅਨੁਸਾਰ, ਇਹ ਮਾਡਲ, ਪੀਅਰ ਲਰਨਿੰਗ ਵਰਗੀਆਂ ਸਮਕਾਲੀ ਸਿੱਖਿਆ ਸ਼ਾਸਤਰੀ ਪ੍ਰਵਿਰਤੀਆਂ ਅਤੇ ਭਾਰਤ ਦੀ ਪ੍ਰਾਚੀਨ 'ਗੁਰੂ-ਸ਼ਿਸ਼ਯ' ਪਰੰਪਰਾਂ ਦੇ ਮੁੱਲਾਂ ਨੂੰ ਏਕੀਕ੍ਰਿਤ ਕਰਦਾ ਹੋਇਆ, ਇੱਕ ਸੰਯੁਕਤ ਆਧੁਨਿਕ-ਪਰੰਪਰਿਕ ਸਿੱਖਣ ਦਾ ਨਵਾਂ ਮਾਡਲ ਪੇਸ਼ ਕਰਦਾ ਹੈ।
ਯੂਨੀਵਰਸਿਟੀ ਵੱਲੋਂ ਇਹ ਮਾਡਲ ਸਾਰੇ ਸਕੂਲਾਂ ਅਤੇ ਵਿਭਾਗਾਂ ਵਿੱਚ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ। ਇਸ ਪ੍ਰਕਿਰਿਆ ਨੂੰ ਸਮਰੱਥ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਵਿਸ਼ੇਸ਼ ਟਰੇਨਿੰਗ ਸੈਸ਼ਨ ਕਰਵਾਏ ਜਾਣਗੇ। ਇਸ ਅਭਿਨਵ ਪਹਿਲ ਰਾਹੀਂ, ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਇੱਕ ਵਾਰ ਫਿਰ ਸਿੱਖਿਆ ਵਿੱਚ ਨਵੀਨਤਮ ਅਧਿਆਪਨ ਪੱਧਤੀਆਂ, ਨਤੀਜਾ-ਅਧਾਰਿਤ ਅਧਿਐਨ ਅਤੇ ਵਿਦਿਆਰਥੀ ਭਾਈਚਾਰੇ ਦੇ ਸਮੂਹਿਕ ਵਿਕਾਸ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਨੂੰ ਦ੍ਰਿੜ਼ ਕੀਤਾ ਹੈ।