ਕਾਰ ਸੇਵਾ ਵਾਲੇ ਬਾਬੇ ਦੇ ਸੱਦੇ ਤੇ 500 ਫੁੱਟ ਪਏ ਪਾੜ ਨੂੰ ਪੂਰਨ ਲਈ ਹੁਮ ਹੁਮਾ ਕੇ ਜੁੱਟ ਗਈ ਸੰਗਤ
ਦੂਰੋਂ ਦੂਰੋਂ ਕਾਰ ਸੇਵਾ ਲਈ ਮਿੱਟੀ ਦੀਆਂ ਟਰਾਲੀਆਂ ਅਤੇ ਤੋੜੇ ਲੈ ਕੇ ਪਹੁੰਚ ਰਹੇ ਲੋਕ
ਰੋਹਿਤ ਗੁਪਤਾ
ਗੁਰਦਾਸਪੁਰ
ਹੜ ਦੇ ਕਹਿਰ ਦੀ ਤਸਵੀਰ ਅਜੇ ਬਹੁਤ ਡਰਾਉਣੀ ਹੈ। ਕਸਬਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਘੋਨੇਵਾਲ ਨਜ਼ਦੀਕ ਧੁੱਸੀ ਬੰਨ ਚ ਪਏ 500 ਫੁੱਟ ਪਾੜ ਨੇ ਘੋਨੇਵਾਲ ਰਮਦਾਸ ਅਜਨਾਲਾ ਵਾਲੇ ਪਾਸੇ ਤਬਾਹੀ ਮਚਾਈ ਸੀ। ਇਸੇ ਧੁੱਸੀ ਚ ਪਏ ਪਾੜ ਦੇ ਨਾਲ ਪਿੰਡ ਘੋਨੇਵਾਲ ਦੇ ਇੱਕ ਨੌਜਵਾਨ ਦੀ ਡੇਢ ਕਰੋੜ ਦੀ ਲਾਗਤ ਨਾਲ ਬਣੀ ਕੋਠੀ ਢਹਿ ਢੇਰੀ ਹੋ ਗਈ ਸੀ। ਘੋਨੇਵਾਲ ਧੁੱਸੀ ਬੰਨ ਚ ਪਿਆ ਪਾੜ ਰਾਵੀ ਦਰਿਆ ਚ ਵਧੇ ਪਾਣੀ ਦੇ ਨਾਲ ਮੁੜ ਮਾਰ ਕਰ ਸਕਦਾ ਹੈ। ਇਸ ਸਾਈਡ ਤੇ ਹਜੇ ਵੀ ਰਾਵੀ ਦਰਿਆ ਦਾ ਪਾਣੀ ਪੂਰੀ ਰਫਤਾਰ ਦੇ ਨਾਲ ਚੱਲ ਰਿਹਾ ਹੈ।
ਉਧਰ ਗੁਰੂ ਕਾ ਬਾਗ ਕਾਰ ਸੇਵਾ ਵਾਲੇ ਮਹਾਂਪੁਰਖ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਸੰਗਤਾਂ ਵੱਲੋਂ 500 ਫੁੱਟ ਪਏ ਪਾੜ ਨੂੰ ਪੂਰਨ ਦਾ ਕਾਰ ਆਰੰਭ ਹੋ ਗਿਆ ਹੈ। ਪਾੜ ਨੂੰ ਪੂਰਨ ਲਈ ਵੀਰਵਾਰ ਤੋਂ ਹੀ ਸੰਤ ਬਾਬਾ ਸਤਨਾਮ ਸਿੰਘ ਦੀ ਅਗਵਾਈ ਹੇਠ ਹਜ਼ਾਰਾਂ ਸੰਗਤਾਂ ਅਰਦਾਸ ਬੇਨਤੀ ਕਰਨ ਉਪਰੰਤ ਪਾੜ ਨੂੰ ਪੂਰਨ ਲਈ ਹੰਭਲਾ ਮਾਰ ਰਹੀਆਂ ਹਨ। ਪਾੜ ਨੂੰ ਪੂਰਨ ਲਈ ਦਿਨ ਰਾਤ ਸੰਗਤਾਂ ਸੇਵਾ ਚ ਜੁੱਟੀਆਂ ਹੋਈਆਂ ਹਨ। ਕਾਰ ਸੇਵਾ ਮੁਖੀ ਸੰਤ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪਾੜ ਨੇ ਸੈਂਕੜੇ ਪਿੰਡਾਂ ਨੂੰ ਆਪਣੀ ਮਾਰ ਹੇਠ ਲਿਆ ਹੈ। ਉਹਨਾਂ ਦੱਸਿਆ ਕਿ ਘੋਨੇਵਾਲ ਦੇ ਪਾੜ ਨਾਲ ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ। ਉਹਨਾਂ ਦੱਸਿਆ ਕਿ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ ਤੇ ਪੱਕਾ ਬੰਨ ਬਣਾ ਦਿੱਤਾ ਜਾਵੇ ਤਾਂ ਜੋ ਭਵਿੱਖ ਵਿੱਚ ਵੀ ਰਾਵੀ ਦਾ ਪਾਣੀ ਨੁਕਸਾਨ ਨਾ ਕਰ ਸਕੇ ।