ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਮੈਗਜ਼ੀਨ ‘ਖੇਡ ਸੰਸਾਰ’ ਲੋਕ ਅਰਪਣ
ਹਰਦਮ ਮਾਨ
ਸਰੀ, 17 ਜਨਵਰੀ 2026-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮਿਲਣੀ ਪਿਛਲੇ ਦਿਨੀਂ ਸਥਾਨਕ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ। ਇਹ ਮਿਲਣੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦੇ ਖੇਡਾਂ ਨੂੰ ਸਮਰਪਿਤ ਮੈਗਜ਼ੀਨ ‘ਖੇਡ ਸੰਸਾਰ’ ਨੂੰ ਲੇਖਕਾਂ, ਬੁੱਧੀਜੀਵੀਆਂ ਅਤੇ ਸਰੋਤਿਆਂ ਦੀ ਭਰਪੂਰ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਮਾਸਿਕ ਮਿਲਣੀ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਸਕੱਤਰ ਪਲਵਿੰਦਰ ਸਿੰਘ ਰੰਧਾਵਾ ਅਤੇ ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੇ ਕੀਤੀ।
ਇਸ ਦੌਰਾਨ ਕੁਝ ਸ਼ੋਕ ਮਤਿਆਂ ਰਾਹੀਂ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ, ਪ੍ਰਸਿੱਧ ਸਾਹਿਤਕਾਰ ਸੁੱਚਾ ਸਿੰਘ ਕਲੇਰ ਦੀ ਸੁਪਤਨੀ ਹਰਬੰਸ ਕੌਰ ਕਲੇਰ, ਸਤਨਾਮ ਸਿੰਘ ਮਹਿਰਮ ਅਤੇ ਇਤਿਹਾਸਕਾਰ ਅਵਤਾਰ ਸਿੰਘ ਗਿੱਲ (ਸਾਬਕਾ ਜੱਜ) ਨੂੰ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ।
ਉਪਰੰਤ ‘ਖੇਡ ਸੰਸਾਰ’ ਮੈਗਜ਼ੀਨ ਬਾਰੇ ਆਪਣੇ ਪਰਚਿਆਂ ਰਾਹੀਂ ਪ੍ਰਿਤਪਾਲ ਗਿੱਲ, ਪ੍ਰੋ. ਕਸ਼ਮੀਰਾ ਸਿੰਘ ਅਤੇ ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਨ੍ਹਾਂ ਮੈਗਜ਼ੀਨ ਦੀ ਖੇਡ ਪੱਤਰਕਾਰੀ ਵਿੱਚ ਮਹੱਤਤਾ, ਦਿਸ਼ਾ ਅਤੇ ਵਿਸ਼ਾਲ ਦਾਇਰੇ ਨੂੰ ਉਜਾਗਰ ਕੀਤਾ। ਪ੍ਰਧਾਨਗੀ ਮੰਡਲ, ਮਹਿਮਾਨਾਂ, ਲੇਖਕਾਂ ਅਤੇ ਸਰੋਤਿਆਂ ਦੀ ਮੌਜੂਦਗੀ ਵਿੱਚ ਮੈਗਜ਼ੀਨ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਸੰਤੋਖ ਸਿੰਘ ਮੰਡੇਰ ਨੇ ਆਪਣੇ ਮੈਗਜ਼ੀਨ ਬਾਰੇ ਗੱਲ ਕਰਦਿਆਂ ਕਿਹਾ ਕਿ ‘ਖੇਡ ਸੰਸਾਰ’ ਦਾ ਉਦੇਸ਼ ਖੇਡਾਂ ਦੀ ਸਹੀ, ਨਿਰਪੱਖ ਅਤੇ ਪ੍ਰੇਰਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜ ਕੇ ਅੱਗੇ ਵਧੇ।
ਸਮਾਗਮ ਦੇ ਦੂਜੇ ਦੌਰ ਵਿੱਚ ਕਵੀ ਦਰਬਾਰ ਸਜਾਇਆ ਗਿਆ, ਜਿਸ ਦੌਰਾਨ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਿਲਣੀ ਨੂੰ ਸਾਹਿਤਕ ਰੰਗ ਦਿੱਤਾ। ਸਭਾ ਵੱਲੋਂ ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਸਨਮਾਨ ਪ੍ਰਦਾਨ ਕਰਨ ਵਾਲਿਆਂ ਵਿਚ ਸਭਾ ਦੇ ਬੋਰਡ ਮੈਂਬਰ, ਪ੍ਰਧਾਨਗੀ ਮੰਡਲ, ਪਰਚੇ ਪੜ੍ਹਨ ਵਾਲੇ ਵਿਦਵਾਨ, ਇੰਦਰਜੀਤ ਧਾਮੀ ਅਤੇ ਪ੍ਰੋ. ਹਰਿੰਦਰ ਕੌਰ ਸੋਹੀ ਸ਼ਾਮਿਲ ਸਨ।
ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਪਲਵਿੰਦਰ ਸਿੰਘ ਰੰਧਾਵਾ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਅੰਤ ਵਿੱਚ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਾਰੇ ਹਾਜ਼ਰੀਨ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਸਭਨਾਂ ਦਾ ਦਿਲੋਂ ਧੰਨਵਾਦ ਕੀਤਾ।