ਅੰਤ ਨੂੰ ਪਰਾਲੀ ਦਾ ਧੂੰਆਂ ਬਣਿਆ ਗੁਰਜੰਟ ਸਿੰਘ ਸ਼ੀਂਹ ਦੇ ਸਦੀਵੀ ਵਿਛੋੜੇ ਦਾ ਕਾਰਨ
ਹਰ ਧਰਮ ਤੇ ਜਾਤ ਦਾ
ਸਤਿਕਾਰ ਕਰਦੇ ਸਨ :ਪੱਤਰਕਾਰ ਗੁਰਜੰਟ ਸਿੰਘ ਸ਼ੀਂਹ
ਅੱਜ ਭੋਗ ਤੇ ਵਿਸ਼ੇਸ਼
ਅਸ਼ੋਕ ਵਰਮਾ
ਮਾਨਸਾ, 11 ਅਪ੍ਰੈਲ 2025:ਮਿਠ ਬੋਲੜੇ ਮਿਲਣਸਾਰ ਹਰ ਧਰਮ ਤੇ ਜਾਤ ਦਾ ਸਤਿਕਾਰ ਕਰਨ ਵਾਲੇ ਪੜੇ ਲਿਖੇ ਨਰਮ ਸੁਭਾ ਦੇ ਮਾਲਕ ਗੁਰਜੰਟ ਸਿੰਘ ਸ਼ੀਂਹ ਦਾ ਜਨਮ 2 ਜਨਵਰੀ 1970 ਨੂੰ ਮਾਤਾ ਜਗੀਰ ਕੌਰ ਦੀ ਕੁੱਖੋ ਪਿਤਾ ਬਲਵੰਤ ਸਿੰਘ ਪ੍ਰੇਮੀ ਦੇ ਘਰ ਪਿੰਡ ਬਾਜੇਵਾਲਾ ਜਿਲਾ ਮਾਨਸਾ ਵਿਖੇ ਹੋਇਆ। ਉਨਾਂ ਮੁੱਢਲੀ ਵਿਦਿਆ ਪਿੰਡ ਬਾਜੇਵਾਲਾ ਸਕੂਲ ਤੋਂ ਪ੍ਰਾਪਤ ਕਰਕੇ ਆਪਣਾ ਪ੍ਰਾਈਵੇਟ ਦੁਕਾਨ ਕਰਕੇ ਰੁਜ਼ਗਾਰ ਚਲਾਉਣ ਦੇ ਨਾਲ ਲੰਬੇ ਸਮੇਂ ਤੋਂ ਪੱਤਰਕਾਰਤਾ ਦੇ ਖੇਤਰ ਨਾਲ ਜੁੜੇ ਸਨ। ਗੁਰਜੰਟ ਸਿੰਘ , ਗੁਰਜੀਤ ਸ਼ੀਂਹ ਪੱਤਰਕਾਰ ਮਾਨਸਾ ਦੇ ਵੱਡੇ ਭਰਾ ਸਨ।ਆਪ ਜੀ ਦੀ ਸ਼ਾਦੀ 1 ਅਪ੍ਰੈਲ 1990 ਨੂੰ ਪਿੰਡ ਗੁਰਥੜੀ ਜਿਲਾ ਮਾਨਸਾ ਵਿਖੇ ਮਲਕੀਤ ਕੌਰ ਪੁੱਤਰੀ ਦਲੀਪ ਸਿੰਘ ਸਦਿਓੜਾ ਨਾਲ ਹੋਈ। ਗੁਰਜੰਟ ਸਿੰਘ ਦੇ ਦੋ ਬੇਟੇ ਅਤੇ ਇੱਕ ਲੜਕੀ ਪੈਦਾ ਹੋਈ। ਜਿਨਾਂ ਵਿੱਚੋਂ ਵੱਡੇ ਬੇਟੇ ਜਗਦੀਪ ਸਿੰਘ ਉਰਫ ਜੱਗਾ ਦੀ 17 ਅਗਸਤ 2019 ਨੂੰ ਬਿਜਲੀ ਦਾ ਕੰਮ ਕਾਰ ਕਰਦਿਆਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ, ਛੋਟੇ ਬੇਟੇ ਮਨਦੀਪ ਸਿੰਘ ਉਰਫ ਬੱਬੂ ਅਤੇ ਵੱਡੀ ਲੜਕੀ ਪਰਮਜੀਤ ਕੌਰ ਜੋ ਕਿ ਸ਼ਾਦੀ ਸ਼ੁਦਾ ਹਨ। ਪਿਛਲੇ ਕੁਝ ਸਮੇਂ ਤੋਂ ਗੁਰਜੰਟ ਸਿੰਘ ਨੂੰ ਆਪਣੇ ਮੋਟਰ ਸਾਈਕਲ ਰਾਹੀਂ ਕੰਮ ਕਾਰ ਜਾਂਦਿਆਂ ਰਸਤੇ ਚ ਪਰਾਲੀ ਨੂੰ ਅੱਗ ਲੱਗੀ ਹੋਣ ਦੇ ਕਾਰਨ ਧੂੰਆਂ ਚੜਨ ਕਾਰਨ ਹਾਰਟ ਦੀ ਬਿਮਾਰੀ ਪੈਦਾ ਹੋ ਗਈ। ਉਸੇ ਦਿਨ ਤੋਂ ਹੀ ਵੱਖ-ਵੱਖ ਥਾਵਾਂ ਤੋਂ ਆਪਣਾ ਇਲਾਜ ਕਰਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਆਖਿਰ ਦਿੱਲੀ ਦੇ ਨੇੜੇ ਪਲਵਲ ਹਰਿਆਣਾ ਕਸਬਾ ਵਿਖੇ ਬਣੇ ਹਾਰਟ ਸੈਂਟਰ ਚ ਇਲਾਜ ਦੀਨ 2 ਅਪ੍ਰੈਲ 2025 ਬੁੱਧਵਾਰ ਨੂੰ ਉਹਨਾਂ ਦੀ ਮੌਤ ਹੋ ਗਈ। ਜਿਨਾਂ ਦਾ ਅੰਤਿਮ ਸੰਸਕਾਰ ਪਿੰਡ ਬਾਜੇਵਾਲਾ ਜਿਲਾ ਮਾਨਸਾ ਵਿਖੇ ਕੀਤਾ ਗਿਆ। ਉਹਨਾਂ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਪਿੰਡ ਬਾਜੇਵਾਲਾ ਦੇ ਸ੍ਰੀ ਪ੍ਰੇਮ ਸਾਗਰ ਗੁਰਦੁਆਰਾ ਸਾਹਿਬ ਵਿਖੇ ਅੱਜ 11 ਅਪ੍ਰੈਲ 2025 ਦਿਨ ਸ਼ੁਕਰਵਾਰ ਨੂੰ 11 ਵਜੇ ਤੋਂ ਲੈ ਕੇ ਦੁਪਹਿਰ 12:30 ਭੋਗ ਪਾਏ ਜਾਣਗੇ। ਉਪਰੰਤ ਇਸ ਮੌਕੇ ਉਹਨਾਂ ਨੂੰ ਇਲਾਕੇ ਦੀਆਂ ਧਾਰਮਿਕ, ਰਾਜਸੀ, ਬੁੱਧੀਜੀਵੀ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।