Nodal Center CEC- CGC Landran ਵਿਖੇ Smart India Hackathon 2025 ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ
ਨੋਡਲ ਕੇਂਦਰ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਈਸੀ-ਸੀਜੀਸੀ) ਲਾਂਡਰਾਂ ਵਿਖੇ ਸਮਾਰਟ ਇੰਡੀਆ ਹੈਕਾਥਨ-2025 (ਐਸਆਈਐਚ-2025) ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦਾ ਅੱਜ ਉਦਘਾਟਨ ਕੀਤਾ ਗਿਆ ਜਿਸ ਵਿੱਚ ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ, ਨਵੀਂ ਦਿੱਲੀ ਅਤੇ ਗੁਜਰਾਤ ਸਣੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਸਲਾਹਕਾਰਾਂ ਸਣੇ ਲਗਭਗ 200 ਤੋਂ ਵੱਧ ਵਿਦਿਆਰਥੀਆਂ ਦੀਆਂ 25 ਟੀਮਾਂ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਸ਼ਾਮਲ ਹੋਈਆਂ।
ਜ਼ਿਕਰਯੋਗ ਹੈ ਕਿ ਸਮਾਰਟ ਇੰਡੀਆ ਹੈਕਾਥਨ (ਐਸਆਈਐਚ)-2025 ਇੱਕ ਫਲੈਗਸ਼ਿਪ ਇਨੋਵੇਸ਼ਨ ਪ੍ਰੋਗਰਾਮ ਹੈ ਜੋ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ) ਅਤੇ ਭਾਈਵਾਲ ਸੰਸਥਾਵਾਂ ਵੱਲੋਂ 08 ਅਤੇ 09 ਦਸੰਬਰ, 2025 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਐਸਆਈਐਚ-2025 ਨੇ ਵੱਖ ਵੱਖ ਮੰਤਰਾਲਿਆਂ ਦੇ ਭਿੰਨ-ਭਿੰਨ ਵਿਭਾਗਾਂ ਤੋਂ ਪ੍ਰਾਪਤ 271 ਸਮੱਸਿਆ ਬਿਆਨ (ਪ੍ਰੋਬਲਮ ਸਟੇਟਮੈਂਟਸ) ਪੇਸ਼ ਕੀਤੇ ਹਨ। ਦੋ ਦਿਨ੍ਹਾ ਇਸ ਪ੍ਰੋਗਰਾਮ ਵਿੱਚ ਭਾਗੀਦਾਰ (ਟੀਮਾਂ) ਲਗਾਤਾਰ 36 ਘੰਟਿਆਂ ਲਈ ਕੋਡਿੰਗ ਕਰਨਗੇ। ਇਸ ਸਾਲ ਗ੍ਰੈਂਡ ਫਿਨਾਲੇ ਲਈ 1,360 ਤੋਂ ਵੱਧ ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ ਜੋ ਸਪੇਸ ਤਕਨਾਲੋਜੀ, ਖੇਤੀਬਾੜੀ, ਸੈਰ ਸਪਾਟਾ, ਸਮਾਰਟ ਸਿੱਖਿਆ, ਐਜੂਕੇਸ਼ਨ ਡਿਜ਼ਾਸਟਰ ਮੈਨੇਜਮੈਂਟ, ਰੋਬੋਟਿਕਸ ਅਤੇ ਡਰੋਨ, ਵਿਰਾਸਤ ਅਤੇ ਸੱਭਿਆਚਾਰ ਆਦਿ ਸਮੇਤ ਵੱਖ-ਵੱਖ ਵਿਸ਼ਿਆਂ ਸੰਬੰਧੀ ਹੱਲ ਪ੍ਰਦਾਨ ਕਰਨਗੀਆਂ।
ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਸ਼ਾਮੀਂ ਸਮਾਰਟ ਇੰਡੀਆ ਹੈਕਾਥਾੱਨ-2025 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨੂੰ ਸੰਬੋਧਨ ਕਰਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਉਮੀਦ ਹੈ।
ਇਸ ਦੌਰਾਨ ਮੁੱਖ ਮਹਿਮਾਨ, ਡਾ.ਵਾਈਪੀਐਸ ਬੇਰਵਾਲ, ਡਾਇਰੈਕਟਰ, ਤਕਨੀਕੀ ਸਿੱਖਿਆ ਡਾਇਰੈਕਟੋਰੇਟ, ਹਰਿਆਣਾ ਨੇ ਨੋਡਲ ਸੈਂਟਰ ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਐਸਆਈਐਚ-2025 ਦੇ ਪਹਿਲੇ ਦਿਨ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਗੈਸਟ ਆਫ ਆਨਰ ਵਜੋਂ ਟੀਆਈਈ ਚੰਡੀਗੜ੍ਹ ਦੇ ਉਪ ਪ੍ਰਧਾਨ ਅਤੇ ਇਨੋਵੇਟਿਵ ਇੰਸੈਂਟਿਵਜ਼ ਐਂਡ ਰਿਵਾਰਡਜ਼ ਪ੍ਰਾਈਵੇਟ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਬ੍ਰਹਮ ਅਲਰੇਜਾ ਸਣੇ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਸ਼੍ਰੀ ਅਜਿੰਕਿਆ ਚਵਾਨ, ਐਸਆਈਐਚ ਨੋਡਲ ਸੈਂਟਰ ਹੈੱਡ, ਏਆਈਸੀਟੀਈ, ਡਾ.ਸੁਸ਼ੀਲ ਕੰਬੋਜ, ਐਸਪੀਓਸੀ, ਨੋਡਲ ਸੈਂਟਰ ਸੀਈਸੀ-ਸੀਜੀਸੀ ਲਾਂਡਰਾਂ, ਸੰਸਥਾ ਦੇ ਡੀਨ ਅਤੇ ਡਾਇਰੈਕਟਰਾਂ ਆਦਿ ਨੇ ਵੀ ਆਪਣੀ ਹਾਜ਼ਰੀ ਲਗਾਈ। ਕੇਂਦਰੀ ਉਦਘਾਟਨ ਸਾਰੇ 60 ਨੋਡਲ ਕੇਂਦਰਾਂ ਵਿੱਚ ਵਰਚੁਅਲ ਤੌਰ ’ਤੇ ਕੀਤਾ ਗਿਆ, ਜਿਸ ਵਿੱਚ ਪ੍ਰੋਫੈਸਰ (ਡਾ.) ਟੀਜੀ ਸੀਤਾਰਾਮ, ਚੇਅਰਮੈਨ, ਏਆਈਸੀਟੀਈ ਅਤੇ ਡਾ.ਅਭੈ ਜੇਰੇ, ਵਾਈਸ ਚੇਅਰਮੈਨ, ਏਆਈਸੀਟੀਈ ਸਣੇ ਕਈ ਮਾਣਯੋਗ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਮੁਕਾਬਲਾ ਕਰਨ ਵਾਲੀਆਂ 25 ਟੀਮਾਂ ਨੂੰ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਦਿੱਤੇ ਗਏ ਪੰਜ ਸਮੱਸਿਆ ਬਿਆਨ (ਪੀਐਸ) ਸੌਂਪੇ ਗਏ ਹਨ। ਸਮੱਸਿਆ ਬਿਆਨਾਂ (ਪੀਐਸ) ’ਤੇ ਕੰਮ ਕਰਨ ਵਾਲੇ ਵਿਸ਼ਿਆਂ ਵਿੱਚ ਸਕੂਲਾਂ ਅਤੇ ਕਾਲਜਾਂ ਲਈ ਇੱਕ ਐਜੂਕੇਸ਼ਨ ਡਿਜ਼ਾਸਟਰ ਤਿਆਰੀ ਅਤੇ ਪ੍ਰਤੀਕਿਰਿਆ ਸਿੱਖਿਆ ਪ੍ਰਣਾਲੀ (ਡਿਜ਼ਾਸਟਰ ਪ੍ਰੀਪੇਰਡਨੈੱਸ ਐਂਡ ਰਿਸਪਾਂਸ ਐਜੂਕੇਸ਼ਨ ਸਿਸਟਮ) ਸੰਬੰਧੀ ਵਿਚਾਰ ਪੇਸ਼ ਕਰਨਾ, ਗੇਮੀਫਾਈਡ ਵਾਤਾਵਰਣ ਸਿੱਖਿਆ ਪਲੇਟਫਾਰਮ, ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਸਮਾਰਟ ਫਸਲ ਸਲਾਹਕਾਰ ਪ੍ਰਣਾਲੀ (ਸਮਾਰਟ ਕਰੋਪ ਐਡਵਾਈਜ਼ਰੀ ਸਿਸਟਮ), ਸਮਾਰਟ ਪਾਠਕ੍ਰਮ ਗਤੀਵਿਧੀ ਅਤੇ ਹਾਜ਼ਰੀ ਐਪ (ਅਟੈਂਡੇਸ ਐਪ) ਅਤੇ ਪੇਂਡੂ ਸਕੂਲਾਂ ਲਈ ਸਵੈਚਾਲਿਤ ਹਾਜ਼ਰੀ ਪ੍ਰਣਾਲੀ (ਆਟੋਮੇਟਡ ਅਟੈਂਡੇਸ ਸਿਸਟਮ) ਆਦਿ ਸ਼ਾਮਲ ਸਨ।
ਪ੍ਰਧਾਨ ਮੰਤਰੀ ਦੇ ਯੁਵਾ ਅਗਵਾਈ ਵਾਲੇ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਐਸਆਈਐਚ-2025 ਇੱਕ ਰਾਸ਼ਟਰ ਪੱਧਰੀ ਪਹਿਲ ਹੈ। ਇਹ ਮੁਕਾਬਲਾ ਵਿਦਿਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਗਠਨਾਂ ਦੀਆਂ ਪ੍ਰਮੁੱਖ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਦਾ ਉਦੇਸ਼ ਰੱਖਦਾ ਹੈ।
ਜ਼ਿਕਰਯੋਗ ਹੈ ਕਿ ਹਰੇਕ ਸਾਲ ਐਸਆਈਐਚ ਵੱਖ-ਵੱਖ ਨੋਡਲ ਕੇਂਦਰਾਂ ’ਤੇ ਆਯੋਜਿਤ ਕੀਤਾ ਜਾਂਦਾ ਹੈ, ਜਿੱਥੇ ਚੁਣੀਆਂ ਹੋਈਆਂ ਵਿਦਿਆਰਥੀ ਟੀਮਾਂ, ਉਦਯੋਗਿਕ ਪ੍ਰਤੀਨਿਧੀ, ਡਿਜ਼ਾਈਨ ਸਲਾਹਕਾਰ ਅਤੇ ਮੁਲਾਂਕਣਕਰਤਾ ਤਹਿ ਕੀਤੇ ਗਏ ਭੌਤਿਕ ਕੇਂਦਰਾਂ ਦਾ ਦੌਰਾ ਕਰਦੇ ਹਨ। ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਮੁੱਖ ਉੱਚ ਸਿੱਖਿਆ ਸੰਸਥਾਵਾਂ ਇਨਕਿਊਬੇਟਰਾਂ ਨੂੰ ਨੋਡਲ ਕੇਂਦਰ ਵਜੋਂ ਚੁਣਿਆ ਜਾਂਦਾ ਹੈ।
ਐਸਆਈਐਚ ਗ੍ਰੈਂਡ ਫਿਨਾਲੇ ਦੌਰਾਨ, ਵਿਿਦਆਰਥੀ ਟੀਮ ਚੁਣੇ ਹੋਏ ਸਮੱਸਿਆ ਬਿਆਨਾਂ ਲਈ ਕਾਰਜਸ਼ੀਲ ਹੱਲ ਤਿਆਰ ਕਰਨ ਲਈ ਸਲਾਹਕਾਰਾਂ ਅਤੇ ਉਦਯੋਗ ਮੰਤਰਾਲੇ ਦੇ ਪ੍ਰਤੀਨਿਧੀਆਂ ਦੇ ਮਾਰਗਦਰਸ਼ਨ ਹੇਠ 24 ਘੰਟੇ ਕੰਮ ਕਰਦੀ ਹੈ।
ਐਸਆਈਐਚ ਨੂੰ ਦੁਨੀਆ ਦਾ ਸਭ ਤੋਂ ਵੱਡਾ ਓਪਨ ਇਨੋਵੇਸ਼ਨ ਮਾਡਲ ਮੰਨਿਆ ਗਿਆ ਹੈ ਅਤੇ ਇਹ ਵਿਦਿਆਰਥੀਆਂ ਵਿੱਚ ਉਤਪਾਦ ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੇ ਸੱਭਿਆਚਾਰ (ਕਲਚਰ) ਨੂੰ ਉਜਾਗਰ ਕਰਦਾ ਹੈ। ਇਹ ਪ੍ਰੋਗਰਾਮ 2017 ਤੋਂ ਹਰ ਸਾਲ ਦੋ ਫਾਰਮੈਟਾਂ ਜਿਵੇਂ ਕਿ ਉੱਚ ਸਿੱਖਿਆ ਦੇ ਵਿਦਿਆਰਥੀਆਂ ਲਈ ਐਸਆਈਐਚ ਸਾਫਟਵੇਅਰ ਅਤੇ ਐਸਆਈਐਚ ਹਾਰਡਵੇਅਰ ਐਡੀਸ਼ਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।