Canada: ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਨਾਮਵਰ ਸ਼ਖ਼ਸੀਅਤ ਹਰਜਿੰਦਰ ਸਿੰਘ ਥਿੰਦ ਅਤੇ ਜਤਿੰਦਰ ਜੇ ਮਿਨਹਾਸ ਦਾ ਸਨਮਾਨ
ਹਰਦਮ ਮਾਨ
ਸਰੀ, 21 ਜੂਨ 2025- ਚੜ੍ਹਦੀ ਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਮੀਡੀਆ ਦੀ ਨਾਮਵਰ ਸ਼ਖ਼ਸੀਅਤ ਹਰਜਿੰਦਰ ਸਿੰਘ ਥਿੰਦ ਨੂੰ ਉਨਾਂ ਦੀਆਂ ਪੱਤਰਕਾਰੀ ਦੇ ਖੇਤਰ ਵਿਚ ਵਡਮੁੱਲੀਆਂ ਪ੍ਰਾਪਤੀਆਂ ਅਤੇ ਕਮਿਊਨਿਟੀ ਲਈ ਸੇਵਾਵਾਂ ਦੇ ਮੁੱਖ ਰਖਦਿਆਂ ਸਨਮਾਨਿਤ ਕੀਤਾ ਗਿਆ। ਲੈਂਗਲੀ ਵਿਖੇ ਵਿਸ਼ੇਸ਼ ਤੌਰ ਤੇ ਰੱਖੇ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ ਨੇ ਆਪਣੀ ਕੋਰ ਕਮੇਟੀ ਵੱਲੋਂ ਸ. ਥਿੰਦ ਨੂੰ ਜੀ ਆਇਆਂ ਆਖਿਆ ਅਤੇ ਪੱਤਰਕਾਰੀ ਵਿੱਚ ਉਹਨਾਂ ਦੀਆਂ ਉਪਲੱਬਧੀਆਂ, ਫ਼ਖ਼ਰਯੋਗ ਕਾਰਜ ਅਤੇ ਕਮਿਊਨਿਟੀ ਦੀ ਬਿਹਤਰੀ ਲਈ ਉਹਨਾਂ ਵੱਲੋਂ ਪਾਏ ਯੋਗਦਾਨ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਇਸ ਸਮਾਗਮ ਵਿਚ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਜਤਿੰਦਰ ਸਿੰਘ ਮਿਨਹਾਸ ਨੂੰ ਵੀ ਕਮਿਊਨਿਟੀ ਵਿੱਚ ਉਨਾਂ ਦੇ ਯੋਗਦਾਨ ਲਈ ਪ੍ਰਸੰਸਾ-ਪੱਤਰ ਨਾਲ ਸਨਮਾਨਿਤ ਕੀਤਾ ਗਿਆ।
ਜਸਵਿੰਦਰ ਸਿੰਘ ਦਿਲਾਵਰੀ ਨੇ ਦੱਸਿਆ ਕਿ ਚੜ੍ਹਦੀ ਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਸਿੱਖੀ ਦੇ ਸਿਧਾਂਤ ‘ਸਰਬੱਤ ਦਾ ਭਲਾ’ ਦੇ ਨੈਤਿਕ ਆਧਾਰ ‘ਤੇ ਬਣਾਈ ਗਈ ਹੈ ਜਿਸ ਦਾ ਉਦੇਸ਼ ਨਿਰਪੱਖ ਹੋ ਕੇ ਸਮਾਜ ਸੇਵਾ ਅਤੇ ਮਾਨਵਤਾ ਦੀ ਭਲਾਈ ਦੇ ਕਾਰਜ ਹਨ। ਐਸੋਸੀਏਸ਼ਨ ਵੱਲੋਂ ਜਿੱਥੇ ਕਮਿਊਨਿਟੀ ਵਿੱਚ ਸਾਰਥਕ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਉੱਥੇ ਕਮਿਊਨਿਟੀ ਦੀ ਸੇਵਾ ਲਈ ਕਈ ਯੋਜਨਾਵਾਂ ਉਲੀਕੀਆਂ ਗਈਆਂ ਹਨ ਜਿਨ੍ਹਾਂ ਤਹਿਤ ਪਿਛਲੇ ਦਿਨੀਂ ਸ਼ਹਿਰ ਵਿੱਚ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਐਸੋਸੀਏਸ਼ਨ ਵੱਲੋਂ ਆਉਂਦੇ ਦਿਨਾਂ ਵਿੱਚ ਬੀ ਸੀ ਚਿਲਡਰਨ ਹਸਪਤਾਲ ਦੇ ਬੱਚਿਆਂ ਨੂੰ ਖਿਡੌਣੇ ਦਾਨ ਕੀਤੇ ਜਾਣਗੇ ਅਤੇ ਖੂਨਦਾਨ ਕੈਂਪ ਲਾਇਆ ਜਾਵੇਗਾ।