ਟੋਅ ਵੈਨਾਂ ਬੰਦ ਨਾ ਕਰਨ ਦੀ ਸੂਰਤ ਵਿੱਚ ਵਪਾਰ ਮੰਡਲ ਵੱਲੋਂ 15 ਅਗਸਤ ਨੂੰ ਬਠਿੰਡਾ ਬੰਦ ਦਾ ਐਲਾਨ
ਅਸ਼ੋਕ ਵਰਮਾ
ਬਠਿੰਡਾ, 21 ਜੂਨ 2025:ਟੋਅ ਵੈਨਾਂ ਦੀ ਧੱਕੇਸ਼ਾਹੀ ਖਿਲਾਫ ਵਪਾਰ ਮੰਡਲ ਬਠਿੰਡਾ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਅਗਸਤ ਨੂੰ ਬਠਿੰਡਾ ਸ਼ਹਿਰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ । ਵਪਾਰ ਮੰਡਲ ਦੇ ਆਗੂਆਂ ਨੇ ਅੱਜ ਇਸ ਸਬੰਧ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ ਹੈ ਜਿਸ ਵਿੱਚ ਮਲਟੀ ਸਟੋਰੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਚਲਾਈਆਂ ਜਾ ਰਹੀਆਂ ਵੈਨਾਂ ਦੀ ਧੱਕੇਸ਼ਾਹੀ ਦਾ ਮੁੱਦਾ ਛਾਇਆ ਰਿਹਾ। ਇਸ ਮੌਕੇ ਸਮੂਹ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਜੇਕਰ ਉਸ ਤੋਂ ਪਹਿਲਾਂ ਪਹਿਲਾਂ ਇਹ ਟੋਅ ਵੈਨ ਵਾਲਾ ਸਿਲਸਿਲਾ ਬੰਦ ਨਾ ਕੀਤਾ ਤਾਂ 15 ਅਗਸਤ ਨੂੰ ਹਰ ਹੀਲੇ ਬੰਦ ਰੱਖਿਆ ਜਾਏਗਾ ਜੋ ਕਿ ਉਦੋਂ ਹੀ ਖਤਮ ਹੋਵੇਗਾ ਜਦੋਂ ਇਹ ਗੱਡੀਆਂ ਦੀ ਚੱਕ ਚੁਕਾਈ ਵਾਲਾ ਸਿਲਸਿਲਾ ਪ੍ਰਸ਼ਾਸਨ ਬੰਦ ਕਰੇਗਾ।
ਬੈਠਕ ਦੌਰਾਨ ਵਪਾਰ ਮੰਡਲ ਦੇ ਮੁੱਖ ਸਕੱਤਰ ਪ੍ਰਮੋਦ ਜੈਨ ਨੇ ਕਿਹਾ ਕਿ ਟੋਅ ਵੈਨਾਂ ਦੀ ਧੱਕੇਸ਼ਾਹੀ ਕਾਰਨ ਬਠਿੰਡੇ ਦਾ ਮਾਹੌਲ ਅਤੇ ਭਾਈਚਾਰਕ ਸਾਂਝ ਲਗਾਤਾਰ ਵਿਗੜਦੀ ਜਾ ਰਹੀ ਹੈ। ਲੋਕ ਦਹਿਸ਼ਤ ਦੇ ਕਾਰਨ ਬਜਾਰਾਂ ਵਿੱਚ ਆਉਣਾ ਛੱਡ ਗਏ। ਟੋਅ ਵੈਨਾਂ ਦਾ ਮਕਸਦ ਟਰੈਫਿਕ ਸੁਧਾਰ ਨਹੀਂ ਬਲਕਿ ਪੈਸੇ ਇਕੱਠੇ ਕਰਨਾ ਰਹਿ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਬਠਿੰਡਾ ਇਕਲੌਤਾ ਅਜਿਹਾ ਸ਼ਹਿਰ ਹੈ ਜਿਸ ਸ਼ਹਿਰ ਦੀ ਪਾਰਕਿੰਗ ਦੇ ਅੰਦਰੋਂ ਕਾਰਾਂ ਟੋਹ ਕਰਕੇ ਭਾਰੀ ਜੁਰਮਾਨੇ ਵਸੂਲ ਕੇ ਲੋਕਾਂ ਦੀਆਂ ਜੇਬਾਂ ਕੱਟਿਆ ਜਾ ਰਹੀਆਂ ਹਨ। ਵਪਾਰ ਮੰਡਲ ਦੇ ਪ੍ਰਧਾਨ ਜੀਵਨ ਗੋਇਲ ਨੇ ਕਿਹਾ ਕਿ ਬਜਾਰਾਂ ਵਿੱਚ ਆਉਣ ਵਾਲੇ ਗ੍ਰਾਹਕਾਂ ਦੀਆਂ ਕਾਰਾਂ ਕੁੱਝ ਹੀ ਸਕਿੰਟਾਂ ਵਿੱਚ ਟੋਅ ਕਰਕੇ ਲੈ ਜਾਂਦੇ ਨੇ ਅਤੇ ਮੋਟਾ ਜੁਰਮਾਨਾ ਵਸੂਲ ਕੇ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੇ ਨੇ। ਨਗਰ ਨਿਗਮ ਨੇ ਬਜਾਰਾਂ ਅਤੇ ਚੌਂਕਾਂ ਦੀਆਂ ਪੀਲ਼ੀਆਂ ਲਾਈਨਾਂ ਅੰਦਰ ਰੇਹੜੀਆਂ ਲਗਵਾ ਕੇ ਜਾਣਬੁੱਝ ਕੇ ਕਬਜ਼ੇ ਕਰਵਾ ਰੱਖੇ ਨੇ ਤਾਂਕਿ ਬਜਾਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕਾਰ ਪਾਰਕਿੰਗ ਦੀ ਥਾਂ ਨਾ ਮਿਲੇ ਅਤੇ ਲੋਕਾਂ ਦੀਆਂ ਕਾਰਾਂ ਟੋਹ ਕਰਕੇ ਉਨ੍ਹਾਂ ਤੋਂ ਮੋਟੇ ਜ਼ੁਰਮਾਨੇ ਵਸੂਲੇ ਜਾ ਸਕੇ। ਸਾਰੇ ਹੀ ਬਜਾਰਾਂ ਵਿਚੋੰ ਆਏ ਆਹੁਦੇਦਾਰਾਂ ਦੀ ਸਲਾਹ ਤੋਂ ਬਾਅਦ ਫੈਂਸਲਾ ਲਿਆ ਗਿਆ ਕਿ ਜੇਕਰ ਆਉਣ ਵਾਲੀ 15 ਅਗਸਤ ਤੱਕ ਟੋਅ ਵੈਨਾਂ ਪੱਕੇ ਤੌਰ ਤੇ ਬੰਦ ਨਹੀਂ ਕੀਤੀਆਂ ਗਈਆਂ ਤਾਂ ਬਠਿੰਡਾ ਇੱਕ ਵਾਰ ਫੇਰ 15 ਅਗਸਤ ਨੂੰ ਬੰਦ ਕਰ ਦਿੱਤਾ ਜਾਵੇਗਾ
ਆਗੂਆਂ ਨੇ ਕਿਹਾ ਕਿ ਇਸ ਵਾਰ ਟੋਅ ਵੈਨਾਂ ਦੀ ਧੱਕੇਸ਼ਾਹੀ ਖ਼ਿਲਾਫ਼ ਸੰਘਰਸ਼ ਦਾ ਝੰਡਾ 15 ਅਗਸਤ ਨੂੰ ਪੱਕੇ ਤੌਰ ਤੇ ਉਦੋਂ ਤੱਕ ਬੁਲੰਦ ਰੱਖਿਆ ਜਾਵੇਗਾ ਜਦੋਂ ਤੱਕ ਟੋਹ ਵੈਨਾਂ ਬੰਦ ਨਾ ਹੋ ਜਾਣ ਅਤੇ ਰੋਜ਼ਾਨਾ ਹੀ ਜਿੰਮੇਵਾਰ ਪ੍ਰਸ਼ਾਸ਼ਨਿਕ ਅਧਿਆਕਰੀਆਂ ਅਤੇ ਨੇਤਾਵਾਂ ਦੇ ਪੁਤਲੇ ਸਾੜੇ ਜਾਣਗੇ।ਇਸ ਮੌਕੇ ਤੇ ਸਮਾਜਸੇਵੀ ਸੰਦੀਪ ਪਾਠਕ ਤੇ ਹੋਏ ਅਸਫ਼ਲ ਅੱਤਵਾਦੀ ਹਮਲੇ ਦੀ ਵੀ ਕੜੀ ਨਿੰਦਾ ਕਰਦਿਆਂ ਵਪਾਰ ਮੰਡਲ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਸੁਨੇਹਾ ਦਿੱਤਾ ਕਿ ਸੰਦੀਪ ਪਾਠਕ ਇੱਕ ਇਨਸਾਫ ਦੀ ਆਵਾਜ਼ ਹੈ ਅਤੇ ਇਸ ਇਨਸਾਫ ਦੀ ਆਵਾਜ ਨੂੰ ਬੰਦ ਕਰਵਾਉਣ ਦੀ ਸਾਜਿਸ਼ਾਂ ਕਰ ਵਾਲਿਆਂ ਉੱਪਰ ਤੁਰੰਤ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਤਾਂ ਪ੍ਰਸ਼ਾਸ਼ਨ ਖਿਲਾਫ ਇੱਕ ਵੱਡਾ ਸੰਘਰਸ਼ ਕਿੱਤਾ ਜਾਵੇਗਾ। ਇਸ ਮੌਕੇ ਤੇ ਦੁਕਾਨਦਾਰਾਂ ਵਲੋਂ ਨਗਰ ਨਿਗਮ ਖਿਲਾਫ ਰੋਸ਼ ਵਜੋਂ ਰੱਜ ਕੇ ਨਾਅਰੇਬਾਜ਼ੀ ਵੀ ਕੀਤੀ ਗਈ।
ਇਸ ਮੌਕੇ ਤੇ ਵਪਾਰ ਮੰਡਲ ਦੇ ਅਮਿਤ ਕਪੂਰ, ਦਰਵਜੀਤ ਠਾਕੁਰ ਮੈਰੀ, ਗੌਰਾ ਲਾਲ ਬਾਂਸਲ, ਰਾਹੁਲ ਅਰੋੜਾ, ਵਿਕਾਸ ਜੈਨ, ਸੋਨੂ ਮਹੇਸ਼ਵਰੀ, ਅਸ਼ੋਕ ਜੈਨ, ਵਿਨੋਦ ਕੁਮਾਰ, ਅਸ਼ੋਕ ਗਰਗ, ਪੰਕਜ ਗਰਗ, ਗਿਰਧਾਰੀ ਲਾਲ, ਦਰਸ਼ਨ ਕੁਮਾਰ, ਦੀਪਕ ਸਿੰਗਲਾ, ਤਰਸੇਮ ਬਾਂਸਲ, ਨਿਤਿਨ ਸਿੰਗਲਾ, ਟ੍ਰਾਇਡੇੰਟ, ਪਵਨ ਕੁਮਾਰ, ਅਸ਼ੋਕ ਕੁਮਾਰ, ਸੰਦੀਪ ਅੱਗਰਵਾਲ, ਰਜਿੰਦਰ ਕੁਮਾਰ, ਸੰਦੀਪ ਪਾਠਕ, ਰਾਜੀਵ ਕੁਮਾਰ, ਰਾਮ ਕੁਮਾਰ, ਸ਼ਹਿਵਾਜ ਅਖ਼ਤਰ, ਰਾਜਿੰਦਰ, ਬ੍ਰਿਜ ਮੋਹਨ, ਪ੍ਰੇਮ ਕੁਮਾਰ, ਦੁਰਗਾ ਪ੍ਰਸਾਦ, ਗੁਰਸ਼ਰਨ ਸਿੰਘ, ਪ੍ਰਦੀਪ ਕੁਮਾਰ ਗਰਗ, ਮਨੋਜ ਕੁਮਾਰ, ਸੁਭਾਸ਼ ਗੋਇਲ, ਸੌਰਵ ਕੁਮਾਰ, ਸੁਸ਼ੀਲ ਜੈਨ, ਸੁਰੇਸ਼ ਕੁਮਾਰ, ਵੇਦ ਪ੍ਰਕਾਸ਼ ਬਾਂਸਲ, ਮਨਮੋਹਨ ਗੋਇਲ, ਵਨੀਤ ਸਿੰਘ, ਅਸ਼ੋਕ ਬਲਿਆਂਵਾਲੀ, ਵਰੁਣ ਗੁਪਤਾ, ਰਾਜੀਵ ਗੁਪਤਾ, ਮੋਨੂੰ ਸ਼ਰਮਾ, ਰਵੀ ਬਾਂਸਲ, ਸੁਰੇਸ਼ ਕੁਮਾਰ, ਨਵਨੀਤ ਕੁਮਾਰ, ਪ੍ਰਦੀਪ ਧਾਰੀਵਾਲ, ਸ਼ੰਟੀ ਸਿੰਘ, ਮੁਕੇਸ਼ ਕੁਮਾਰ, ਵਿਨੋਦ ਗੋਇਲ, ਸੰਦੀਪ ਗਰਗ, ਸਮੇਤ ਹੋਰ ਕਈ ਆਹੁਦੇਦਾਰ ਸ਼ਾਮਿਲ ਸਨ।