ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਚੁਣੇ ਗਏ ਧੂਰੀ ਬਲਾਕ ਵਿੱਚ ਸੰਪੂਰਨਤਾ ਅਭਿਆਨ ਦਾ ਸ਼ਾਨਦਾਰ ਆਗਾਜ਼
- ਜ਼ਿਲ੍ਹਾ ਪ੍ਰਸ਼ਾਸਨ ਅਤੇ ਨੀਤੀ ਆਯੋਗ ਦੇ ਸਹਿਯੋਗ ਨਾਲ ਆਰੰਭ ਹੋਇਆ ਸੰਪੂਰਨਤਾ ਅਭਿਆਨ
- ਸਿਹਤ, ਖੇਤੀਬਾੜੀ ਅਤੇ ਸਵੈ- ਸਹਾਇਤਾ ਸਮੂਹਾਂ ਦੀ ਮਜਬੂਤੀ ਲਈ ਹੋਇਆ ਵਿਚਾਰ ਵਟਾਂਦਰਾ
ਰਾਜੇਸ਼ਵਰ ਪਿੰਟੂ
ਧੂਰੀ, 4 ਜੁਲਾਈ 2024 - ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਚੁਣੇ ਗਏ ਧੂਰੀ ਬਲਾਕ ਅਧੀਨ ਆਉਂਦੇ ਦੇਸ਼ ਭਗਤ ਕਾਲਜ, ਬਰੜਵਾਲ ਵਿਖੇ ਸੰਪੂਰਨਤਾ ਅਭਿਆਨ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿੱਚ ਭਾਰਤ ਸਰਕਾਰ ਦੇ ਨੀਤੀ ਆਯੋਗ ਦੇ 40 ਮੁੱਖ ਸੂਚਕਾਂ ਵਿੱਚੋਂ 6 ਸੂਚਕਾਂ ਨੂੰ ਪੂਰਾ ਕਰਨ ਦਾ ਪ੍ਰਣ ਕੀਤਾ ਗਿਆ। ਇਸ ਦੌਰਾਨ ਬੁਲਾਰਿਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹਨਾਂ 6 ਸੂਚਕਾਂ ਵਿਚ ਗਰਭਵਤੀ ਔਰਤਾਂ ਦੀ ਜਣੇਪੇ ਤੋਂ ਪਹਿਲਾਂ ਸਹੀ ਦੇਖਭਾਲ ਕਰਨ , ਗਰਭਵਤੀ ਔਰਤਾਂ ਨੂੰ ਸੰਪੂਰਣ ਪੋਸ਼ਣ ਦੇਣ , ਸਾਰੇ ਬੱਚਿਆਂ ਦਾ ਪੂਰੀ ਤਰ੍ਹਾਂ ਟੀਕਾਕਰਨ , ਹਰ ਵਿਅਕਤੀ ਦੀ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਨਿਯਮਿਤ ਜਾਂਚ ਕਰਵਾਉਣ , ਮਿੱਟੀ ਦੇ ਸਿਹਤ ਜਾਂਚ ਕਾਰਡ ਬਣਾਉਣ ਅਤੇ ਸਵੈ—ਸਹਾਇਤਾ ਸਮੂਹਾਂ ਨੂੰ ਸਵੈ ਰੋਜਗਾਰ ਦੇ ਸਮਰੱਥ ਬਣਾਉਣ ਲਈ ਰਿਵੋਲਵਿੰਗ ਫੰਡ ਸਮੇਂ ਸਿਰ ਮੁਹੱਈਆ ਕਰਵਾਏ ਜਾਣ ਬਾਰੇ ਜਾਣੂ ਕਰਵਾਇਆ ਗਿਆ । ਇਹ ਪ੍ਰਕਿਰਿਆ 30 ਸਤੰਬਰ 2024 ਤੱਕ ਚੱਲੇਗੀ।
ਇਸ ਸਮਾਗਮ ਵਿੱਚ ਨੀਤੀ ਆਯੋਗ, ਭਾਰਤ ਸਰਕਾਰ ਦੇ ਨੁਮਾਇੰਦੇ ਸ੍ਰੀਮਤੀ ਚੰਚਲ ਸੋਨੀ ਸੈਕਸ਼ਨ ਅਫਸਰ, ਸੁਖਚੈਨ ਸਿੰਘ ਪਾਪੜਾ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਸੰਗਰੂਰ, ਸ੍ਰੀਮਤੀ ਹਰਸ਼ਰਨ ਕੌਰ, ਸਟੇਟ ਕੋਆਰਡੀਨੇਟਰ ਸੇਵਾ ਪੰਜਾਬ ਅਤੇ ਡਾ: ਜੈਨਬ, ਪ੍ਰੋਗਰਾਮ ਕੋਆਰਡੀਨੇਟਰ ਸੇਵਾ ਪੰਜਾਬ, ਉਚੇਚੇ ਤੌਰ ਤੇ ਸ਼ਾਮਿਲ ਹੋਏ।
ਸਮਾਰੋਹ ਦੀ ਸ਼ੁਰੂਆਤ ਸ੍ਰੀ ਪਰਦੀਪ ਕੁਮਾਰ ਸ਼ਾਰਦਾ, ਬੀ.ਡੀ.ਪੀ.ਓ. ਧੂਰੀ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਆਏ ਹੋਏ ਅਧਿਕਾਰੀਆਂ ਨੂੰ ਜੀ ਆਇਆ ਕਿਹਾ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਅਰਵਿੰਦਰ ਸਿੰਘ ਭੱਟੀ, ਸੀ.ਡੀ.ਪੀ.ਓ. ਧੂਰੀ ਅਤੇ ਸ੍ਰੀਮਤੀ ਇੰਦਰਪ੍ਰੀਤ ਕੌਰ ਸੀਨੀਅਰ ਸਹਾਇਕ ਨੇ ਗਰਭਵਤੀ ਮਹਿਲਾਵਾਂ ਦੀ ਸਿਹਤ ਸਬੰਧੀ ਜਾਣਕਾਰੀ ਦਿੱਤੀ ਅਤੇ ਗੋਦ ਭਰਾਈ ਦੀ ਰਸਮ ਅਦਾ ਕੀਤੀ। ਨਰਿੰਦਰ ਸਿੰਘ, ਖੇੜੀਬਾੜੀ ਅਫ਼ਸਰ ਧੂਰੀ ਨੇ ਜਮੀਨ ਦੀ ਸਿਹਤ ਦੀ ਜਾਂਚ ਸਬੰਧੀ ਪੰਜਾਬ ਸਰਕਾਰ ਦੀ ਸਕੀਮ ਬਾਰੇ ਜਾਣਕਾਰੀ ਦਿੱਤੀ।
ਵਨੀਤਾ ਰਾਣੀ, ਸਿਹਤ ਵਿਭਾਗ ਧੂਰੀ ਨੇ ਗਰਭਵਤੀ ਮਹਿਲਾਵਾਂ ਦੇ ਟੀਕਾਕਰਨ ਅਤੇ ਹੋਰ ਜਰੂਰੀ ਟੈਸਟ ਬਾਰੇ ਜਾਣਕਾਰੀ ਦਿੱਤੀ। ਸੋਰਵ ਕੁਮਾਰ ਡੀ.ਪੀ.ਐਮ. ਅਤੇ ਰਣਵੀਰ ਕੌਰ ਬੀ.ਪੀ.ਐਮ. ਐਨ.ਆਰ.ਐਲ.ਐਮ. ਬਲਾਕ ਧੂਰੀ ਵੱਲੋਂ ਪਿੰਡਾਂ ਵਿੱਚ ਸਵੈ ਸਹਾਇਤਾ ਗਰੁੱਪਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਵਰਜੀਤ ਵਾਲੀਆ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੰਗਰੂਰ ਦੀ ਸਲਾਹ ਅਤੇ ਉਨ੍ਹਾਂ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਹੀ ਪ੍ਰਗਤੀ ਕੀਤੀ ਗਈ ਹੈ। ਸਿਮਰਨਜੀਤ ਸਿੰਘ, ਜੋ ਕਿ ਲਗਭਗ 6 ਮਹੀਨਿਆਂ ਤੋਂ ਹੀ ਇਸ ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਸੰਪੂਰਨਤਾ ਅਭਿਆਨ ਨਾਲ ਜੁੜੇ ਹਨ, ਵੱਲੋਂ ਸਖਤ ਮਿਹਨਤ ਕੀਤੀ ਗਈ।
ਇਸ ਸਮਾਰੋਹ ਵਿੱਚ ਜਿਲ੍ਹਾ ਭੂਮੀ ਰੱਖਿਆ ਅਫ਼ਸਰ ਰਵਨੀਤ ਕੌਰ ਢੀਂਡਸਾ, ਬਲਾਕ ਦੇ ਚੇਅਰਪਰਸਨ ਰਣਧੀਰ ਕੌਰ ਬੇਨੜਾ ਅਤੇ ਜਗਤਾਰ ਸਿੰਘ ਬੇਨੜਾ, ਮੇਜਰ ਸਿੰਘ, ਵਾਇਸ ਚੇਅਰਮੈਨ ਬਲਾਕ ਧੂਰੀ, ਕਮਲਜੀਤ ਕੌਰ, ਸੁਪਰਡੰਟ ਬਲਾਕ ਧੂਰੀ, ਅਵਤਾਰ ਸਿੰਘ, ਏਈ ਅਤੇ ਸਮੂਹ ਬੀਡੀਪੀਓ ਦਫ਼ਤਰ ਦਾ ਸਟਾਫ, ਸੀ.ਡੀ.ਪੀ.ਓ. ਦਫ਼ਤਰ ਦੇ ਸੁਪਰਵਾਈਜਰ ਅਤੇ ਆਂਗਣਵਾੜੀ, ਏ.ਐਨ.ਐਮ ਅਤੇ ਆਸ਼ਾ ਵਰਕਰਾਂ ਨੇ ਸ਼ਮੂਲੀਅਤ ਕੀਤੀ। ਗੁਰਦਰਸ਼ਨ ਸਿੰਘ ਬਲਾਕ ਸਿੱਖਿਆ ਪ੍ਰਾਇਮਰੀ ਅਫ਼ਸਰ ਧੂਰੀ ਅਤੇ ਵਿਪਨ ਕੁਮਾਰ ਬਲਾਕ ਸਿੱਖਿਆ ਨੋਡਲ ਅਫ਼ਸਰ ਧੂਰੀ ਵੱਲੋਂ ਸਕੂਲ ਦੇ ਬੱਚਿਆਂ ਨਾਲ ਗਿੱਧਾ ਅਤੇ ਭੰਗੜਾ ਵਰਗੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਗਏ। ਪ੍ਰੋਗਰਾਮ ਦੇ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਅਲਮਸਤ ਗਰੁੱਪ ਵੱਲੋਂ ਸਿਹਤ , ਖੇਤੀਬਾੜੀ , ਬਾਲ ਵਿਕਾਸ ਅਤੇ ਇਸਤਰੀ ਵਿਭਾਗ ਅਤੇ ਐਨ।ਆਰ।ਐਲ।ਐਮ। ਪ੍ਰੋਗਰਾਮ ਦੀਆਂ ਸੰਪੂਰਨਤਾ ਅਭਿਆਨ ਤਹਿਤ ਆਉਣ ਵਾਲੀਆਂ ਸਕੀਮਾਂ ਸਬੰਧੀ ਨੁਕੜ ਨਾਟਕ ਖੇਡਿਆ ਗਿਆ। ਅੰਤ ਵਿੱਚ, ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਦਾ ਵੀ ਸਨਮਾਨ ਕੀਤਾ ਗਿਆ।