ਅੱਠ ਕਿਲੋ ਡੋਡੇ ਪੋਸਟ ਸਮੇਤ ਇੱਕ ਮੋਟਰਸਾਈਕਲ ਸਵਾਰ ਗ੍ਰਿਫਤਾਰ ਇੱਕ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ 7 ਜੁਲਾਈ 2024 - ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਨਾ ਸ਼ਾਲਾ ਦੀ ਪੁਲਿਸ ਨੇ 8 ਕਿਲੋ ਡੋਡੇ ਪੋਸਟ ਸਮੇਤ ਇੱਕ ਮੋਟਰਸਾਈਕਲ ਸਵਾਰ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਹਾਲਾਂਕਿ ਮੋਟਰਸਾਈਕਲ ਸਵਾਰ ਦਾ ਦੂਸਰਾ ਸਾਥੀ ਪੁਲਿਸ ਨੂੰ ਚਕਮਾ ਦੇਖ ਕੇ ਦੌੜਨ ਵਿੱਚ ਕਾਮਯਾਬ ਹੋ ਗਿਆ।
ਥਾਣਾ ਪੁਰਾਣਾ ਵਿਖੇ ਨਵੀਂ ਤੈਨਾਤ ਕੀਤੀ ਗਈ ਐਸ ਐਚ ਓ ਮੈਡਮ ਕ੍ਰਿਸ਼ਮਾ ਨੇ ਦੱਸਿਆ ਕਿ ਏ ਐਸ ਆਈ ਸਲਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਟੀ.ਪੁਆਇੰਟ ਟਾਂਡਾ ਮੋੜ ਧੁੱਸੀ ਬੰਨ ਵਿਖੇ ਨਾਕਾਬੰਦੀ ਕਰਕੇ ਗੱਡੀਆਂ ਦੀ ਚੈਕਿੰਗ ਕਰ ਰਹੇ ਸਨ ਕਿ ਦੋਰਾਂਨੇ ਚੈਕਿੰਗ ਮੁਕੇਰੀਆਂ ਸਾਈਡ ਤੋ ਇੱਕ ਹੀਰੋਹਡਾ ਡੀਲੈਕਸ ਮੋਟਰਸਾਈਕਲ ਤੇ ਦੋ ਵਿਅਕਤੀ ਆਉਦੇ ਦਿਖਾਈ ਦਿੱਤੇ। ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਇਕਲ ਦੇ ਪਿੱਛੇ ਬੈਠਾ ਵਿਅਕਤੀ ਮੋਟਰਸਾਇਕਲ ਤੋਂ ਉਤਰ ਦੇ ਦੋੜ ਗਿਆ ਅਤੇ ਮੋਟਰਸਾਈਕਲ ਚਲਾ ਰਹੇ ਵਿਅਕਤੀ ਜਿਸ ਦੀ ਪਹਿਚਾਨ ਬਾਅਦ ਵਿੱਚ ਗੁਰਸਹਿਬਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਗੋਗੜ ਥਾਣਾ ਰਮਦਾਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਤੌਰ ਤੇ ਹੋਈ ਨੂੰ ਕਾਬੂ ਕਰਕੇ ਮੋਟਰਸਾਇਕਲ ਤੇ ਰੱਖੇ ਦੋ ਬੈਗਾਂ ਨੂੰ ਖੋਲ ਕੇ ਚੈਕ ਕੀਤਾ ਤਾਂ ਇੱਕ ਬੈਗ ਵਿੱਚੋ 4 ਕਿੱਲੋ 200 ਗ੍ਰਾਮ ਡੋਡੇ ਪੋਸਤ ਅਤੇ ਦੂਸਰੇ ਬੈਗ ਵਿਚੋ 3 ਕਿੱਲੋ 800 ਗ੍ਰਾਮ ਡੋਡੇ ਪੋਸਤ ਬਰਾਮਦ ਹੋਏ ਹਨ।
ਐਸ ਐਚ ਓ ਮੈਡਮ ਕ੍ਰਿਸ਼ਮਾ ਨੇ ਦੱਸਿਆ ਕਿ ਫਰਾਰ ਹੋਏ ਦੂਜੇ ਦੋਸ਼ੀ ਜਿਸ ਦੀ ਪਹਿਚਾਨ ਹਰਪਿੰਦਰ ਸਿੰਘ ਪਿੰਦਰ ਪੁੱਤਰ ਹਰਭਜਨ ਸਿੰਘ ਵਾਸੀ ਜੱਟਾ ਥਾਣਾ ਰਮਦਾਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਤੌਰ ਤੇ ਹੋਈ ਹੈ ਨੂੰ ਵੀ ਮਾਮਲੇ ਵਿੱਚ ਨਾਮਜਦ ਕਰ ਲਿਆ ਗਿਆ ਹੈ ਤੇ ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।