ਹਰਿਆਣਾ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ, ਆਵਾਜਾਈ ਵਧਣ ਕਾਰਨ ਰਾਹਗੀਰ ਹੋ ਰਹੇ ਨੇ ਖੱਜਲ-ਖੁਆਰ - ਸਥਾਨਕ ਰਾਹਗੀਰ
ਮਲਕੀਤ ਸਿੰਘ ਮਲਕਪੁਰ
ਲਾਲੜੂ 7 ਜੁਲਾਈ 2024: ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸੰਭੂ ਅਤੇ ਖਨੌਰੀ ਬਾਰਡਰ ਉੱਤੇ ਧਰਨਾ ਦਿੱਤਾ ਜਾ ਰਿਹਾ ਹੈ , ਜਿਸ ਦੇ ਚਲਦਿਆਂ ਹਰਿਆਣਾ ਸਰਕਾਰ ਵੱਲੋਂ ਦੋਵੇਂ ਥਾਵਾਂ ਉੱਤੇ ਬਾਰਡਰ ਬੰਦ ਕੀਤੇ ਹੋਏ ਹਨ । ਬਾਰਡਰ ਬੰਦ ਹੋਣ ਨਾਲ ਜਿੱਥੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਆਵਾਜਾਈ ਦੀ ਤਦਾਦ ਦੋਗੁਣੀ ਹੋ ਗਈ ਹੈ, ਉੱਥੇ ਹੀ ਇਸ ਮਾਰਗ ਉੱਤੇ ਦੁਰਘਟਨਾਵਾਂ ਵਿੱਚ ਵਾਧਾ ਹੋਇਆ ਹੈ। ਸਥਾਨਕ ਰਾਹਗੀਰ ਜਗਤਾਰ ਸਿੰਘ ਧਰਮਗੜ੍ਹ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਰਾਮਗੜ੍ਹ ਰੁੜਕੀ, ਬਿੱਲੂ ਜਾਸਤਨਾਂ ਕਲਾਂ, ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸੜਕ ਦੀ ਸਮਰੱਥਾ ਤੋਂ ਵੱਧ ਆਵਾਜਾਈ ਹੋਣ ਕਾਰਨ ਜਿੱਥੇ ਸਥਾਨਕ ਲੋਕਾਂ ਨੂੰ ਆਪਣੀ ਮੰਜ਼ਿਲ ਉੱਤੇ ਪੁੱਜਣਾਂ ਔਖਾ ਹੋਇਆ ਪਿਆ ਹੈ, ਉੱਥੇ ਹੀ ਪੰਜ ਮਿੰਟ ਦਾ ਸਫਰ ਘੰਟਿਆਂ ਵਿੱਚ ਪੂਰਾ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਵਾਜਾਈ ਦੀ ਤਦਾਦ ਵੱਧ ਹੋਣ ਕਾਰਨ ਵੱਡੇ ਵਾਹਨ ਅੱਗੇ ਲੰਘਣ ਦੀ ਤਾਂਘ ਵਿੱਚ ਛੋਟੇ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਵਾਹਨ ਹਾਦਸਾਗ੍ਰਸਤ ਹੋ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੂੰ ਕਿਸਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਵੱਧ ਰਹੀ ਅਵਾਜਾਈ ਵਿੱਚ ਕਮੀ ਆ ਸਕੇ ਅਤੇ ਸਥਾਨਕ ਲੋਕਾਂ ਨੂੰ ਕੁੱਝ ਰਾਹਤ ਮਿਲੇ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਪਿੰਡ ਟਿਵਾਣਾ ਅਤੇ ਖਜੂਰਮੰਡੀ ਨੇੜੇ ਲੱਗੇ ਆਰਜੀ ਪੁੱਲਾਂ ਰਾਹੀਂ ਵਾਹਨ ਲੰਘ ਜਾਂਦੇ ਸਨ, ਪਰ ਹੁਣ ਬਰਸਾਤ ਪੈਣ ਕਾਰਨ ਘੱਗਰ ਦਰਿਆਂ ਉੱਤੇ ਬਣੇ ਪੁੱਲ ਖਤਰੇ ਦੇ ਨਿਸ਼ਾਨ ਉੱਤੇ ਹਨ, ਜਿਸ ਦੇ ਚਲਦਿਆਂ ਉਥੋਂ ਜਾਣ ਵਾਲੀ ਅਵਾਜਾਈ ਨੂੰ ਰੋਕ ਦਿੱਤਾ ਗਿਆ ਹੈ ਅਤੇ ਹੁਣ ਉਹ ਆਵਾਜਾਈ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਉੱਤੇ ਚੱਲਣ ਲੱਗੀ ਹੈ, ਜਿਸ ਦੇ ਚਲਦਿਆਂ ਹੁਣ ਪਿੰਡ ਸਰਸੀਣੀ ਤੋਂ ਲੈ ਕੇ ਟੋਲ ਪਲਾਜਾ ਤੱਕ 24 ਘੰਟੇ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ ਅਤੇ ਦੋ ਪਹੀਆ ਵਾਹਨ ਤੇ ਛੋਟੇ ਵਾਹਨ ਹਾਦਸਾਗ੍ਰਸਤ ਹੋ ਰਹੇ ਹਨ।
ਉਨ੍ਹਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਸਰਕਾਰ ਨਾਲ ਗੱਲਬਾਤ ਕਰਕੇ ਬੰਦ ਕੀਤਾ ਸੰਭੂ ਅਤੇ ਖਨੌਰੀ ਬਾਰਡਰ ਨੂੰ ਖੋਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਕੁੱਝ ਰਾਹਤ ਦੀ ਸਾਹ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਸੰਭੂ ਅਤੇ ਖਨੌਰੀ ਬਾਰਡਰ ਕਿਸਾਨਾਂ ਨੇ ਨਹੀਂ ਸਗੋਂ ਹਰਿਆਣਾ ਦੀ ਭਾਜਪਾ ਸਰਕਾਰ ਨੇ ਰੋਕਿਆ ਹੋਇਆ ਹੈ, ਜਿਸ ਕਾਰਨ ਪੰਜਾਬ, ਜੰਮੂ ਅਤੇ ਹਿਮਾਚਲ ਦੇ ਲੋਕਾਂ ਨੂੰ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਰਾਹੀਂ ਦਿੱਲੀ ਜਾਣਾ ਪੈ ਰਿਹਾ ਹੈ, ਜੋ ਅਵਾਜਾਈ ਵਿੱਚ ਵਾਧਾ ਕਰ ਰਹੇ ਹਨ।