ਅਕਾਲ ਤਖਤ ਜਾ ਕੇ ਖਿਮਾ ਯਾਚਨਾ ਕਰਨ ਵਾਲੇ ਅਕਾਲੀ ਆਪਣੀਆਂ ਜਾਇਦਾਦਾਂ ਲਾਉਣ ਪੰਥ ਦੇ ਲੇਖੇ - ਮਨਿੰਦਰ ਘੁੰਮਣ
ਰੋਹਿਤ ਗੁਪਤਾ
ਗੁਰਦਾਸਪੁਰ 4 ਜੂਨ 2024 - ਆਪਣੇ ਆਪ ਨੂੰ ਪੰਥਕ ਦਸੱਣ ਵਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੋ ਫਾੜ ਹੋਇਆ ਪਿਆ ਹੈ। ਅਕਾਲੀ ਦਲ ਨੇ ਕਦੇ ਵੀ ਕਿਸੇ ਪੰਥਕ ਸੋਚ ਵਾਲੇ ਦਾ ਪਾਰਟੀ ਜਾਂ ਸਰਕਾਰਾਂ ਵਿੱਚ ਕੋਈ ਮਾਣ ਸਤਿਕਾਰ ਨਹੀ ਕੀਤਾ, ਭਾਵੇਂ ਉਹ ਬੀਬੀ ਖਾਲੜਾ ਹੋਵੇ ਤੇ ਭਾਵੇਂ ਅੱਜ ਦੇ ਸਮੇਂ ਦੇ ਆਗੂ ਅਤੇ ਅਨੇਕਾਂ ਸੰਸਥਾਵਾ ਨੂੰ ਵੀ ਇਹਨਾ ਖਤਮ ਕਰ ਦਿੱਤਾ। ਉਪਰੋਕਤ ਵਿਚਾਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸਕੱਤਰ ਜਰਨਲ ਅਤੇ ਮੌਜੂਦਾ ਆਮ ਆਦਮੀ ਪਾਰਟੀ ਦੇ ਆਗੂ ਮਨਿੰਦਰਪਾਲ ਸਿੰਘ ਘੁੰਮਣ ਨੇ ਇੱਕ ਪ੍ਰੈਸ ਵਾਰਤਾਲਾਪ ਦੌਰਾਨ ਪ੍ਰਗਟ ਕੀਤੇ। ਘੁੰਮਣ ਨੇ ਕਿਹਾ ਕਿ ਜਿਹੜੇ ਅਕਾਲੀ ਲੀਡਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਖਿਮਾ ਜਾਚਨਾ ਦਾ ਡਰਾਮਾ ਕਰ ਰਹੇ ਹਨ। ਉਹਨਾਂ ਨੂੰ ਪਹਿਲਾ ਕਦੇ ਪੰਥ ਚੇਤੇ ਨਹੀਂ ਆਇਆ। ਉਨਾਂ ਕਿਹਾ ਕਿ ਜਦ ਇਹ ਲੋਕ ਸਭਾ 'ਚ ਸੀ ਤੇ ਸਰਕਾਰਾਂ 'ਚ ਉੱਚ ਅਹੁੱਦੇ ਹੰਡਾਅ ਰਹੇ ਸੀ, ਉਸ ਸਮੇਂ ਤਾਂ ਇਹਨਾ ਲੋਕਾਂ ਨੂੰ ਕਦੇ ਪੰਥ ਚੇਤੇ ਨਹੀਂ ਆਇਆ। ਅੱਜ ਸਿਆਸੀ ਹੋਂਦ ਨੂੰ ਖਤਰਾ ਹੋਇਆ ਹੈ ਤਾਂ ਇਹਨਾ ਲੋਕਾ ਨੂੰ ਪੰਥ ਯਾਦ ਆ ਰਿਹਾ ਹੈ।
ਘੁੰਮਣ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੀ ਸਿਆਸੀ ਹੋਂਦ ਨੂੰ ਬਚਾਉਣ ਲਈ ਕਈ ਤਰ੍ਹਾਂ ਦੇ ਡਰਾਮੇ ਕੀਤੇ ਜਾ ਰਹੇ ਹਨ। ਇਸ ਅਕਾਲੀ ਦਲ ਨੇ ਫੈਡਰੇਸ਼ਨਾ ਵਿੱਚ ਧੜੇਬੰਦੀ ਕਰਵਿ ਕੇ ਪਹਿਲਾਂ ਸੋਚੀ ਸਮਝੀ ਰਣਨੀਤੀ ਨਾਲ ਫੈਡਰੇਸ਼ਨਾਂ ਖਤਮ ਕੀਤੀਆਂ, ਜਦਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਕਦੇ ਕੌਮ ਦਾ ਹਰਿਆਵਲ ਦਸਤਾ ਹੋਇਆ ਕਰਦਾ ਸੀ ਤੇ ਇਸ ਫੈਡਰੇਸ਼ਨ ਵਿੱਚੋਂ ਹੀ ਨੌਜਵਾਨ ਲੀਡਰਸ਼ਿਪ ਨਿਕਲਦੀ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਬਾਦਲ ਵੱਲੋਂ ਗਰੀਬ ਪੰਥਕ ਲੋਕਾਂ ਨੂੰ ਲਾਂਭੇ ਕਰਕੇ ਅਕਾਲੀ ਦਲ ਨੂੰ ਕੁਝ ਅਮੀਰਾਂ ਤੇ ਭ੍ਰਿਸ਼ਟ ਲੋਕਾਂ ਦੀ ਪਾਰਟੀ ਬਣਾ ਦਿੱਤਾ ਗਿਆ ਸੀ। ਅਕਾਲੀ ਦਲ ਦੇ ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਤੇ ਖਿਮਾ ਜਾਚਨਾ (ਮੁਆਫੀ ਮੰਗਣ) ਲਈ ਆਏ ਹਨ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸੱਤਾ 'ਚ ਆ ਕੇ ਨਜਾਇਜ਼ ਤਰੀਕਿਆਂ ਨਾਲ ਬਣਾਈ ਗਈ ਜਾਇਦਾਦ ਅਤੇ ਭ੍ਰਿਸ਼ਟਾਚਾਰ ਕਰਕੇ ਕਮਾਇਆ ਗਿਆ ਧੰਨ ਵੀ ਕੌਮ ਦੇ ਲੇਖੇ ਲਾਉਣ 'ਤੇ ਅਕਾਲ ਤਖਤ ਸਾਹਿਬ 'ਤੇ ਜਮ੍ਹਾ ਕਰਵਾਉਣ।
ਘੁੰਮਣ ਨੇ ਕਿਹਾ ਕਿ ਇਹ ਲੋਕ ਹੁਣ ਨਵੇਂ ਸਿਰੇ ਤੋਂ ਸਿਆਸੀ ਜਮੀਨ ਦੀ ਤਲਾਸ਼ 'ਚ ਹਨ ਤੇ ਕੌਮ ਇਹਨਾਂ ਨੂੰ ਕਦੇ ਮੂੰਹ ਨਹੀਂ ਲਾਏਗੀ। ਕੌਮ ਨੂੰ ਅੱਜ ਜਰੂਰਤ ਹੈ ਉਹਨਾਂ ਤਿਆਗੀ ਅਤੇ ਚਰਿਤਰਵਾਨ ਲੋਕਾਂ ਦੀ ਜਿਨਾਂ ਦੀ ਸੋਚ ਹੋਵੇ ਕਿ 'ਪੰਥ ਵਸੇ ਬੇਸ਼ਕ ਮੈਂ ਉਜੜ ਜਾਵਾਂ' ਜਿਵੇਂ ਕਦੇ ਪਹਿਲੇ ਅਕਾਲੀਆਂ ਦੀ ਹੁੰਦੀ ਸੀ ਜਿਵੇ ਸੰਤ ਫਤਿਹ ਸਿੰਘ, ਮਾਸਟਰ ਤਾਰਾ ਸਿੰਘ, ਮੋਹਣ ਸਿੰਘ ਤੁੜ ਆਦਿ। ਪਰ ਬੜੇ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਵੀ ਉਹਨਾ ਪੈੜਾਂ 'ਤੇ ਤੁਰ ਪਿਆ ਹੈ ਜਿਦਾ ਪਿਤਾ ਲੀਡਰ, ਉਸ ਦਾ ਮੁੰਡਾ ਵੀ ਲੀਡਰ, ਪਿਓ ਮੰਤਰੀ ਤੇ ਅੱਗੇ ਮੁੰਡੇ ਨੂੰ ਵੀ ਆਪਣਾ ਹਲਕਾ ਇਸ ਤਰ੍ਹਾਂ ਸੌਂਪ ਕੇ ਜਾਂਦੇ ਜਿਵੇਂ ਇਹਨਾ ਦੇ ਪਿਓ ਦਾਦੇ ਦੀ ਜੱਦੀ ਜਾਇਦਾਦ ਹੁੰਦੀ ਹੈ। ਇਹਨਾ ਲੋਕਾ ਰੱਜ ਕੇ ਪੈਸੇ ਕਮਾਏ ਹਨ ਤੇ ਹਲਕਿਆਂ ਵਿੱਚ ਹੀ ਪੈਸੇ ਦੀ ਧੋਂਸ ਨਾਲ ਅੱਗੇ ਕਿਸੇ ਦੇ ਪੈਰ ਨਹੀ ਲੱਗਣ ਦਿੱਤੇ, ਜਦੋਂ ਲੋਕ ਸਮਝੇ ਅਤੇ ਬਦਲਾਅ ਲਿਆਂਦਾ ਤਾਂ ਇਹ ਲੋਕ ਅੱਜ ਪੰਥ ਦਾ ਸਹਾਰਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਕੇ ਖਿਮਾ ਜਾਚਨਾ ਕਰਕੇ ਆਪਣੇ ਆਪ ਨੂੰ ਸਿੱਖ ਦੱਸਣ ਦੀ ਕੋਸ਼ਿਸ਼ ਕਰ ਰਹੇ।