ਵਿਦਿਆਰਥੀਆਂ ਤੋਂ ਵਸੂਲੇ ਜਾਣ ਵਾਲੇ ਪੀ.ਟੀ.ਏ. ਫੰਡ ਦਾ ਵਿਰੋਧ ਕਰਨ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ,2 ਜੁਲਾਈ 2024:ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਵਿਦਿਆਰਥੀਆਂ ਤੋਂ ਵਸੂਲੇ ਜਾਂਦੇ ਪੀਟੀਏ ਫੰਡ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਵਿਦਿਆਰਥੀ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੀਟਿੰਗ ਵਿੱਚ ਨਵੇਂ ਸੈਸ਼ਨ ਮੌਕੇ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਆਉਣ ਵਾਲੇ ਦਿਨਾਂ ਵਿੱਚ ਹੈਲਪ ਡੈਸਕ ਲਾਉਣ ਅਤੇ ਕਾਲਜ ਇਕਾਈ ਵੱਲੋਂ ਸੂਬਾ ਜਥੇਬੰਦਕ ਕਮੇਟੀ ਦੇ ਫ਼ੈਸਲੇ ਮੁਤਾਬਕ ਐੱਸ. ਸੀ. ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲਾ ਪੀ.ਟੀ.ਏ. ਫੰਡ ਦਾ ਵੀ ਪੁਰਜ਼ੋਰ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ।
ਵਿਦਿਆਰਥੀ ਆਗੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਾਂਸਟੀਚੂਐਂਟ ਕਾਲਜਾਂ ਚ ਪੜ੍ਹਦੇ ਐੱਸ ਸੀ ਵਿਦਿਆਰਥੀਆਂ ਤੋਂ ਪੀ ਟੀ ਏ (PTA FUND) ਵਸੂਲਣ ਦਾ ਫੁਰਮਾਨ ਜਾਰੀ ਕੀਤਾ ਹੈ, ਜਿਸਦਾ ਅਸੀਂ ਵਿਰੋਧ ਕਰਦੇ ਹਾਂ। ਕਿਉਕਿ ਪੋਸਟ ਮੈਟਰਿਕ ਸਕਾਲਰਸ਼ਿਪ ਅਧੀਨ ਕਿਸੇ ਵੀ ਵਿਦਿਆਰਥੀ ਤੋਂ ਕਿਸੇ ਤਰਾਂ ਦਾ ਫੰਡ ਨਹੀਂ ਵਸੂਲਿਆ ਜਾ ਸਕਦਾ।ਜਦੋਂ ਸਰਕਾਰੀ ਸਿੱਖਿਆ ਨੂੰ ਲੋੜ ਨਾਲੋਂ ਘੱਟ ਗਰਾਂਟ ਮਿਲ ਰਹੀ ਹੈ ਤਾਂ ਆਮ ਵਿਦਿਆਰਥੀਆਂ ਤੋਂ ਵੱਖੋ ਵੱਖ ਢੰਗਾਂ ਨਾਲ ਯੂਨੀਵਰਸਿਟੀਆਂ ਦੇ ਖਰਚੇ ਚਲਾਉਣ ਦੇ ਤਰੀਕੇ ਕੱਢੇ ਜਾ ਰਹੇ ਨੇ। ਜਦ ਕੇ ਇਹ ਸਰਕਾਰ ਦੀ ਮੁੱਖ ਜਿੰਮੇਵਾਰੀ ਹੈ ਕਿ ਸਿੱਖਿਆ ਸੰਸਥਾਵਾਂ ਨੂੰ ਕਿਸੇ ਕਿਸਮ ਦੀ ਆਰਥਿਕ ਮਦਦ ਪੱਖੋਂ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ।
ਵਿਦਿਆਰਥੀ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਸੁਚੱਜੇ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਨੂੰ ਇਸ ਫੈਂਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜੇਕਰ ਫੈਂਸਲਾ ਵਾਪਸ ਨਾ ਲਿਆ ਤਾਂ ਜਥੇਬੰਦੀ ਵੱਲੋਂ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਵਿਦਿਆਰਥੀ ਆਗੂ ਗੁਰਦਾਤ ਸਿੰਘ ਤੇ ਅਕਾਸ਼ਦੀਪ ਸਿੰਘ ਵੀ ਸ਼ਾਮਲ ਸਨ।