ਵਰਕ ਪਰਮਿਟ ਦੀ ਬਜਾਏ ਟੂਰਿਸਟ ਵੀਜ਼ਾ ਤੇ ਨੌਜਵਾਨ ਨੂੰ ਭੇਜਿਆ ਵਿਦੇਸ਼, ਕੰਮ ਮੰਗਣ ਤੇ ਕਰਵਾਈ ਮਾਰਕੁਟਾਈ
- ਏਜੰਟ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 2 ਜੂਨ 2024 - ਐਨਆਰਆਈ ਥਾਨਾ ਗੁਰਦਾਸਪੁਰ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਦੇ ਅਧਾਰ ਤੇ ਇੱਕ ਏਜੈਂਟ ਦੇ ਖਿਲਾਫ ਬਾਹਰ ਭੇਜਣ ਦੇ ਨਾਂ ਤੇ 3 ਲੱਖ 15 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਏਜੈਂਟ ਵੱਲੋਂ ਨੌਜਵਾਨ ਔਰਨ ਮਸੀਹ ਨੂੰ ਵਿਦੇਸ਼ ਵਿੱਚ ਵਰਕ ਪਰਮਿਟ ਤੇ ਭੇਜਣ ਅਤੇ ਕੰਮ ਦਵਾਉਣ ਦਾ ਝਾਂਸਾ ਦੇ ਕੇ ਪੈਸੇ ਲਏ ਗਏ ਜਦਕਿ ਉਸਨੂੰ ਟੂਰਿਸਟ ਵੀਜ਼ਾ ਤੇ ਵਿਦੇਸ਼ ਭੇਜਿਆ ਗਿਆ ਅਤੇ ਕੰਮ ਮੰਗਣ ਤੇ ਉਸ ਨਾਲ ਮਾਰ ਕੁਟਾਈ ਵੀ ਕੀਤੀ ਜਾਂਦੀ ਰਹੀ।
ਔਰਨ ਮਸੀਹ ਪੁੱਤਰ ਬਲਦੇਵ ਮਸੀਹ ਪਿੰਡ ਲੁਕਮਾਨੀਆ ਥਾਣਾ ਕੋਟਲੀ ਸੂਰਤ ਮੱਲੀ ਤਹਿਸੀਲ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਨੇ ਪੁਲਿਸ ਨੂੰ ਦੱਸਿਆ ਕਿ ਉਸ ਕੋਲੋਂ ਸੁਨੀਲ ਮਸੀਹ ਪੁੱਤਰ ਅਜੈਕ ਮਸੀਹ ਪਿੰਡ ਰਾਉਵਾਲ ਥਾਣਾ ਕੋਟਲੀ ਸੁਰਤ ਮੱਲੀ ਨੇ ਅਰਮੀਨੀਆ ਭੇਜਣ ਵਾਸਤੇ ਰਕਮ 2 ਲੱਖ 70 ਹਜ਼ਾਰ ਰੁਪਏ ਲਏ ਸੀ।ਰਕਮ ਉਸਨੇ ਗੂਗਲ ਪੇ ਰਾਹੀਂ ਸੁਨੀਲ ਮਸੀਹ ਦੇ ਅਕਾਊਂਟ ਵਿੱਚ ਭੇਜੀ ਸੀ ਜਿਸ ਤੋ ਬਾਅਦ ਸੁਨੀਲ ਮਸੀਹ ਨੇ ਉਸਨੂੰ ਨਵੰਬਰ 2023 ਵਿੱਚ ਅਰਮੀਨੀਆ ਵਿੱਚ ਟੂਰਿਸਟ ਵੀਜੇ ਤੇ ਭੇਜਿਆ ਸੀ ਅਤੇ ਕਿਹਾ ਕਿ ਉਥੇ ਜਾ ਕੇ ਤੇਰਾ ਵਰਕ ਪਰਮਿਟ ਲਗਵਾ ਦੇਵਾਗਾ, ਪਰ ਉਸਨੇ ਉੱਥੇ ਮੈਂਨੂੰ ਕੋਈ ਵੀ ਕੰਮ ਨਹੀਂ ਦਵਾਇਆ ਅਤੇ ਨਾ ਹੀ ਮੇਰਾ ਵਰਕ ਪਰਮਿਟ ਲਗਾਇਆ।
ਉਸ ਨੇ ਦੱਸਿਆ ਕਿ ਜਦੋਂ ਮੈਂ ਉੱਥੇ ਪਹੁੰਚਿਆ ਤਾ ਮੇਰੇ ਕੋਲੇ ਵੀਹ ਹਜਾਰ ਰੁਪਏ ਹੋਰ ਤੇ ਮੇਰਾ ਪਾਸਪੋਰਟ ਵੀ ਖੋਹ ਲਿਆ ਗਿਆ । ਇਹੋ ਨਹੀਂ ਕੰਮ ਬਾਰੇ ਪੁੱਛਣ ਤੇ ਬਾਊਂਸਰਾਂ ਕੋਲੋਂ ਮੇਰੀ ਮਾਰ-ਕੁਟਾਈ ਕਰਵਾਉਣੀ ਸੁਰੂ ਕਰ ਦਿੱਤੀ।
ਨੌਜਵਾਨ ਔਰਨ ਮਸੀਹ ਅਨੁਸਾਰ ਕੁਝ ਦਿਨ ਬਾਅਦ ਜਦੋਂ ਕੋਈ ਕੰਮ ਨਹੀਂ ਮਿਲਿਆ ਤਾਂ ਮੈਂ ਉਹਨਾਂ ਨੂੰ ਵਾਪਸ ਭਾਰਤ ਭੇਜਣ ਲਈ ਹੱਥ ਪੈਰ ਜੋੜੇ ਤਾਂ ਉਨਾਂ ਨੇ ਧੱਕੇ ਨਾਲ ਮੇਰੇ ਕੋਲੋ ਲਿਖਵਾਇਆ ਕਿ ਮੈਂ ਆਪਣੀ ਮਰਜੀ ਨਾਲ ਵਾਪਸ ਜਾ ਰਿਹਾ ਹਾਂ ,ਇਸ ਵਿੱਚ ਏਜੰਟ ਦੀ ਕੋਈ ਜਿੰਮੇਵਾਰੀ ਨਹੀ ਹੋਵੇਗੀ। ਫੇਰ ਮੈਂ 45 ਹਜਾਰ ਘਰੋਂ ਮੰਗਵਾਏ ਅਤੇ ਟਿਕਟ ਕਰਵਾ ਕੇ ਇੰਡੀਆ ਵਿਖੇ ਵਾਪਸ ਆ ਗਿਆ। ਇਸ ਤਰਾ ਸੁਨੀਲ ਮਸੀਹ ਨੇ ਮੇਰੇ ਨਾਲ ਰਕਮ 3 ਲੱਖ 35 ਹਜ਼ਾਰ ਰੁਪਏ ਦੀ ਠੱਗੀ ਮਾਰ ਚੁੱਕਾ ਸੀ। ਮੈ ਵਾਪਸ ਆ ਕੇ ਸੁਨੀਲ ਮਸੀਹ ਨੂੰ ਕਿਹਾ ਮੇਰੇ ਪੈਸੇ ਵਾਪਸ ਕਰ ਦੇ ਤਾਂ ਉਹ ਮੈਨੂੰ ਟਾਲ-ਮਟੋਲ ਕਰਦਾ ਰਿਹਾ ਫੇਰ ਮੇਰੇ ਜਿਆਦਾ ਕਹਿਣ ਕਰਕੇ ਉਨੇ ਮੈਨੂੰ ਸਿਰਫ ਰਕਮ ਵੀਹ ਹਜਾਰ ਰੁਪਏ ਵਾਪਸ ਕਰ ਦਿੱਤੇ ਅਤੇ ਉਸ ਤੋਂ ਬਾਅਦ ਮੇਰਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ।
ਨੌਜਵਾਨ ਔਰਨ ਮਸੀਹ ਅਨੁਸਾਰ ਹਰ ਪਾਸੋਂ ਨਿਰਾਸ਼ ਹੋਣ ਤੋਂ ਬਾਅਦ ਉਸਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖੇ ਜਿਸ ਤੋਂ ਬਾਅਦ ਐਨਆਰਆਈ ਥਾਣਾ ਗੁਰਦਾਸਪੁਰ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਾਂਚ ਤੋਂ ਬਾਅਦ ਏਜੈਂਟ ਸੁਨੀਲ ਮਸੀਦ ਦੇ ਖਿਲਾਫ ਧਾਰਾ 406,420 ਅਤੇ ਇਮੀਗ੍ਰੇਸ਼ਨ ਐਕਟਰ ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।