ਰੋਪੜ ਵਿੱਚ ਹੋਈ ਭਰਵੀਂ ਬਾਰਿਸ਼ ਨਾਲ ਗਰਮੀ ਤੋਂ ਰਾਹਤ
- ਪਹਿਲੀ ਬਾਰਸ਼ ਨੇ ਖੋਲੀ ਹੜ੍ਹ ਪ੍ਰਬੰਧਾਂ ਦੀ ਪੋਲ, ਗੁਰੂ ਨਗਰ ਕਲੋਨੀ ਦੇ ਘਰਾਂ ਦੇ ਵਿਹੜਿਆਂ ਵਿੱਚ ਵੜਿਆ ਪਾਣੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 2 ਜੁਲਾਈ 2024 : ਰੋਪੜ ਸ਼ਹਿਰ ਅਤੇ ਆਸਪਾਸ ਦੇ ਖੇਤਰਾਂ ਵਿੱਚ ਅੱਜ ਸਵੇਰੇ ਹੋਈ ਬਾਰਿਸ਼ ਨਾਲ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤਾ ਹੈ। ਅੱਜ ਸਵੇਰੇ ਅੱਠ ਵਜੇ ਦੇ ਕਰੀਬ ਇਕਦਮ ਹੋਈ ਬਾਰਿਸ਼ ਦੇ ਪਾਣੀ ਨਾਲ ਸੜਕਾਂ, ਗਲੀਆਂ ਤੇ ਸ਼ਹਿਰ ਦੇ ਬਜ਼ਾਰ ਜਲਥਲ ਹੋਏ। ਜਿਥੇ ਇਕ ਪਾਸੇ ਲੋਕਾਂ ਨੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉਥੇ ਹੀ ਰੋਪੜ ਸ਼ਹਿਰ ਦੇ ਨੀਵੇਂ ਮੁਹੱਲਿਆਂ ਵਿਚ ਮੀਂਹ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ ਨਾਲ ਲਗਦੇ ਮਹੁੱਲਾ ਗੁਰੂ ਨਗਰ ਦੇ ਘਰਾਂ ਦੇ ਵਿਹੜਿਆਂ ਵਿੱਚ ਮੀਂਹ ਦਾ ਪਾਣੀ ਭਰ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੁਝ ਸਮਾਂ ਬਾਰਿਸ਼ ਹੋ ਪੈ ਜਾਂਦੀ ਤਾਂ ਪਾਣੀ ਘਰਾਂ ਦੇ ਅੰਦਰ ਦਾਖਲ ਹੋ ਜਾਣਾ ਸੀ । ਲੋਕਾਂ ਦਾ ਕਹਿਣਾ ਹੈ ਮਹੱਲੇ ਵਿੱਚ ਕੁੱਝ ਘਰਾਂ ਅੰਦਰ ਡੇਅਰੀ ਫਾਰਮ ਵਾਲਿਆਂ ਵੱਲੋਂ ਪਸ਼ੂਆਂ ਦਾ ਗੋਬਰ ਸੀਵਰੇਜ ਵਿੱਚ ਸੁੱਟਣ ਕਾਰਨ ਸੀਵਰੇਜ ਜਾਮ ਰਹਿੰਦਾ ਹੈ ਅਤੇ ਇਹ ਖੇਤਰ ਨੀਵਾਂ ਹੋਣ ਕਰਕੇ ਸਾਹਮਣੇ ਰੋਪੜ ਚੰਡੀਗੜ੍ਹ ਹਾਈਵੇ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤੀ ਮੌਸਮ ਵਿੱਚ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਹੈ।
ਵਰਨਣਯੋਗ ਹੈ ਕਿ ਪਿਛਲੇ ਸਾਲ ਬਰਸਾਤ ਦੌਰਾਨ ਇਸ ਖੇਤਰ ਦੇ ਘਰਾਂ ਵਿੱਚ ਪਾਣੀ ਨੇ ਕਾਫੀ ਨੁਕਸਾਨ ਕੀਤਾ ਸੀ ਅਤੇ ਇਸ ਮੁਹੱਲੇ ਦੇ ਬਿਲਕੁਲ ਨਾਲ ਬਿਜਲੀ ਦਾ 132ਕੇਵੀ ਗਰਿਡ ਵਿੱਚ ਪਾਣੀ ਦਾਖ਼ਲ ਹੋ ਗਿਆ ਸੀ ਜਿਸ ਨਾਲ ਰੋਪੜ ਸ਼ਹਿਰ ਅਤੇ ਨੇੜਲੇ ਪੇਂਡੂ ਖੇਤਰਾਂ ਦੀ ਕਈ ਦਿਨ ਬਿਜਲੀ ਸਪਲਾਈ ਪੂਰੀ ਤਰ੍ਹਾਂ ਠੱਪ ਰਹੀ ਸੀ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਮੌਸਮ ਸਿਰ ਤੇ ਹੈ , ਸਮੇਂ ਦੇ ਰਹਿੰਦਿਆਂ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ ਅਤੇ ਬਰਸਾਤੀ ਪਾਣੀ ਦੇ ਨਿਕਾਸ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜ਼ੋ ਪਿਛਲੇ ਸਾਲ ਵਰਗੇ ਭਿਆਨਕ ਹਾਲਾਤਾਂ ਤੋਂ ਬਚਿਆ ਜਾ ਸਕੇ।