ਕਾਲੇ ਕਾਨੂੰਨਾਂ ਤੇ ਜਨਤਕ ਆਗੂਆਂ ਖਿਲਾਫ ਦਰਜ ਕੇਸਾਂ ਦੀ ਵਿਰੋਧਤਾ ਦਾ ਐਲਾਨ
ਅਸ਼ੋਕ ਵਰਮਾ
ਰਾਮਪੁਰਾ,30 ਜੂਨ 2024 : ਅੱਜ ਰਾਮਪੁਰਾ ਫੂਲ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਮੀਟਿੰਗ ਜਮਹੂਰੀ ਅਧਿਕਾਰ ਸਭਾ ਦੇ ਆਗੂ ਅਵਤਾਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਅਰੁੰਧਤੀ ਰਾਇ ਅਤੇ ਪ੍ਰੋ. ਸ਼ੌਕਤ ਹੁਸੈਨ ਉੱਪਰ 14 ਸਾਲ ਪੁਰਾਣੇ ਕੇਸ ਪਾ ਕੇ ਪਰਚੇ ਦਰਜ ਕਰਨ ਅਤੇ ਇੱਕ ਜੁਲਾਈ ਤੋਂ ਨਵੇਂ ਕਾਲੇ ਕਾਨੂੰਨ ਅਮਲ ’ਚ ਲਿਆਉਣ ਦੀ ਨਿਖੇਧੀ ਕੀਤੀ ਗਈ। ਇਸ ਮੌਕੇ ਇਹ ਫੈਸਲਾ ਲਿਆ ਗਿਆ ਕਿ ਫੂਲ ਕਚਹਿਰੀਆਂ ਦੇ ਗੇਟ ਅੱਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਅਤੇ ਰੋਸ ਮੁਜ਼ਾਹਰਾ ਕਰਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਐਸ.ਡੀ.ਐਮ ਫੂਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਇਸ ਸਬੰਧੀ 1 ਜੁਲਾਈ ਦਿਨ ਸੋਮਵਾਰ ਸਵੇਰ 10 ਵਜੇ ਪੈਨਸ਼ਨਰ ਭਵਨ ਫੂਲ ਵਿਖੇ ਪਹੁੰਚਣ ਲਈ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਗਈ। ਮੀਟਿੰਗ ਵਿੱਚ ਹਰਭਜਨ ਸਿੰਘ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਬਲਾਕ ਫੂਲ, ਜਗਜੀਤ ਸਿੰਘ ਟੈਕਨੀਕਲ ਸਰਵਿਸ ਯੂਨੀਅਨ ਮੰਡਲ ਰਾਮਪੁਰਾ, ਹਰਜਿੰਦਰ ਸਿੰਘ ਮੈਡੀਕਲ ਪ੍ਰੈਕਟਿਸ਼ਨਰ ਯੂਨੀਅਨ, ਗੁਰਨਾਮ ਸਿੰਘ ਬੀ.ਕੇ.ਯੂ. ਡਕੌਦਾਂ, ਸੁਖਦੇਵ ਸਿੰਘ ਜਵੰਦਾ ਬੀ.ਕੇ.ਯੂ ਉਗਰਾਹਾਂ, ਜਗਸੀਰ ਸਿੰਘ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ,ਭਗਵੰਤ ਸਿੰਘ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ, ਜੰਟਾ ਸਿੰਘ ਤਰਕਸ਼ੀਲ ਸੁਸਾਇਟੀ ਅਤੇ ਹੋਰ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।