"ਅਜੀਤ ਸੈਣੀ ਯਾਦਗਾਰੀ ਪੁਰਸਕਾਰ" ਲਖਵਿੰਦਰ ਸਿੰਘ ਜੌਹਲ ਨੂੰ ਭੇਟ
ਜਲੰਧਰ : 10 ਦਸੰਬਰ 2024 - ਜਲੰਧਰ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਇੱਥੇ ਇੱਕ ਭਾਵਪੂਰਤ ਸਮਾਗਮ ਕਰਕੇ ਉੱਘੇ ਸੁਤੰਤਰਤਾ ਸੈਨਾਨੀ ਅਜੀਤ ਸੈਣੀ ਦੀ ਯਾਦ ਵਿੱਚ ਦਿੱਤੇ ਜਾਣ ਵਾਲਾ "ਅਜੀਤ ਸੈਣੀ ਯਾਦਗਾਰੀ ਪੁਰਸਕਾਰ" ਉੱਘੇ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਨੂੰ ਭੇਂਟ ਕੀਤਾ ਗਿਆ।
ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਸੁਸਾਇਟੀ ਦੀ ਪ੍ਰਧਾਨ ਡਾਕਟਰ ਸੁਸ਼ਮਾ ਚਾਵਲਾ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਉੱਘੇ ਹਿੰਦੀ ਲੇਖਕ ਸੁਰੇਸ਼ ਸੇਠ ਸਨ। ਪ੍ਰਧਾਨਗੀ ਮੰਡਲ ਵਿੱਚ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਅਤੇ ਡਾਕਟਰ ਕਮਲੇਸ਼ ਸਿੰਘ ਦੁੱਗਲ ਵੀ ਸ਼ਾਮਿਲ ਰਹੇ। ਉੱਘੇ ਪੱਤਰਕਾਰ ਅਤੇ ਕਹਾਣੀਕਾਰ ਕੁਲਦੀਪ ਸਿੰਘ ਬੇਦੀ, "ਆਪਣੀ ਆਵਾਜ਼" ਮੈਗਜ਼ੀਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ, ਡਾਕਟਰ ਸੁਸ਼ਮਾ ਚਾਵਲਾ, ਯੂਨੀਵਰਸਿਟੀ ਕਾਲਜ ਜਲੰਧਰ ਦੇ ਓਐਸਡੀ ਡਾਕਟਰ ਕਮਲੇਸ਼ ਸਿੰਘ ਦੁੱਗਲ ਅਤੇ ਸਤਨਾਮ ਸਿੰਘ ਮਾਣਕ ਨੇ ਅਜੀਤ ਸੈਣੀ ਅਤੇ ਡਾਕਟਰ ਲਖਵਿੰਦਰ ਸਿੰਘ ਜੌਹਲ ਦੀਆਂ ਸਖਸ਼ੀਅਤਾਂ ਅਤੇ ਘਾਲਣਾਵਾਂ ਦਾ ਜ਼ਿਕਰ ਕੀਤਾ,ਅਤੇ ਕਿਹਾ ਕਿ ਸੁਸਾਇਟੀ ਦੀ ਚੋਣ ਸ਼ਲਾਘਾਯੋਗ ਹੈ।
ਸੋਸਾਇਟੀ ਦੇ ਅਹੁਦੇਦਾਰਾਂ ਐਚ.ਐਸ.ਕਾਲੜਾ,ਦੀਪਕ ਸ਼ਰਮਾ,ਅਤੇ ਕਰਨਲ ਜਗਦੀਪ ਸਿੰਘ ਸੈਣੀ ਦੇ ਨਾਲ ਨਾਲ ਸਮਾਗਮ ਵਿੱਚ ਡਾਕਟਰ ਉਮਿੰਦਰ ਸਿੰਘ ਜੌਹਲ ਦੁਆਬਾ ਕਾਲਜ, ਗੁਰਮੀਤ ਸਿੰਘ ਵਿਰਸਾ ਵਿਹਾਰ, ਮਲਕੀਤ ਸਿੰਘ ਬਰਾੜ "ਅੱਜ ਦੀ ਆਵਾਜ਼" ਅਤੇ ਬਲਦੇਵ ਕਿਸ਼ੋਰ ਸਮੇਤ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਹਾਜ਼ਰ ਰਹੇ। ਸਮਾਗਮ ਦੇ ਆਰੰਭ ਵਿੱਚ ਸੁਸਾਇਟੀ ਦੇ ਜਨਰਲ ਸਕੱਤਰ ਸੁਰਿੰਦਰ ਸੈਣੀ ਨੇ ਅਜੀਤ ਸੈਣੀ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਇਆ। ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਆਪਣੇ ਭਾਸ਼ਣ ਵਿੱਚ ਸੁਸਾਇਟੀ ਦਾ ਧੰਨਵਾਦ ਕਰਦਿਆਂ ਅਜੀਤ ਸੈਣੀ ਨਾਲ ਬਿਤਾਏ ਸਾਲਾਂ ਦਾ ਬੇਹੱਦ ਭਾਵੁਕਤਾ ਨਾਲ ਜ਼ਿਕਰ ਕੀਤਾ।