ਪੀਏਯੂ ਦੇ ਡਾ ਪੂਨਮ ਅਗਰਵਾਲ ਨੂੰ ਸਰਵੋਤਮ ਪ੍ਰੋਫੈਸਰ ਐਵਾਰਡ ਮਿਲਿਆ
ਲੁਧਿਆਣਾ 26 ਦਸੰਬਰ, 2024
ਪੀ.ਏ.ਯੂ.ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਾਬਕਾ ਮੁਖੀ ਡਾ: ਪੂਨਮ ਅਗਰਵਾਲ ਨੂੰ ਭੋਜਨ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਦੀ ਐਸੋਸੀਏਸ਼ਨ ਵੱਲੋਂ 2023 ਲਈ ਸਰਵੋਤਮ ਪ੍ਰੋਫੈਸਰ ਦੇ ਤੌਰ ਤੇ ਪ੍ਰੋਫੈਸਰ ਜੀਵਨ ਸਿੰਘ ਸਿੱਧੂ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਪੀਏਯੂ ਵਿੱਚ 33 ਸਾਲਾਂ ਤੋਂ ਵਧੇਰੇ ਸਮੇਂ ਦੀ ਸੇਵਾ ਕਰਦਿਆਂ ਡਾ. ਪੂਨਮ ਨੂੰ ਭੋਜਨ ਵਿਗਿਆਨ ਵਿੱਚ ਅਧਿਆਪਨ, ਖੋਜ ਅਤੇ ਖੋਜ ਅਗਵਾਈ ਦੇ ਖੇਤਰ ਵਿੱਚ ਉਹਨਾਂ ਦੇ ਬੇਮਿਸਾਲ ਯੋਗਦਾਨ ਲਈ ਜਾਣਿਆ ਜਾਂਦਾ ਹੈ। ਆਪਣੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਕਈ ਪ੍ਰਾਯੋਜਿਤ ਖੋਜ ਪ੍ਰੋਜੈਕਟਾਂ ਨੂੰ ਸੰਪੂਰਨ ਕਰਨ, ਪ੍ਰਮੁੱਖ ਕਾਰੋਬਾਰੀ ਸਿਖਲਾਈ ਢਾਂਚੇ ਦੀ ਸਥਾਪਨਾ ਕਰਨ ਅਤੇ ਤਿੰਨ ਰਜਿਸਟਰਡ ਪੇਟੈਂਟਾਂ ਅਤੇ 300 ਤੋਂ ਵੱਧ ਖੋਜ ਅਤੇ ਪਸਾਰ ਪ੍ਰਕਾਸ਼ਨਾਂਵਾਂ ਲਿਖਣ ਦਾ ਮਾਣ ਹਾਸਲ ਕੀਤਾ।
ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਡਾ ਮਾਨਵ ਇੰਦਰਾ ਸਿੰਘ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਅਤੇ ਡਾ. ਸਵਿਤਾ ਸ਼ਰਮਾ (ਮੁਖੀ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ) ਨੇ ਡਾ: ਪੂਨਮ ਅਗਰਵਾਲ ਨੂੰ ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਲਈ ਵਧਾਈ ਦਿੱਤੀ।