ਵੱਡੀ ਖ਼ਬਰ: ਕਾਂਗਰਸ ਦੇ ਸੂਬਾ ਵਾਈਸ ਪ੍ਰਧਾਨ ਨੇ ਦਿੱਤਾ ਅਸਤੀਫ਼ਾ
ਬਾਬੂਸ਼ਾਹੀ ਬਿਊਰੋ
ਸ਼ਿਮਲਾ, 5 ਜੂਨ 2026: ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ (HPCC) ਦੇ ਅੰਦਰ ਲੰਬੇ ਸਮੇਂ ਤੋਂ ਸੁਲਗ ਰਹੀ ਅੰਦਰੂਨੀ ਗੁੱਟਬਾਜ਼ੀ ਅਤੇ ਕਲੇਸ਼ ਵੀਰਵਾਰ ਰਾਤ ਨੂੰ ਉਸ ਵੇਲੇ ਖੁੱਲ੍ਹ ਕੇ ਸਾਹਮਣੇ ਆ ਗਿਆ, ਜਦੋਂ ਪਾਰਟੀ ਦੇ ਸੂਬਾ ਉਪ-ਪ੍ਰਧਾਨ ਅਤੇ ਸਾਬਕਾ ਵਿਧਾਇਕ ਨੀਰਜ ਭਾਰਤੀ ਨੇ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ। ਭਾਰਤੀ ਨੇ ਆਪਣਾ ਅਸਤੀਫ਼ਾ ਪੱਤਰ ਸੂਬਾ ਕਾਂਗਰਸ ਪ੍ਰਧਾਨ ਵਿਨੈ ਕੁਮਾਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਕਾਂਗੜਾ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੂੰ ਭੇਜ ਦਿੱਤਾ ਹੈ। ਇਹ ਵੱਡਾ ਕਦਮ ਉਨ੍ਹਾਂ ਨੇ ਪਾਰਟੀ ਵੱਲੋਂ ਅਨੁਸ਼ਾਸਨਹੀਣਤਾ ਦੇ ਮਾਮਲੇ ਵਿੱਚ ਜਾਰੀ ਕੀਤੇ ਗਏ 'ਕਾਰਨ ਦੱਸੋ ਨੋਟਿਸ' (Show Cause Notice) ਤੋਂ ਮਹਿਜ਼ ਕੁਝ ਘੰਟਿਆਂ ਬਾਅਦ ਹੀ ਚੁੱਕਿਆ।
ਨੀਰਜ ਭਾਰਤੀ ਦੇ ਅਸਤੀਫ਼ੇ ਦੀ ਪਿੱਠਭੂਮੀ ਉਸ ਵੇਲੇ ਤਿਆਰ ਹੋਈ ਜਦੋਂ ਕਾਂਗੜਾ ਕਾਂਗਰਸ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਉਨ੍ਹਾਂ ਨੂੰ ਇੱਕ ਅਧਿਕਾਰਤ ਨੋਟਿਸ ਜਾਰੀ ਕੀਤਾ। ਨੋਟਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਭਾਰਤੀ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਲਗਾਤਾਰ ਅਜਿਹੀਆਂ ਟਿੱਪਣੀਆਂ ਅਤੇ ਬਿਆਨਬਾਜ਼ੀ ਕਰ ਰਹੇ ਹਨ ਜੋ ਸੂਬੇ ਦੀ ਕਾਂਗਰਸ ਸਰਕਾਰ, ਸੰਗਠਨ ਅਤੇ ਪਾਰਟੀ ਹਿੱਤਾਂ ਦੇ ਬਿਲਕੁਲ ਉਲਟ ਹਨ। ਨੋਟਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਦੇ ਫੈਸਲਿਆਂ 'ਤੇ ਕੋਈ ਇਤਰਾਜ਼ ਸੀ, ਤਾਂ ਉਨ੍ਹਾਂ ਨੂੰ ਜਨਤਕ ਤੌਰ 'ਤੇ ਬੋਲਣ ਦੀ ਬਜਾਏ ਪਾਰਟੀ ਦੇ ਅੰਦਰੂਨੀ ਮੰਚ 'ਤੇ ਗੱਲ ਰੱਖਣੀ ਚਾਹੀਦੀ ਸੀ। ਇਸ ਨੋਟਿਸ ਦੇ ਜਵਾਬ ਵਿੱਚ ਭਾਰਤੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ, "ਜਿੱਥੇ ਸਮਰਪਿਤ ਵਰਕਰਾਂ ਦੀ ਗੱਲ ਨਾ ਸੁਣੀ ਜਾਵੇ, ਉਨ੍ਹਾਂ ਦੇ ਸੰਘਰਸ਼ ਦੀ ਕਦਰ ਨਾ ਹੋਵੇ, ਅਜਿਹੇ ਅਨੁਸ਼ਾਸਨ 'ਤੇ ਨਫ਼ਰਤ ਹੈ।"
- Download Babushahi App
-
-