Punjab News : ਪਿਕਅੱਪ ਅਤੇ ਟ੍ਰੇਲਰ ਵਿਚਾਲੇ ਜ਼ਬਰਦਸਤ ਟੱਕਰ 'ਚ ਬੱਚੀ ਸਮੇਤ 8 ਦੀ ਮੌਤ ਅਤੇ 9 ਗੰਭੀਰ ਜ਼ਖਮੀ
ਬਾਬੂਸ਼ਾਹੀ ਬਿਊਰੋ
ਫਾਜ਼ਿਲਕਾ/ਫਿਰੋਜ਼ਪੁਰ, 06 ਜੂਨ, 2026
ਪੰਜਾਬ ਦੇ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ 'ਤੇ ਅੱਜ ਸ਼ਨੀਵਾਰ ਤੜਕਸਾਰ ਇੱਕ ਬੇਹੱਦ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਪਿਕਅੱਪ ਟਰੱਕ ਅਤੇ ਟ੍ਰੇਲਰ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਸਵੇਰੇ ਲਗਭਗ 5:30 ਵਜੇ ਉਸ ਸਮੇਂ ਵਾਪਰਿਆ ਜਦੋਂ ਜਲਾਲਾਬਾਦ ਦੇ ਪਿੰਡ ਮਲਕਜ਼ਾਦੇ ਦਾ ਇੱਕ ਪਰਿਵਾਰ ਆਪਣੇ ਇੱਕ ਮ੍ਰਿਤਕ ਮੈਂਬਰ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਡੇਰਾ ਬਿਆਸ ਜਾ ਰਿਹਾ ਸੀ। ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਲਗਭਗ 25 ਤੋਂ 30 ਲੋਕ ਇੱਕ ਪਿਕਅੱਪ ਟਰੱਕ ਵਿੱਚ ਸਵਾਰ ਹੋ ਕੇ ਨਿਕਲੇ ਸਨ, ਪਰ ਜਿਵੇਂ ਹੀ ਉਨ੍ਹਾਂ ਦੀ ਗੱਡੀ ਹਾਈਵੇਅ 'ਤੇ ਸਥਿਤ ਹੁਸੈਨ ਸ਼ਾਹ ਪਿੰਡ ਦੇ ਨੇੜੇ ਪਹੁੰਚੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟ੍ਰੇਲਰ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ।
ਹਾਦਸਾ ਇੰਨਾ ਭਿਆਨਕ ਅਤੇ ਦਿਲ-ਕੰਬਾਊ ਸੀ ਕਿ ਟੱਕਰ ਹੁੰਦਿਆਂ ਹੀ ਪਿਕਅੱਪ ਦੇ ਕੈਬਿਨ ਦੇ ਉੱਪਰ ਬਣੇ ਟੂਲਬਾਕਸ 'ਤੇ ਬੈਠੇ ਪੰਜ ਲੋਕ ਜ਼ੋਰਦਾਰ ਝਟਕੇ ਕਾਰਨ ਸਿੱਧੇ ਸਾਹਮਣੇ ਟ੍ਰੇਲਰ 'ਤੇ ਜਾ ਡਿੱਗੇ ਅਤੇ ਕੁਝ ਗੱਡੀ ਦੀ ਵਿੰਡਸ਼ੀਲਡ ਤੋੜਦੇ ਹੋਏ ਟਰੱਕ ਦੇ ਅੰਦਰ ਜਾ ਵੜੇ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਅੱਠ ਲੋਕਾਂ ਵਿੱਚ ਇੱਕ 13 ਸਾਲ ਦੀ ਮਾਸੂਮ ਲੜਕੀ ਵੀ ਸ਼ਾਮਲ ਹੈ ਅਤੇ ਟੱਕਰ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਸੜਕ 'ਤੇ ਕਤਾਰਾਂ ਵਿੱਚ ਬਿਖਰ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਪੁਲਿਸ ਫੋਰਸ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਰਾਹਤ ਕਾਰਜ ਸ਼ੁਰੂ ਕਰਵਾਏ।
ਪੁਲਿਸ ਨੇ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੌਂ ਲੋਕਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਤੁਰੰਤ ਫਰੀਦਕੋਟ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਜ਼ਖਮੀਆਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਐਸਐਸਪੀ ਭੁਪਿੰਦਰ ਸਿੰਘ ਅਨੁਸਾਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਵਾਹਨਾਂ ਨੂੰ ਸੜਕ ਤੋਂ ਹਟਾ ਕੇ ਹਾਈਵੇਅ 'ਤੇ ਆਵਾਜਾਈ ਨੂੰ ਮੁੜ ਬਹਾਲ ਕਰਵਾ ਦਿੱਤਾ ਗਿਆ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਜਲਾਲਾਬਾਦ ਦੇ ਪਿੰਡ ਮਲਕਜ਼ਾਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
- Download Babushahi App
-
-