ਸੰਸਦ ਵਿੱਚ ਪੰਜਾਬ ਦੀ ਆਵਾਜ਼ ਬਣੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ
ਪੰਜਾਬ ਦੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ (ਐਮਪੀ) ਵਿੱਚੋਂ, ਉੱਪਰਲੇ ਸਦਨ ਦੇ ਮੈਂਬਰ ਪਾਰਲੀਮੈਂਟ ਸਤਨਾਮ ਸਿੰਘ ਸੰਧੂ ਬਜਟ ਸੈਸ਼ਨ 2026 ਦੌਰਾਨ ਸੂਬੇ ਦੇ ਸਭ ਤੋਂ ਵੱਧ ਸਰਗਰਮ ਅਤੇ ਪ੍ਰਭਾਵਸ਼ਾਲੀ ਨੁਮਾਇੰਦਿਆਂ ਵਿੱਚੋਂ ਇੱਕ ਵਜੋਂ ਉੱਭਰ ਕੇ ਸਾਹਮਣੇ ਆਏ ਹਨ।
ਜਿਸ ਤਰੀਕੇ ਨਾਲ ਉਨ੍ਹਾਂ ਨੇ ਇਸ ਸੈਸ਼ਨ ਦੌਰਾਨ ਆਪਣੀ ਭੂਮਿਕਾ ਨਿਭਾਈ, ਉਹ ਸਮਾਜ ਦੇ ਆਖ਼ਰੀ ਕਤਾਰ ਵਿੱਚ ਖੜੇ ਵਿਅਕਤੀ ਦੀ ਆਵਾਜ਼ ਅਤੇ ਆਮ ਨਾਗਰਿਕਾਂ ਤੇ ਸਰਕਾਰ ਵਿਚਕਾਰ ਇੱਕ ਅਹਿਮ ਕੜੀ ਵਜੋਂ ਉੱਭਰ ਕੇ ਸਾਹਮਣੇ ਆਏ ਹਨ।
ਸੰਸਦ ਮੈਂਬਰਾਂ ਦੀ ਕਾਰਜਕੁਸ਼ਲਤਾ ਦਾ ਅੰਦਾਜ਼ਾ ਸੰਸਦੀ ਕਾਰਵਾਈਆਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ, ਜਨਤਕ ਮਸਲਿਆਂ ਨੂੰ ਉਠਾਉਣ ਦੀ ਸਮਰੱਥਾ ਅਤੇ ਵਿਧਾਨਕ ਪ੍ਰਕਿਰਿਆਵਾਂ ਵਿੱਚ ਉਨ੍ਹਾਂ ਦੇ ਯੋਗਦਾਨ ਤੋਂ ਲਗਾਇਆ ਗਿਆ ਹੈ।
ਬਜਟ ਸੈਸ਼ਨ 2026 ਪੰਜਾਬ ਦੇ ਸੰਸਦ ਮੈਂਬਰਾਂ ਦੀ ਸ਼ਮੂਲੀਅਤ ਦਾ ਇੱਕ ਵੰਨ-ਸਵੰਨਾ ਪੈਟਰਨ ਪੇਸ਼ ਕਰਦਾ ਹੈ, ਮੌਜੂਦਾ ਸਮੇਂ ਵਿੱਚ ਪੰਜਾਬ ਦੀ ਨੁਮਾਇੰਦਗੀ ਲੋਕ ਸਭਾ ਵਿੱਚ 13 ਅਤੇ ਰਾਜ ਸਭਾ ਵਿੱਚ 7 ਸੰਸਦ ਮੈਂਬਰਾਂ (ਐਮਪੀ) ਵੱਲੋਂ ਕੀਤੀ ਜਾ ਰਹੀ ਹੈ। ਇਸ ਸੈਸ਼ਨ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕੁੱਝ ਪ੍ਰਮੁੱਖ ਸੂਚਕਾਂ ਦੇ ਆਧਾਰ 'ਤੇ ਕੀਤਾ ਗਿਆ ਹੈ, ਜਿਵੇਂ ਕਿ ਹਾਜ਼ਰੀ, ਪੁੱਛੇ ਗਏ ਸਵਾਲ, ਚੁੱਕੇ ਗਏ ਮੁੱਦੇ, ਵਿਧਾਨਕ ਪਹਿਲਕਦਮੀਆਂ ਅਤੇ ਸਿਫ਼ਰ ਕਾਲ (ਜ਼ੀਰੋ ਆਵਰ) ਤੇ ਵਿਸ਼ੇਸ਼ ਜ਼ਿਕਰ (ਸਪੈਸ਼ਲ ਮੈਨਸ਼ਨ) ਵਿੱਚ ਉਨ੍ਹਾਂ ਦੀ ਭਾਗੀਦਾਰੀ।
ਮੌਜੂਦਾ ਬਜਟ ਸੈਸ਼ਨ ਦੌਰਾਨ, ਐਮਪੀ ਸੰਧੂ ਨੇ ਰਾਜ ਸਭਾ ਵਿੱਚ 96.7 ਫ਼ੀਸਦੀ ਦੀ ਪ੍ਰਭਾਵਸ਼ਾਲੀ ਹਾਜ਼ਰੀ ਦਰਜ ਕਰਵਾਈ, ਜੋ ਉਨ੍ਹਾਂ ਨੂੰ ਸਦਨ ਦੇ ਸਭ ਤੋਂ ਨਿਯਮਤ ਮੈਂਬਰਾਂ ਦੀ ਸੂਚੀ ਵਿੱਚ ਸ਼ਾਮਲ ਕਰਦੀ ਹੈ। ਲੋਕ ਸਭਾ ਮੈਂਬਰ ਅਮਰ ਸਿੰਘ ਦੀ ਹਾਜ਼ਰੀ ਸੌ ਫ਼ੀਸਦੀ ਰਹੀ, ਜਦਕਿ ਰਾਜ ਸਭਾ ਦੇ ਇੱਕ ਹੋਰ ਮੈਂਬਰ ਰਾਘਵ ਚੱਢਾ ਹਾਜ਼ਰੀ ਦੇ ਮਾਮਲੇ ਵਿੱਚ ਸਤਨਾਮ ਸਿੰਘ ਸੰਧੂ ਦੇ ਬਰਾਬਰ ਰਹੇ।
ਸੰਸਦ ਵਿੱਚ 51 ਸਵਾਲ ਪੁੱਛ ਕੇ ਪੇਸ਼ ਕੀਤੀ ਸਰਗਰਮ ਲੀਡਰਸ਼ਿਪ ਦੀ ਮਿਸਾਲ
ਕਿਸੇ ਵੀ ਸੰਸਦ ਮੈਂਬਰ ਦੀ ਕਾਰਗੁਜ਼ਾਰੀ ਦਾ ਸਭ ਤੋਂ ਅਹਿਮ ਪਹਿਲੂ ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੀ ਗਿਣਤੀ ਹੁੰਦੀ ਹੈ। ਇਹ ਸਦਨ ਪ੍ਰਤੀ ਉਨ੍ਹਾਂ ਦੀ ਜਵਾਬਦੇਹੀ ਅਤੇ ਜਨਤਕ ਮਹੱਤਤਾ ਦੇ ਮੁੱਦਿਆਂ ਨੂੰ ਉਠਾਉਣ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਸਤਨਾਮ ਸਿੰਘ ਸੰਧੂ ਇਸ ਸ਼ੇ੍ਰਣੀ ਵਿੱਚ ਸਭ ਤੋਂ ਮੋਹਰੀ ਰਹੇ ਹਨ। ਉਨ੍ਹਾਂ ਨੇ ਕੁੱਲ 51 ਸਵਾਲ ਪੁੱਛੇ, ਜਿਨ੍ਹਾਂ ਵਿੱਚ ਪੰਜ ਸਪਲੀਮੈਂਟਰੀ ਸਵਾਲ ਵੀ ਸ਼ਾਮਲ ਸਨ। ਇਸ ਮਾਮਲੇ ਵਿੱਚ ਚਾਰ ਹੋਰ ਮੈਂਬਰ ਵੀ ਉਨ੍ਹਾਂ ਦੇ ਕਾਫ਼ੀ ਕਰੀਬ ਰਹੇ।
ਐਮਪੀ ਸੰਧੂ ਦੀ ਇਹ ਕਾਰਗੁਜ਼ਾਰੀ ਰਾਸ਼ਟਰੀ ਅਤੇ ਰਾਜ ਵਿਸ਼ੇਸ਼, ਦੋਵਾਂ ਤਰ੍ਹਾਂ ਦੇ ਸਰੋਕਾਰਾਂ ਨੂੰ ਹੱਲ ਕਰਨ ਲਈ ਉਨ੍ਹਾਂ ਦੀ ਸਰਗਰਮ ਪਹੁੰਚ ਨੂੰ ਦਰਸਾਉਂਦੀ ਹੈ। ਆਪਣੀ ਨਿਯਮਤ ਹਾਜ਼ਰੀ ਅਤੇ ਸਭ ਤੋਂ ਵੱਧ ਸਵਾਲਾਂ ਦੇ ਸੁਮੇਲ ਰਾਹੀਂ, ਉਨ੍ਹਾਂ ਨੇ ਸੰਸਦੀ ਮਾਮਲਿਆਂ ਵਿੱਚ ਇੱਕ ਨਿਵੇਕਲੀ ਨਿਰੰਤਰਤਾ ਅਤੇ ਗੰਭੀਰ ਸ਼ਮੂਲੀਅਤ ਦਾ ਸਬੂਤ ਦਿੱਤਾ ਹੈ।
ਸੰਸਦ ਵਿੱਚ ਸਰਗਰਮੀ ਨਾਲ ਕੀਤੀ ਪੰਜਾਬ ਦੇ ਸਰੋਕਾਰਾਂ ਦੀ ਪੈਰਵੀ
ਸਤਨਾਮ ਸਿੰਘ ਸੰਧੂ ਦੀ ਕਾਰਗੁਜ਼ਾਰੀ ਦਾ ਸਭ ਤੋਂ ਅਹਿਮ ਪਹਿਲੂ ਸੰਸਦ ਵਿੱਚ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਬੜੀ ਸੰਜੀਦਗੀ ਨਾਲ ਉਠਾਉਣਾ ਰਿਹਾ ਹੈ। ਇਸ ਬਜਟ ਸੈਸ਼ਨ ਦੌਰਾਨ, ਉਨ੍ਹਾਂ ਨੇ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ 22 ਮੁੱਦੇ ਉਠਾਏ, ਜੋ ਕਿ ਸੂਬੇ ਦੇ ਸਾਰੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਵੱਧ ਹਨ।
ਉਨ੍ਹਾਂ ਨੇ ਬਹੁਤ ਹੀ ਸੰਵੇਦਨਸ਼ੀਲਤਾ ਅਤੇ ਸੂਝ-ਬੂਝ ਦਾ ਪ੍ਰਦਰਸ਼ਨ ਕਰਦਿਆਂ ਵਿਆਪਕ ਮੁੱਦਿਆਂ 'ਤੇ ਗੱਲ ਕੀਤੀ। ਉਨ੍ਹਾਂ ਵੱਲੋਂ ਚੁੱਕੇ ਗਏ ਮੁੱਖ ਮੁੱਦਿਆਂ ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਖੇ ਸਿੱਖ ਰੈਫ਼ਰੈਂਸ ਲਾਈਬ੍ਰੇਰੀ ਦੀ ਬਹਾਲੀ ਦਾ ਮੁੱਦਾ ਸ਼ਾਮਲ ਸੀ, ਜੋ ਕਿ 1984 ਵਿੱਚ ਤਬਾਹ ਹੋ ਗਈ ਸੀ। ਇਹ ਮਾਮਲਾ ਸਿੱਖ ਕੌਮ ਲਈ ਬੇਹੱਦ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਤਾ ਰੱਖਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਦੀਆਂ ਗੰਭੀਰ ਵਾਤਾਵਰਣਕ ਚੁਣੌਤੀਆਂ ਜਿਵੇਂ ਕਿ ਧਰਤੀ ਹੇਠਲੇ ਪਾਣੀ ਦਾ ਘਟਣਾ, ਪਾਣੀ ਦਾ ਜ਼ਹਿਰੀਲਾ ਹੋਣਾ ਅਤੇ ਪੰਜਾਬ ਦੇ ਦਰਿਆਵਾਂ ਵਿੱਚ ਵਧ ਰਹੇ ਪ੍ਰਦੂਸ਼ਣ ਵਰਗੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਉਨ੍ਹਾਂ ਨੇ ਹੜ੍ਹ ਪ੍ਰਬੰਧਨ, ਸੰਕਟ ਵਿੱਚ ਘਿਰੇ ਕਿਸਾਨਾਂ ਲਈ ਵਿੱਤੀ ਸਹਾਇਤਾ ਤੇ ਸਰਹੱਦੀ ਖੇਤਰਾਂ ਵਿੱਚ ਰੇਲਵੇ ਸੰਪਰਕ (ਕਨੈਕਟੀਵਿਟੀ) ਨੂੰ ਬਿਹਤਰ ਬਣਾਉਣ ਦੀ ਲੋੜ ਨਾਲ ਸਬੰਧਤ ਮਸਲੇ ਵੀ ਚੁੱਕੇ।
ਇਸ ਤੋਂ ਇਲਾਵਾ, ਉਨ੍ਹਾਂ ਨੇ ਪੰਜਾਬ ਵਿੱਚ ਬਾਗ਼ਬਾਨੀ ਸੰਸਥਾ (ਹੌਰਟੀਕਲਚਰ ਇੰਸਟੀਟਿਊਟ) ਅਤੇ ਇੱਕ ਕੋ-ਅਪਰੇਟਿਵ ਯੂਨੀਵਰਸਿਟੀ ਦੀ ਸਥਾਪਨਾ ਦੀ ਵਕਾਲਤ ਕੀਤੀ ਅਤੇ ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਨੂੰ 'ਪੁਆਇੰਟ ਆਫ਼ ਕਾਲ' ਦਾ ਦਰਜਾ ਦਿਵਾਉਣ ਦੀ ਮੰਗ ਉਠਾਈ। ਉਨ੍ਹਾਂ ਵੱਲੋਂ ਦਿੱਤੇ ਗਏ ਇਨ੍ਹਾਂ ਸੁਝਾਵਾਂ ਅਤੇ ਦਖ਼ਲਅੰਦਾਜ਼ੀ ਨੇ ਸੂਬੇ ਦੀਆਂ ਵਿਕਾਸ ਸਬੰਧੀ ਲੋੜਾਂ ਬਾਰੇ ਉਨ੍ਹਾਂ ਦੀ ਡੂੰਘੀ ਸਮਝ ਨੂੰ ਦਰਸਾਇਆ ਹੈ, ਜਿਸ ਦਾ ਸੰਸਦ ਦੇ ਅੰਦਰ ਅਤੇ ਪੰਜਾਬ ਵਿੱਚ ਬਹੁਤ ਹੀ ਸਕਾਰਾਤਮਕ ਹੁੰਗਾਰਾ ਮਿਲਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਜਗਰੂਪ ਸਿੰਘ ਸੇਖੋਂ ਨੇ ਟਿੱਪਣੀ ਕਰਦਿਆਂ ਕਿਹਾ, "ਚੰਗੀ ਗੱਲ ਇਹ ਹੈ ਕਿ ਉਹ ਲੋਕਾਂ ਦੀ ਆਵਾਜ਼ ਬਣ ਰਹੇ ਹਨ ਅਤੇ ਸਰਕਾਰੀ ਗਲਿਆਰਿਆਂ ਵਿੱਚ ਉਨ੍ਹਾਂ ਦੀ ਗੱਲ ਨੂੰ ਸੰਜੀਦਗੀ ਨਾਲ ਸੁਣਿਆ ਜਾ ਰਿਹਾ ਹੈ।"
ਵਿਧਾਨਕ ਕਾਰਵਾਈਆਂ ਵਿੱਚ ਅਹਿਮ ਯੋਗਦਾਨ
ਪ੍ਰਾਈਵੇਟ ਮੈਂਬਰ ਬਿੱਲ ਕਿਸੇ ਵੀ ਸਮਸਦ ਮੈਂਬਰ ਦੀ ਵਿਧਾਨਕ ਕਾਰਵਾਈਆਂ ਵਿੱਚ ਯੋਗਦਾਨ ਪਾਉਣ ਦੀ ਪਹਿਲਕਦਮੀ ਅਤੇ ਕਾਰਗੁਜ਼ਾਰੀ ਦਾ ਇੱਕ ਅਹਿਮ ਪੈਮਾਨਾ ਹੁੰਦੇ ਹਨ। ਇਹ ਬਿੱਲ ਦਰਸਾਉਂਦੇ ਹਨ ਕਿ ਇੱਕ ਮੈਂਬਰ ਕਾਨੂੰਨ ਬਣਾਉਣ ਦੀ ਪ੍ਰਕਿਿਰਿਆ ਵਿੱਚ ਕਿੰਨੀ ਸਰਗਰਮ ਦਿਲਚਸਪੀ ਲੈ ਰਿਹਾ ਹੈ।
ਸਤਨਾਮ ਸਿੰਘ ਸੰਧੂ ਨੇ ਇਸ ਸੈਸ਼ਨ ਦੌਰਾਨ ਤਿੰਨ ਮਹੱਤਵਪੂਰਨ ਬਿੱਲ ਪੇਸ਼ ਕਰਕੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਉਨ੍ਹਾਂ ਨੇ 'ਪ੍ਰਵਾਸੀ ਭਾਰਤੀ ਕੌਸ਼ਲ ਐਵਮ ਪ੍ਰਤਿਭਾ ਪ੍ਰੇਰਕ ਵਿਧੇਅਕ 2025' ਪੇਸ਼ ਕੀਤਾ, ਜਿਸ ਦਾ ਮਕਸਦ ਵਿਦੇਸ਼ਾਂ ਵਿੱਚ ਵੱਸਦੇ ਭਾਰਤੀਆਂ ਦੀ ਪ੍ਰਤਿਭਾ ਦਾ ਸਹੀ ਉਪਯੋਗ ਕਰਨਾ ਹੈ। ਇਸ ਦੇ ਨਾਲ ਉਨ੍ਹਾਂ ਨੇ 'ਕਿਸਾਨ ਜੀਵਨ ਸੁਰੱਖਿਆ ਐਵਮ ਦੁਰਘਟਨਾ ਪ੍ਰਤੀਪੂਰਤੀ ਵਿਧੇਅਕ 2025' ਰਾਹੀਂ ਕਿਸਾਨਾਂ ਨੂੰ ਸਮਾਜਿਕ ਸੁਰੱਖਿਆ ਅਤੇ ਹਾਦਸਿਆਂ ਦੀ ਸੂਰਤ ਵਿੱਚ ਮੁਆਵਜ਼ਾ ਦੇਣ ਦੀ ਵਕਾਲਤ ਕੀਤੀ। ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਿਆਉਣ ਲਈ ਉਨ੍ਹਾਂ ਨੇ 'ਰਾਸ਼ਟਰੀ ਰੈਂਕਿੰਗ ਅਤੇ ਮਾਨਤਾ ਅਥਾਰਟੀ ਬਿੱਲ 2025' ਵੀ ਪੇਸ਼ ਕੀਤਾ, ਤਾਂ ਜੋ ਉਚੇਰੀ ਸਿੱਖਿਆ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਵਧਾਇਆ ਜਾ ਸਕੇ।
ਅਸ਼ੋਕ ਮਿੱਤਲ ਨੇ ਵੀ ਤਿੰਨ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤੇ, ਜਦਕਿ ਰਾਘਵ ਚੱਢਾ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਇੱਕ ਬਿੱਲ ਰਾਹੀਂ ਆਪਣਾ ਯੋਗਦਾਨ ਪਾਇਆ। ਸਤਨਾਮ ਸਿੰਘ ਸੰਧੂ ਵੱਲੋਂ ਪੇਸ਼ ਕੀਤੇ ਗਏ ਬਿੱਲ ਆਪਣੀ ਵੰਨ ਸਵੰਨਤਾ ਅਤੇ ਪਸੰਗਿਕਤਾ ਕਾਰਨ ਖ਼ਾਸ ਰਹੇ, ਕਿਉਂਕਿ ਉਨ੍ਹਾਂ ਨੇ ਸਮਾਜਿਕ ਅਤੇ ਆਰਥਿਕ ਖੇਤਰ ਦੀਆਂ ਮੁੱਖ ਚੁਣੌਤੀਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵਿੱਚ ਪ੍ਰੋਫ਼ੈਸਰ ਅਮਨਪ੍ਰੀਤ ਗਿੱਲ ਨੇ ਟਿੱਪਣੀ ਕੀਤੀ ਕਿ ਐਮਪੀ ਸੰਧੂ 'ਦਰਿਆਵਾਂ ਦੇ ਅਧਿਕਾਰਾਂ' ਵਰਗੇ ਨਵੇਂ ਵਿਚਾਰ ਪੇਸ਼ ਕਰਦੇ ਹਨ, ਜੋ ੳੇੁਨ੍ਹਾਂ ਨੂੰ ਦੂਜਿਆਂ ਤੋਂ ਵੱਖਰਾ ਬਣਾਉਂਦੇ ਹਨ। ਇਸ ਤੋਂ ਇਲਾਵਾ, ਉਹ ਆਪਣੇ ਸਰੋਕਾਰਾਂ ਵਿੱਚ ਇੱਕ ਬਿਲਕੁਲ ਨਵਾਂ ਨਜ਼ਰੀਆ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਖ਼ਾਸ ਤੌਰ 'ਤੇ ਅਜਿਹੇ ਅਣਛੂਹੇ ਵਿਚਾਰਾਂ ਨੂੰ ਛੂਹ ਰਹੇ ਹਨ ਜੋ ਸਿਰਫ਼ ਲੋਕ ਲੁਭਾਊ ਰਾਜਨੀਤੀ ਤੋਂ ਪਰੇ ਹਨ।
ਸਿਫ਼ਰ ਕਾਲ ਅਤੇ ਵਿਸ਼ੇਸ਼ ਜ਼ਿਕਰ ਸੰਸਦ ਮੈਂਬਰਾਂ ਨੂੰ ਜਨਤਕ ਮਹੱਤਤਾ ਦੇ ਜ਼ਰੂਰੀ ਮੁੱਦੇ ਉਠਾਉਣ ਦੇ ਅਹਿਮ ਮੌਕੇ ਪ੍ਰਦਾਨ ਕਰਦੇ ਹਨ। ਸਤਨਾਮ ਸਿੰਘ ਸੰਧੂ ਇਸ ਸ਼ੇ੍ਰਣੀ ਵਿੱਚ ਸਭ ਤੋਂ ਵੱਧ ਸਰਗਰਮ ਰਹਿਣ ਵਾਲੇ ਮੈਂਬਰਾਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਨੇ ਇਸ ਦੌਰਾਨ ਕੁੱਲ ਸੱਤ ਵਾਰ ਦਖ਼ਲ ਦਿੰਦਿਆਂ ਆਪਣੀ ਗੱਲ ਰੱਖੀ, ਜੋ ਕਿ ਰਾਘਵ ਚੱਢਾ ਦੇ ਬਰਾਬਰ ਹੈ।
ਅਸ਼ੋਕ ਮਿੱਤਲ ਅਤੇ ਸੰਤ ਬਲਬੀਰ ਸਿੰਘ ਸੀਚੇਵਾਲ ਛੇ-ਛੇ ਵਾਰ ਆਪਣਾ ਯੋਗਦਾਨ ਪਾ ਕੇ ਉਨ੍ਹਾਂ ਦੇ ਬਿਲਕੁਲ ਮਗਰ ਰਹੇ। ਸਿਫ਼ਰ ਕਾਲ ਦੌਰਾਨ ਐਮਪੀ ਸੰਧੂ ਦੀ ਲਗਾਤਾਰ ਮੌਜੂਦਗੀ ਜਨਤਕ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਸੰਜੀਦਗੀ ਅਤੇ ਲੋਕਾਂ ਦੇ ਅਹਿਮ ਸਰੋਕਾਰਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣ ਦੀ ਉਨ੍ਹਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤੀ ਦੇ ਨਾਲ ਦਰਸਾਉਂਦੀ ਹੈ।
ਸੰਸਦੀ ਪ੍ਰਭਾਵਸ਼ੀਲਤਾ ਦਾ ਇੱਕ ਹੋਰ ਅਹਿਮ ਪੈਮਾਨਾ ਵੱਖ-ਵੱਖ ਮੰਤਰਾਲਿਆਂ ਨਾਲ ਸਬੰਧਤ ਪੁੱਛੇ ਗਏ ਸਵਾਲਾਂ ਦਾ ਦਾਇਰਾ ਹੁੰਦਾ ਹੈ। ਸਤਨਾਮ ਸਿੰਘ ਸੰਧੂ ਨੇ ਇਸ ਸੈਸ਼ਨ ਦੌਰਾਨ 25 ਵੱਖ-ਵੱਖ ਮੰਤਰਾਲਿਆਂ ਨੂੰ ਸਵਾਲ ਪੁੱਛ ਕੇ ਆਪਣੀ ਸਰਗਰਮ ਸ਼ਮੂਲੀਅਤ ਦਾ ਪ੍ਰਮਾਣ ਦਿੱਤਾ, ਜੋ ਉਨ੍ਹਾਂ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਮੈਂਬਰਾਂ ਦੀ ਸੂਚੀ ਵਿੱਚ ਸ਼ੁਮਾਰ ਕਰਦਾ ਹੈ।

-
Babushahi Network, ...
...
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.