ਸੋਗੀ ਖ਼ਬਰ: ਬਾਬੂਸ਼ਾਹੀ ਦੇ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਸੰਜੀਵ ਸੂਦ ਦਾ ਦਿਹਾਂਤ
ਸੁਖਮਿੰਦਰ ਭੰਗੂ
ਲੁਧਿਆਣਾ 8 ਅਪ੍ਰੈਲ 2026- ਬਾਬੂਸ਼ਾਹੀ ਦੇ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਸੰਜੀਵ ਸੂਦ ਦੇ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਲੰਬੇ ਸਮੇਂ ਤੋਂ ਮੀਡੀਆ ਖੇਤਰ ਵਿੱਚ ਸਰਗਰਮ ਰਹੇ ਅਤੇ ਆਪਣੀ ਨਿਰਪੱਖ, ਨਿਰਭੀਕ ਅਤੇ ਜ਼ਿੰਮੇਵਾਰ ਪੱਤਰਕਾਰਤਾ ਲਈ ਜਾਣੇ ਜਾਂਦੇ ਸਨ। ਜਾਣਕਾਰੀ ਅਨੁਸਾਰ, ਸੰਜੀਵ ਸੂਦ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਸੰਜੀਵ ਸੂਦ ਨੇ ਆਪਣੇ ਲੰਬੇ ਕਰੀਅਰ ਦੌਰਾਨ ਵੱਖ-ਵੱਖ ਮੀਡੀਆ ਮੰਚਾਂ ‘ਤੇ ਸੇਵਾਵਾਂ ਨਿਭਾਈਆਂ। ਉਹ ਖ਼ਾਸ ਤੌਰ ‘ਤੇ Babushahi, PTC News ਨਾਲ ਜੁੜੇ ਰਹੇ, ਜਿੱਥੇ ਉਹ ਲੁਧਿਆਣਾ ਤੋਂ ਇੰਚਾਰਜ ਅਤੇ ਸੀਨੀਅਰ ਪੱਤਰਕਾਰ ਵਜੋਂ ਕੰਮ ਕਰਦੇ ਰਹੇ। ਉਨ੍ਹਾਂ ਦੀ ਮੈਦਾਨੀ ਰਿਪੋਰਟਿੰਗ, ਖ਼ਬਰਾਂ ਦੀ ਗਹਿਰਾਈ ਨਾਲ ਪੜਤਾਲ ਅਤੇ ਲੋਕਲ ਮੁੱਦਿਆਂ ਨੂੰ ਉਭਾਰਨ ਦੀ ਸਮਰੱਥਾ ਨੇ ਉਨ੍ਹਾਂ ਨੂੰ ਇੱਕ ਵਿਲੱਖਣ ਪਛਾਣ ਦਿੱਤੀ। ਇਸ ਤੋਂ ਪਹਿਲਾਂ ਉਹ ਪ੍ਰਿੰਟ ਮੀਡੀਆ ਵਿੱਚ ਵੀ ਕਾਫ਼ੀ ਸਰਗਰਮ ਰਹੇ ਅਤੇ ਭਾਸਕਰ ਵਰਗੇ ਪ੍ਰਸਿੱਧ ਅਖ਼ਬਾਰ ਵਿੱਚ ਕੰਮ ਕੀਤਾ।
ਉਨ੍ਹਾਂ ਦੇ ਦਿਹਾਂਤ ‘ਤੇ ਬਾਬੂਸ਼ਾਹੀ ਨੈੱਟਵਰਕ ਦੇ ਐਡੀਟਰ Baljit Balli ਅਤੇ ਸਮੂਹ ਟੀਮ ਤੋਂ ਇਲਾਵਾ ਲੁਧਿਆਣਾ ਦੇ ਪੱਤਰਕਾਰ ਭਾਈਚਾਰੇ, ਰਾਜਨੀਤਿਕ ਆਗੂਆਂ ਅਤੇ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਭਲਕੇ 9 ਅਪ੍ਰੈਲ 2026 ਨੂੰ ਦੁਪਹਿਰੇ 1 ਵਜੇ ਸਿਵਲ ਲਾਈਨ ਲੁਧਿਆਣਾ ਦੇ ਸ਼ਮਸ਼ਾਨਘਾਟ ਵਿਖੇ ਹੋਵੇਗਾ।
Click to Follow Babushahi Facebook page →