ਮਨੁੱਖਤਾ ਦੇ ਜ਼ਖ਼ਮਾਂ ਦੀ ਅਣਸੁਣੀ ਕਹਾਣੀ: ਜੰਗ-ਡਾ ਅਮਰਜੀਤ ਟਾਂਡਾ
ਜੰਗ ਵਿੱਚ ਦੁੱਧ ਚੁੰਘਦੀਆਂ ਰੂਹਾਂ ਮਮਤਾ ਸਮੇਤ ਸੌਂ ਜਾਂਦੀਆਂ ਹਨ।
ਮਹਿੰਦੀਆਂ ਖੁਰ ਜਾਂਦੀਆਂ ਹਨ
ਸੁਹਾਗ ਉੱਜੜ ਜਾਂਦੇ ਹਨ ਮਿਜਾਈਲਾਂ ਦੇ ਸ਼ੋਰ ਵਿੱਚ।
ਜੰਗ ਕਦੇ ਵੀ ਸਿਰਫ਼ ਸਰਹੱਦਾਂ ਦਾ ਟਕਰਾਅ ਨਹੀਂ ਹੁੰਦੀ, ਇਹ ਮਨੁੱਖਤਾ ਦੇ ਅੰਦਰਲੇ ਸੰਘਰਸ਼ ਦੀ ਉੱਚੀ ਆਵਾਜ਼ ਹੁੰਦੀ ਹੈ।
ਜਦੋਂ ਜੰਗ ਦੀਆਂ ਅੱਗਾਂ ਭੜਕਦੀਆਂ ਹਨ, ਤਾਂ ਸਿਰਫ਼ ਮਿਸ਼ਾਈਲਾਂ ਨਹੀਂ ਉੱਡਦੀਆਂ, ਸਗੋਂ ਮਨੁੱਖੀ ਖ਼ੁਆਬ, ਮਾਸੂਮ ਮੁਸਕਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਆਸਾਂ ਵੀ ਰਾਖ ਬਣ ਜਾਂਦੀਆਂ ਹਨ।
ਜੰਗ ਦੀਆਂ ਧੁਨੀਆਂ ਵਿੱਚ ਤੋਪਾਂ ਦੀ ਗੜਗੜਾਹਟ ਹੁੰਦੀ ਹੈ, ਪਰ ਉਸਦੇ ਅੰਦਰ ਲੁਕਿਆ ਹੁੰਦਾ ਹੈ ਮਾਵਾਂ ਦਾ ਵਿਰਲਾਪ, ਬੱਚਿਆਂ ਦੀ ਡਰ ਨਾਲ ਕੰਬਦੀ ਰੂਹ ਅਤੇ ਮਨੁੱਖਤਾ ਦੀ ਹਾਰ।
ਇਤਿਹਾਸ ਸਾਨੂੰ ਵਾਰ-ਵਾਰ ਇਹ ਦੱਸਦਾ ਹੈ ਕਿ ਜੰਗਾਂ ਨੇ ਕਦੇ ਵੀ ਸਥਾਈ ਜਿੱਤ ਨਹੀਂ ਦਿੱਤੀ।
ਸਾਮਰਾਜ ਬਣੇ, ਡਿੱਗੇ, ਪਰ ਮਨੁੱਖਤਾ ਦੀ ਹਾਨੀ ਦਾ ਹਿਸਾਬ ਕਦੇ ਨਹੀਂ ਲਗ ਸਕਿਆ।
ਜਦੋਂ ਵੀ ਕਿਸੇ ਰਾਜੇ ਜਾਂ ਹਾਕਮ ਨੇ ਤਾਕਤ ਦੀ ਲਾਲਸਾ ਵਿੱਚ ਜੰਗ ਛੇੜੀ, ਉਸਦੀ ਕੀਮਤ ਆਮ ਲੋਕਾਂ ਨੇ ਆਪਣੇ ਲਹੂ ਨਾਲ ਚੁਕਾਈ।
ਇਤਿਹਾਸ ਦੇ ਪੰਨਿਆਂ ਵਿੱਚ ਲਿਖੀਆਂ ਜੰਗਾਂ ਸਿਰਫ਼ ਤਰੀਕਾਂ ਨਹੀਂ, ਉਹ ਦਰਦ ਦੀਆਂ ਲਕੀਰਾਂ ਹਨ ਜੋ ਮਨੁੱਖੀ ਚਿਹਰੇ ‘ਤੇ ਅੱਜ ਵੀ ਸਪਸ਼ਟ ਹਨ।
ਦਾਰਸ਼ਨਿਕ ਤੌਰ ‘ਤੇ ਵੇਖੀਏ ਤਾਂ ਮਨੁੱਖ ਦੇ ਅੰਦਰਲੇ ਡਰ ਅਤੇ ਅਹੰਕਾਰ ਦੀ ਪੈਦਾਵਾਰ ਹੁੰਦੀ ਹੈ ਜੰਗ।
ਜਦੋਂ ਸੰਵਾਦ ਦੀਆਂ ਰਾਹਾਂ ਬੰਦ ਹੋ ਜਾਂਦੀਆਂ ਹਨ, ਤਦ ਜੰਗ ਦੀਆਂ ਖਿੜਕੀਆਂ ਖੁੱਲ ਜਾਂਦੀਆਂ ਹਨ।
ਜੰਗ ਦਰਅਸਲ ਮਨੁੱਖੀ ਅਸਹਿਣਸ਼ੀਲਤਾ ਦਾ ਸਭ ਤੋਂ ਵੱਡਾ ਪ੍ਰਤੀਕ ਹੁੰਦੀ ਹੈ।
ਇਹ ਸਾਨੂੰ ਸਿਖਾਉਂਦੀ ਹੈ ਕਿ ਜਿੱਥੇ ਅਹੰਕਾਰ ਹੁੰਦਾ ਹੈ, ਉੱਥੇ ਸ਼ਾਂਤੀ ਲੰਮਾ ਸਮਾਂ ਨਹੀਂ ਟਿਕਦੀ।
ਭਾਵਨਾਤਮਕ ਪੱਖੋਂ ਜੰਗ ਸਭ ਤੋਂ ਵੱਡੀ ਮਨੁੱਖੀ ਤਰਾਸਦੀ ਹੁੰਦੀ ਹੈ। ਜੰਗ ਦੇ ਮੈਦਾਨ ਵਿੱਚ ਜਿੱਤਣ ਵਾਲਾ ਵੀ ਹਾਰਦਾ ਹੈ ਅਤੇ ਹਾਰਣ ਵਾਲਾ ਵੀ।
ਜਿੱਤਣ ਵਾਲਾ ਆਪਣੇ ਸਿਪਾਹੀਆਂ ਦੀਆਂ ਲਾਸ਼ਾਂ ਵੇਖਦਾ ਹੈ ਅਤੇ ਹਾਰਣ ਵਾਲਾ ਆਪਣਾ ਘਰ-ਪਰਿਵਾਰ ਗੁਆ ਬੈਠਦਾ ਹੈ।
ਜੰਗ ਵਿੱਚ ਕੋਈ ਵੀ ਪੂਰੀ ਤਰ੍ਹਾਂ ਨਹੀਂ ਜਿੱਤਦਾ।
ਮਨੁੱਖਤਾ ਪੈਰ ਪੈਰ ਤੇ ਸਦਾ ਹਮੇਸ਼ਾਂ ਹਾਰਦੀ ਹੈ।
ਸਮਕਾਲੀ ਸੰਸਾਰ ਵਿੱਚ ਜੰਗ ਦਾ ਰੂਪ ਹੋਰ ਵੀ ਖ਼ਤਰਨਾਕ ਹੋ ਗਿਆ ਹੈ।
ਹੁਣ ਜੰਗ ਸਿਰਫ਼ ਮੈਦਾਨਾਂ ਵਿੱਚ ਨਹੀਂ ਹੁੰਦੀ, ਸਗੋਂ ਆਰਥਿਕਤਾ, ਜਾਣਕਾਰੀ ਅਤੇ ਤਕਨਾਲੋਜੀ ਦੇ ਮੋਰਚਿਆਂ ‘ਤੇ ਵੀ ਲੜੀ ਜਾ ਰਹੀ ਹੈ।
ਆਧੁਨਿਕ ਜੰਗਾਂ ਵਿੱਚ ਸਿਰਫ਼ ਗੋਲੀਆਂ ਹੀ ਨਹੀਂ, ਸਗੋਂ ਝੂਠੀਆਂ ਖ਼ਬਰਾਂ, ਆਰਥਿਕ ਪਾਬੰਦੀਆਂ ਅਤੇ ਡਰ ਦਾ ਮਾਹੌਲ ਵੀ ਹਥਿਆਰ ਬਣ ਗਏ ਹਨ।
ਇਹ ਜੰਗਾਂ ਮਨੁੱਖ ਦੇ ਮਨ ਨੂੰ ਵੀ ਜ਼ਖ਼ਮੀ ਕਰਦੀਆਂ ਹਨ।
ਪਰ ਇਸ ਸਭ ਦੇ ਬਾਵਜੂਦ ਇੱਕ ਸੱਚ ਹਮੇਸ਼ਾਂ ਕਾਇਮ ਰਹਿੰਦਾ ਹੈ — ਜੰਗ ਦੇ ਬਾਅਦ ਵੀ ਮਨੁੱਖਤਾ ਸ਼ਾਂਤੀ ਦੀ ਖੋਜ ਕਰਦੀ ਰਹਿੰਦੀ ਹੈ।
ਹਰ ਤਬਾਹੀ ਤੋਂ ਬਾਅਦ ਮਨੁੱਖ ਫਿਰ ਘਰ ਬਣਾਉਂਦਾ ਹੈ, ਫਿਰ ਰਿਸ਼ਤੇ ਜੋੜਦਾ ਹੈ ਅਤੇ ਫਿਰ ਸ਼ਾਂਤੀ ਦੀ ਅਰਦਾਸ ਕਰਦਾ ਨਜ਼ਮ ਲਿਖਦਾ ਹੈ।
ਇਹ ਮਨੁੱਖੀ ਆਸ ਦੀ ਸਭ ਤੋਂ ਵੱਡੀ ਨਿਸ਼ਾਨੀ ਵਰਗੀ ਹੁੰਦੀ ਹੈ।
ਅਸਲ ਵਿੱਚ ਜੰਗ ਮਨੁੱਖਤਾ ਦੀ ਅਸਫਲਤਾ ਹੈ ਅਤੇ ਸ਼ਾਂਤੀ ਉਸਦੀ ਸਭ ਤੋਂ ਵੱਡੀ ਜਿੱਤ ਹੁੰਦੀ।
ਜਦੋਂ ਦੁਨੀਆਂ ਇਹ ਸਮਝ ਲਵੇਗੀ ਕਿ ਤਾਕਤ ਦਾ ਅਸਲ ਮਤਲਬ ਤਬਾਹੀ ਨਹੀਂ, ਸਗੋਂ ਸਹਿਣਸ਼ੀਲਤਾ ਹੈ, ਤਦੋਂ ਸ਼ਾਇਦ ਜੰਗਾਂ ਦੀਆਂ ਅੱਗਾਂ ਠੰਢੀਆਂ ਹੋਣੀਆਂ ਸ਼ੁਰੂ ਹੋਣ।
ਜੰਗ ਵਿੱਚ ਕੋਈ ਨਹੀਂ ਪੁੱਛਦਾ ਬੱਚਿਆਂ ਦੇ ਟੁੱਟੇ ਹੋਏ ਖਿਡੌਣਿਆਂ ਨੂੰ
ਭੈਣਾਂ ਦੀਆਂ ਅਸੀਸਾਂ ਦਰਾਂ ਤੇ ਰੁਲ ਜਾਂਦੀਆਂ ਹਨ ਜਦੋਂ ਬਲਾਸਟਕ ਮਿਜਾਈਲਾਂ ਉੱਡਦੀਆਂ ਹਨ ਕਿਸੇ ਦੇ ਸੁਪਨਿਆਂ ਨੂੰ ਰਾਖ ਕਰਨ।
ਜੰਗ ਵਿੱਚ ਮਾਵਾਂ ਦੀਆਂ ਲੋਰੀਆਂ ਲਾਡਾਂ ਦੀਆਂ ਗਲਵੱਕੜੀਆਂ ਵਿੱਚ ਹੀ ਖੁਰ ਕੇ ਮਰ ਮਿਟ ਜਾਂਦੀਆਂ ਹਨ
ਜੰਗ ਦੀਆਂ ਅੱਗਾਂ ਹਮੇਸ਼ਾਂ ਹਨ੍ਹੇਰਾ ਹੀ ਵਿਛਾਉਦੀਆਂ ਲਿਆਉਂਦੀਆਂ ਵਿਖਾਉਂਦੀਆਂ ਹਨ, ਪਰ ਮਨੁੱਖਤਾ ਦੀ ਆਸ ਹਮੇਸ਼ਾਂ ਸੂਰਜ ਵਾਂਗ ਫ਼ਿਰ ਉਗਦੀ ਹੈ।
ਸ਼ਾਇਦ ਇਹੀ ਮਨੁੱਖੀ ਇਤਿਹਾਸ ਦਾ ਸੱਭ ਤੋਂ ਸੁੰਦਰ ਸੱਚ ਹੁੰਦਾ ਹੈ —
ਕਿ ਜੰਗਾਂ ਦੇ ਬਾਵਜੂਦ ਵੀ ਮਨੁੱਖਤਾ ਜਿਉਂਦੀ ਰਹਿੰਦੀ ਹੈ,
ਅਤੇ ਸ਼ਾਂਤੀ ਦਾ ਸੁਪਨਾ ਕਦੇ ਨਹੀਂ ਮਰਦਾ।
ਸੰਪਰਕ+61 412913021
ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਕੀਟ ਵਿਗਿਆਨੀ ਦੇ ਖੇਤੀ ਮਾਹਰ

-
ਡਾ ਅਮਰਜੀਤ ਟਾਂਡਾ , ਲੇਖਕ
....
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.