ਸੁਲਤਾਨਪੁਰ ਲੋਧੀ ‘ਚ ਨਸ਼ੇ ਦਾ ਕਹਿਰ, ਪੰਜਵੇਂ ਪੁੱਤਰ ਦਾ ਅੰਤਿਮ ਸੰਸਕਾਰ ਹੋਇਆ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 8 ਅਪ੍ਰੈਲ 2026- ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿੱਚ ਨਸ਼ੇ ਨੇ ਇੱਕ ਪਰਿਵਾਰ ਦੇ ਸਾਰੇ ਚਿਰਾਗ ਬੁਝਾ ਦਿੱਤੇ ਹਨ। ਪਰਿਵਾਰ ਦੇ ਪੰਜਵੇਂ ਅਤੇ ਆਖਰੀ ਪੁੱਤਰ ਸੋਨੂ ਦੀ ਮੌਤ ਤੋਂ ਬਾਅਦ ਅੱਜ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੰਤਿਮ ਸੰਸਕਾਰ ਦੌਰਾਨ ਮਾਹੌਲ ਬਹੁਤ ਹੀ ਗ਼ਮਗੀਨ ਰਿਹਾ ਅਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਮ੍ਰਿਤਕ ਦੀ ਮਾਤਾ ਮਨਜੀਤ ਕੌਰ ਸਮੇਤ ਸਾਰੇ ਘਰ ਵਿੱਚ ਵਿਲਾਪ ਦਾ ਮਾਹੌਲ ਬਣਿਆ ਰਿਹਾ। ਪਰਿਵਾਰਕ ਮੈਂਬਰਾਂ ਅਨੁਸਾਰ, ਇਸ ਤੋਂ ਪਹਿਲਾਂ ਵੀ ਘਰ ਦੇ ਚਾਰ ਪੁੱਤਰ ਨਸ਼ੇ ਦੀ ਲਤ ਕਾਰਨ ਆਪਣੀ ਜਾਨ ਗਵਾ ਚੁੱਕੇ ਸਨ। ਹੁਣ ਪੰਜਵੇਂ ਪੁੱਤਰ ਦੀ ਮੌਤ ਨਾਲ ਇਹ ਪਰਿਵਾਰ ਪੂਰੀ ਤਰ੍ਹਾਂ ਉਜੜ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਨਜੀਤ ਕੌਰ ਦੀ ਰੋਂਦੀ ਹੋਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਸੀ। ਪ੍ਰਸ਼ਾਸਨ ਵੱਲੋਂ ਸੋਨੂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ ਇਲਾਜ ਦੌਰਾਨ ਅੰਮ੍ਰਿਤਸਰ ਵਿਖੇ ਉਸਦੀ ਮੌਤ ਹੋ ਗਈ।
ਇਸ ਮਾਮਲੇ ‘ਚ ਪੁਲਿਸ ਵੱਲੋਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੁਖੀ ਮਾਂ ਮਨਜੀਤ ਕੌਰ ਦਾ ਦਾਅਵਾ ਹੈ ਕਿ ਉਸਦੇ ਸਾਰੇ ਪੁੱਤਰਾਂ ਦੀ ਮੌਤ ਦਾ ਅਸਲ ਕਾਰਨ ਨਸ਼ਾ ਹੀ ਹੈ।
ਇਸ ਮੌਕੇ ‘ਤੇ ਮਾਂ ਨੇ ਮੁੱਖ ਮੰਤਰੀ ਕੋਲ ਅਪੀਲ ਕਰਦਿਆਂ ਆਪਣੀ ਨੋਹ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ, ਤਾਂ ਜੋ ਉਹ ਆਪਣੀ ਜ਼ਿੰਦਗੀ ਮੁੜ ਸੰਭਾਲ ਸਕੇ ਅਤੇ ਘਰ ਦਾ ਗੁਜ਼ਾਰਾ ਚੱਲ ਸਕੇ।
ਮਨਜੀਤ ਕੌਰ ਨੇ ਦਰਦ ਭਰੀ ਅਵਾਜ਼ ਵਿੱਚ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਹੋਰ ਕਿਸੇ ਮਾਂ ਨੂੰ ਇਸ ਤਰ੍ਹਾਂ ਦਾ ਦੁੱਖ ਨਾ ਸਹਿਣਾ ਪਵੇ।
ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਇੱਕ ਵਾਰ ਫਿਰ ਸਮਾਜ ਅਤੇ ਪ੍ਰਸ਼ਾਸਨ ਅੱਗੇ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਨਸ਼ੇ ਦੇ ਖ਼ਿਲਾਫ਼ ਜੰਗ ਕਿੰਨੀ ਗੰਭੀਰਤਾ ਨਾਲ ਲੜੀ ਜਾ ਰਹੀ ਹੈ।
Click to Follow Babushahi Facebook page →