15 ਜੂਨ ਲਈ ਵਿਸ਼ੇਸ਼- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਿਪਲੀ ਸਾਹਿਬ ਪਹਿਲੀ ਜੰਗ
ਦਿਲਜੀਤ ਸਿੰਘ ਬੇਦੀ
ਗੁਰਦੁਆਰਾ ਕਿਲ੍ਹਾ ਲੋਹਗੜ੍ਹ ਸਾਹਿਬ ਪੁਰਾਣੇ ਅੰਮ੍ਰਿਤਸਰ ਸ਼ਹਿਰ ਵਿੱਚ ਲੋਹਗੜ੍ਹ ਗੇਟ ਅੰਦਰ ਸਥਿਤ ਹੈ। ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਿੱਖਾਂ ਦੇ ਛੇਵੇਂ ਗੁਰੂ ਬਣੇ। ਆਪਣੇ ਗੁਰੂ ਪਿਤਾ ਦੇ ਹੁਕਮ ਅਨੁਸਾਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੁਗਲ ਜ਼ਾਲਮਾਂ ਦੇ ਜ਼ੁਲਮ ਵਿਰੁੱਧ ਲੜਨ ਲਈ ਨੌਜਵਾਨਾਂ ਦੀ ਫੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਸਥਾਨ `ਤੇ ਲੋਹਗੜ੍ਹ ਨਾਮਕ ਇੱਕ ਛੋਟਾ ਜਿਹਾ ਕਿਲ੍ਹਾ ਬਣਾਇਆ, ਜਿਸਨੂੰ ਹੁਣ ਗੁਰਦੁਆਰਾ ਕਿਲਾ ਲੋਹਗੜ੍ਹ ਸਾਹਿਬ ਅੰਮ੍ਰਿਤਸਰ ਕਿਹਾ ਜਾਂਦਾ ਹੈ। ਸਿੱਖ ਅਤੇ ਮੁਗਲ ਸ਼ਿਕਾਰ ਕਰਨ ਵਾਲੀਆਂ ਪਾਰਟੀਆਂ ਦੇ ਇੱਕ ਸਮੂਹ ਵਿਚਕਾਰ ਤਣਾਅ ਪੈਦਾ ਹੋ ਗਿਆ। ਅੰਮ੍ਰਿਤਸਰ ਦੀ ਲੜਾਈ ਇੱਕ ਦੁਰਲੱਭ ਚਿੱਟੇ ਬਾਜ਼ ਨੂੰ ਨਾਲ ਸ਼ੁਰੂ ਹੋਈ ਜੋ ਕਿ ਇਰਾਨ ਦੇ ਬਾਦਸ਼ਾਹ ਵੱਲੋਂ ਸ਼ਾਹਜਹਾਂ ਨੂੰ ਤੋਹਫ਼ਾ ਵਜੋਂ ਦਿੱਤਾ ਗਿਆ ਸੀ। ਉਸ ਸਮੇਂ ਬਾਜ਼ ਸ਼ਾਹੀ ਪ੍ਰਤੀਕਾਂ ਵਿੱਚੋਂ ਇੱਕ ਸੀ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੰਗ ਬਿਲਕੁਲ ਨਹੀਂ ਚਾਹੁੰਦੇ ਸਨ। ਉਹ ਚਾਹੁੰਦੇ ਸਨ ਅਮਨ ਸਹਿਤ ਰਹਿ ਕੇ ਦੁਨੀਆਂ ਵਿੱਚ ਪਿਆਰ, ਏਕਤਾ, ਸੇਵਾ ਤੇ ਭਗਤੀ ਦਾ ਪ੍ਰਚਾਰ ਪਹਿਲੀ ਪਾਤਸ਼ਾਹੀ ਤੋਂ ਜੋ ਸ਼ੁਰੂ ਹੋਇਆ ਨੂੰ ਅੱਗੇ ਤੋਰਿਆ ਜਾਵੇ ਅਤੇ ਲੋਕਾਂ ਨੂੰ ਦੀਨ ਧਰਮ ਦੇ ਵਿਤਕਰੇ, ਵਿਰੋਧ ਤਿਆਗ ਕੇ ਭਰਾਵਾਂ ਵਾਂਗ ਰਲ-ਮਿਲ ਕੇ ਰਹਿਣ ਦੀ ਜਾਚ ਸਿਖਾਈ ਜਾਵੇ, ਪਰ ਅਕਾਲ ਪੁਰਖ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੁਰੂ ਜੀ ਨੂੰ ਬਹੁਤਾ ਚਿਰ ਅਮਨ ਅਮਾਨ ਵਿੱਚ ਨਾ ਰਹਿਣ ਦਿੱਤਾ ਗਿਆ। ਗੁਰੂ ਜੀ ਨੂੰ ਚਾਰ ਜੰਗਾਂ ਵਿੱਚ ਸ਼ਾਮਲ ਹੋਣ ਲਈ ਮਜ਼ਬੂਰ ਕੀਤਾ ਗਿਆ। ਅੰਮ੍ਰਿਤਸਰ ਪਿਪਲੀ ਸਾਹਿਬ ਦਾ ਪਹਿਲਾ ਜੰਗ, ਸ੍ਰੀ ਹਰਿਗੋਬਿੰਦਪੁਰ ਦਾ ਦੂਸਰਾ ਜੰਗ, ਗੁਰੂ-ਸਰ ਮਹਿਰਾਜ ਦਾ ਤੀਸਰਾ ਜੰਗ, ਕਰਤਾਰਪੁਰ ਦਾ ਚੌਥਾ ਜੰਗ।
ਅੰਮ੍ਰਿਤਸਰ ਤੋਂ ਥੋੜੀ ਵਿੱਥ ‘ਤੇ ਅਜਨਾਲਾ ਰੋਡ `ਤੇ ਪੁਰਾਣੀ ਕੇਂਦਰੀ ਜੇਲ੍ਹ ਦੇ ਐਨ ਸਾਹਮਣੇ ਗੁ. ਸ੍ਰੀ ਪਲਾਹ ਸਾਹਿਬ ਪਾ. 6ਵੀਂ ਪਿੰਡ ਖੈਰਾਬਾਦ ਦੀ ਧਰਤ ਤੇ ਸਥਿਤ ਹੈ। ਇਹ ਗੁਰੂ ਘਰ ਸਿੱਖਾਂ ਦੀ ਪਹਿਲੀ ਜੰਗ ਅਤੇ ਪਾਤਸ਼ਾਹੀ ਛੇਵੀਂ ਨਾਲ ਸਬੰਧਤ ਹੈ। ਇਹ ਇਲਾਕਾ ਗੁੰਮਟਾਲਾ ਪਿੰਡ ਦੀ ਜੂਹ ਵਿਚ ਆਉਂਦਾ ਹੈ। ਮੀਰੀ-ਪੀਰੀ ਦੇ ਮਾਲਕ ਜਦ ਸ਼ਿਕਾਰ ਖੇਡਣ ਲਈ ਨਿਕਲਦੇ ਸਨ ਤਾਂ ਇਸ ਖੇਤਰ ਵਿੱਚ ਕੁਝ ਸਮਾਂ ਪਲਾਹ ਦੇ ਬ੍ਰਿਛ ਦੀ ਠੰਢੀ ਛਾਂ ਹੇਠ ਆਰਾਮ ਕਰਿਆ ਕਰਦੇ ਸਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਿੱਖ ਇਤਿਹਾਸ ਦੀ ਲੜੀ ਗਈ ਪਹਿਲੀ ਜੰਗ ਦਾ ਮੁੱਢ ਵੀ ਜੁਲਮ ਤੇ ਦਯਾ ਦੇ ਪ੍ਰਕਰਨ ‘ਚ ਇਸ ਧਰਤੀ ‘ਤੇ ਹੀ ਪੈਦਾ ਹੋਇਆ। 1628-29 ਈ. ਨੂੰ ਗੁਰੂ ਜੀ ਆਪਣੇ ਕੁੱਝ ਸਿੱਖਾਂ ਸਮੇਤ ਸ਼ਿਕਾਰ ਖੇਡਣ ਅੰਮ੍ਰਿਤਸਰ ਦੀ ਧਰਤੀ ਦੇ ਇਸ ਇਲਾਕੇ ਵਿੱਚ ਆਏ ਹੋਏ ਸਨ। ਸਬੱਬੀ-ਸ਼ਾਹ ਜਹਾਨ ਬਾਦਸ਼ਾਹ ਵੀ ਲਾਹੌਰ ਵਲੋਂ ਇਸੇ ਖੇਤਰ ਵਿੱਚ ਸ਼ਿਕਾਰ ਲਈ ਉਤਰਿਆ ਹੋਇਆ ਸੀ। ਸ਼ਾਹ ਜਹਾਨ ਬਾਦਸ਼ਾਹ ਪਾਸ ਇਕ ਚਿੱਟਾ ਬਾਜ ਸੀ ਜੋ ਸ਼ਾਹ ਇਰਾਨ ਨੇ ਉਸ ਨੂੰ ਤੋਹਫ਼ੇ ਵਜੋਂ ਭੇਟ ਕੀਤਾ ਸੀ। ਸ਼ਾਹ ਜਹਾਨ ਦਾ ਚਿੱਟਾ ਬਾਜ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਕੋਹ ਕੋਰ ਕੇ ਮਾਰ ਰਿਹਾ ਸੀ, ਬਾਦਸ਼ਾਹ ਦੇ ਕਰਿੰਦੇ ਇਸ ਖੇਡ ਤੇ ਹੁਲੜਬਾਜ਼ੀ ਕਰ ਕੇ ਖੁਸ਼ੀ ਮਨਾ ਰਹੇ ਸਨ। ਗੁਰੂ ਦੇ ਸਿੱਖਾਂ ਨੂੰ ਬਾਦਸ਼ਾਹ ਦੇ ਸਿਪਾਹੀਆਂ ‘ਤੇ ਬਾਜ ਦੀ ਇਹ ਕਾਰਵਾਈ ਪਸੰਦ ਨਾ ਆਈ ਉਨ੍ਹਾਂ ਆਪਣਾ ਬਾਜ਼ ਛੱਡਿਆ। ਥੋੜ੍ਹੇ ਸਮੇਂ ਬਾਅਦ ਗੁਰੂ ਜੀ ਦਾ ਬਾਜ ਦੂਜੇ ਬਾਜ ਨੂੰ ਘੇਰ ਕੇ ਸਿੱਖਾਂ ਪਾਸ ਲੈ ਆਇਆ। ਸਿੱਖਾਂ ਨੇ ਸ਼ਾਹ ਜਹਾਨ ਦੇ ਬਾਜ ਨੂੰ ਪਕੜ ਲਿਆ। ਬਾਜ ਦਾ ਪਿੱਛਾ ਕਰਦੇ ਸ਼ਾਹ ਜਹਾਨ ਦੇ ਸਿਪਾਹੀਆਂ ਦਾ ਕਾਫਲਾ ਸਿੱਖਾਂ ਪਾਸ ਪੁੱਜਿਆਂ ਤੇ ਗੁੱਸੇ ਤੇ ਰੋਹਬ ਨਾਲ ਕਹਿਣ ਲੱਗੇ ਕਿ “ਇਹ ਬਾਜ਼ ਸਾਡਾ ਹੈ। ਇਹ ਬਾਜ ਸਾਨੂੰ ਵਾਪਸ ਕਰ ਦਿਓ ਤੁਹਾਨੂੰ ਪਤਾ ਨਹੀਂ ਇਹ ਸ਼ਾਹ ਜਹਾਨ ਦਾ ਸ਼ਾਹੀ ਬਾਜ ਹੈ। ਇਸ ਨੂੰ ਕੋਈ ਨਹੀਂ ਰੱਖ ਸਕਦਾ। ਤੁਹਾਡੀ ਭਲੀ ਇਸ ਵਿੱਚ ਹੈ ਕਿ ਬਾਜ ਵਾਪਸ ਦੇ ਦਿਓ ਨਹੀਂ ਤਾਂ ਫਿਰ ਜੰਗ ਲਈ ਤਿਆਰ ਹੋ ਜਾਉ।”
“ਗੁਰੂ ਦੇ ਸਿੱਖਾਂ ਨੇ ਜੈਕਾਰੇ ਲਾਉਦਿਆਂ ਢੁੱਕਵਾਂ ਉਤਰ ਦਿੰਦਿਆਂ ਕਿਹਾ ਕਿ ਤਾਜਬਾਜ ਤੁਮਰੇ ਸਭ ਲੈਨੇ, ਭਾਵ ਤੁਸੀਂ ਬਾਜ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ ਨੂੰ ਵੀ ਹੱਥ ਪਾਵਾਂਗੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਤੋਂ ਬਾਅਦ ਛੇਵੇਂ ਪਾਤਸ਼ਾਹ ਨੇ ਮੀਰੀ-ਪੀਰੀ ਧਾਰਨ ਕੀਤੀ ਇਸ ਦਾ ਜਲਵਾ ਸੰਸਾਰ ਨੂੰ ਦਿਖਾਉਣਾ ਚਾਹੁੰਦੇ ਸਨ। ਗੁਰੂ ਸਾਹਿਬ ਨੇ ਐਲਾਨ ਕੀਤਾ “ਅੱਜ ਤੋਂ ਗੁਰੂ ਘਰ ਲਈ ਸਭ ਤੋਂ ਚੰਗੀ ਭੇਟਾ ਸੁੰਦਰ ਘੋੜੇ ਤੇ ਮਜਬੂਤ ਜੁਆਨੀ ਹੋਵੇਗੀ।” ਮੈਕਾਲਫ਼ ਅਨੁਸਾਰ ਮਾਝੇ ਵਿੱਚੋਂ 50 ਨੌਜੁਆਨ ਸਿੰਘਾਂ ਨੇ ਆਪਣੇ ਆਪ ਨੂੰ ਗੁਰੂ ਦੇ ਸਮਰਪਿਤ ਕੀਤਾ। ਕੁੱਝ ਸਮਂੇ ਵਿੱਚ ਹੀ ਇਹ ਕਾਫ਼ਲਾ ਬਹੁਤ ਵੱਡਾ ਤਿਆਰ ਹੋ ਗਿਆ ਤੇ ਹਜਾਰਾਂ ਦੀ ਗਿਣਤੀ ਵਿਚ ਖਾਲਸਾਈ ਫੌਜ ਬਣ ਗਈ। ਇਹ ਫੌਜ ਗੁਰੂ ਹੁਕਮ ਅਨੁਸਾਰ ਜੰਗ ਦੇ ਮੈਦਾਨ ਵਿੱਚ ਜੂਝ, ਆਪਣੇ ਆਪ ਨੂੰ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਚੜਾਉਣ ਦੇ ਇਛੁੱਕ ਸਨ।
ਬਾਜ ਨਾ ਮਿਲਣ ਤੇ ਗੁੱਸੇ ਵਿੱਚ ਸ਼ਾਹ ਜਹਾਨ ਦੇ ਸਿਪਾਹੀ ਖੋਟੀਆਂ ਕੌੜੀਆਂ ਸੁਣਾਉਂਦੇ ਸਾਰੇ ਬਾਦਸ਼ਾਹ ਨੂੰ ਮਿਲੇ ਅਤੇ ਘਟਨਾ ਤੋਂ ਜਾਣੂ ਕਰਵਾਇਆ ਜਿਸ ‘ਤੇ ਕਰੋਧ ਵਸ ਹੋ ਸ਼ਾਹ ਜ਼ਹਾਨ ਨੇ ਜਰਨੈਲ ਮੁਖ਼ਲਸ ਖ਼ਾਨ ਦੀ ਅਗਵਾਈ ਹੇਠ 700 ਨਾਮੀ ਭਾਰੀ ਫੌਜ ਸਿੱਖਾਂ ਨਾਲ ਲੜਨ ਹਿੱਤ ਭੇਜੀ ਅਤੇ ਸਿੱਖ ਇਤਿਹਾਸ ਦੀ ਇਹ ਪਹਿਲੀ ਜੰਗ ਅੰਮ੍ਰਿਤਸਰ ਦੇ ਖੈਰਾਬਾਦ, ਖਾਲਸਾ ਕਾਲਜ ਵਾਲਾ ਖੇਤਰ, ਪਿਪਲੀ ਸਾਹਿਬ ਪੁਤਲੀਘਰ, ਕੋਟ ਖਾਲਸਾ ਲੋਹਗੜ੍ਹ ਅਤੇ ਗੁ: ਸੰਗਰਾਣਾ ਸਾਹਿਬ ਤੀਕ ਖਿਲਰ ਕੇ ਹੋਈ। ਇਹ ਸਾਰਾ ਖੇਤਰ ਜੰਗਲ ਬੀੜ ਸੀ। ਸ਼ਾਹ ਜਹਾਨ ਦਾ ਸ਼ਾਹੀ ਹੁਕਮ ਸੀ ਸਿੱਖਾਂ ਦੇ ਗੁਰੂ ਨੂੰ ਬਾਜ਼ ਸਮੇਤ ਫੜਕੇ ਲਿਆਉਣਾ ਹੈ।
ਸ਼ਾਹੀ ਫੌਜਾਂ ਦੀ ਚੜਾਈ ਨੂੰ ਰੋਕਣ ਲਈ ਗੁਰੂ ਜੀ ਨੇ 25 ਯੋਧਿਆਂ ਨੂੰ ਭੇਜਿਆ। ਇਨ੍ਹਾਂ ਵੀਰ ਬਹਾਦਰਾਂ ਨੇ ਸ਼ਾਹੀ ਫੌਜ ਨੂੰ ਠੱਲੀ ਰੱਖਿਆ। ਕਾਲੀ ਸ਼ਾਹੀ ਹਨ੍ਹੇਰੀ ਰਾਤ ਵਿੱਚ ਇਹ ਸਿੰਘ ਹੌਂਸਲੇ ਨਾਲ ਜੈਕਾਰੇ ਲਾਉਂਦੇ ਕਹਿ ਰਹੇ ਸਨ, ਸਵੇਰ ਹੋਣ ਦਿਓ ਲੜਦੇ ਮਰਦੇ ਲਾਹੌਰ ਪਹੁੰਚ ਜਾਵਾਂਗੇ ਤੇ ਬਾਦਸ਼ਾਹ ਦੀਆਂ ਮੁਸ਼ਕਾਂ ਬੰਨ੍ਹ ਕੇ ਲਿਆਵਾਂਗੇ। ਇਨ੍ਹਾਂ ਵਿੱਚ ਸੂਰਬੀਰ ਜੋਧੇ ਭਾਈ ਬਿਧੀਚੰਦ ਜੀ, ਭਾਈ ਜੇਠਾ ਸਿੰਘ ਜੀ, ਭਾਈ ਪੈਦੇ ਖਾਂ ਆਦਿ ਸਿੱਖਾਂ ਦੀ ਜੰਗ ਵਿੱਚ ਅਗਵਾਈ ਕਰ ਰਹੇ ਸਨ। ਮੁਗਲਾਂ ਵੱਲੋਂ ਸ਼ਮਸ਼ਾਨ ਖਾਨ, ਅਨਵਰ ਖਾਂ, ਮੁਹੰਮਦ ਅਲੀ ਖਾਂ, ਅਲੀ ਬੇਗ ਆਦਿ ਨੇ ਮੁਗ਼ਲ ਸੈਨਾ ਦੀ ਅਗਵਾਈ ਕੀਤੀ। ਗੁਰੂ ਦੇ ਸਿੱਖਾਂ ਤੇ ਤੁਰਕਾਂ ਵਿੱਚ ਘਮਸਾਣ ਦਾ ਯੁੱਧ ਹੋਇਆ।ਗਹਿਗਚ ਜੰਮ ਕੇ ਲੜਾਈ ਹੋਈ ਦੋਹਾਂ ਪਾਸਿਆਂ ਦਾ ਕਾਫੀ ਜਾਨੀ ਨੁਕਸਾਨ ਹੋਇਆ।
ਇਸ ਉਪਰੰਤ ਮੁਖ਼ਲਿਸ ਖ਼ਾਨ ਜੁਅਰਤ ਕਰਕੇ ਆਪ ਜੰਗ ਦੇ ਮੈਦਾਨ ਵਿੱਚ ਉਤਰਿਆ ਅਤੇ ਗੁਰੂ ਜੀ ਨੂੰ ਯੁੱਧ ਕਰਨ ਲਈ ਲਲਕਾਰਾ ਮਾਰਿਆ। ਗੁਰੂ ਜੀ ਨੇ ਸਿੱਖਾਂ ਨੂੰ ਪਿੱਛੇ ਹਟ ਜਾਣ ਲਈ ਕਿਹਾ ਗੁਰੂ ਜੀ ਨੇ ਕਿਹਾ,“ਜਿਤਨੇ ਦਾਅ ਪੇਚ ਤੇ ਜੰਗੀ ਹੁਨਰ ਹੈ ਹੁਣ ਦੱਸ ਲੈ ਤੇ ਪਹਿਲੇ ਵਾਰ ਵੀ ਤੂੰ ਕਰ ਲੈ।” ਮੁਖਲਿਸ ਖਾਂ ਦੇ ਪਹਿਲੇ ਦੋਵੇਂ ਵਾਰ ਗੁਰੂ ਜੀ ਨੇ ਬਚਾਅ ਲਏ ਤੇ ਫਿਰ ਆਖਿਆ ਤੂੰ ਦੋ ਵਾਰ ਕੀਤੇ ਅਸੀਂ ਬਚਾ ਲਏ ਹੁਣ ਤੂੰ ਤਿਆਰੀ ਕਸ ਲੈ। ਗੁਰੂ ਜੀ ਨੇ ਆਪਣੀ ਤਲਵਾਰ ਨਾਲ ਵਾਰ ਕੀਤਾ ਤਾਂ ਉਸ ਦਾ ਸਿਰ ਧੜ ਨਾਲੋਂ ਲੱਥ ਕੇ ਜ਼ਮੀਨ ‘ਤੇ ਡਿੱਗ ਪਿਆ। ਉਸ ਦੀ ਬਾਕੀ ਫੌਜ ਇਹ ਭੈਅ-ਭੀਤ ਦ੍ਰਿਸ਼ ਦੇਖ ਕੇ ਲਾਹੌਰ ਨੂੰ ਭੱਜ ਗਈ ਇਹ ਜੰਗ 15 ਮਈ 1628,1629 ਈ. ਨੂੰ ਹੋਇਆ ਦਸਿਆ ਜਾਂਦਾ ਹੈ। ਜੰਗ ਮਗਰੋਂ ਗੁਰੂ ਜੀ ਆਪ ਝਬਾਲ ਚਲੇ ਗਏ। ਜਿਥੇ ਉਨ੍ਹਾਂ ਆਪਣਾ ਪਰਿਵਾਰ ਪਹਿਲਾਂ ਹੀ ਘੱਲ ਦਿਤਾ ਸੀ। 26 ਜੇਠ ਸੰਮਤ 1685 ਸੰਮਤ 1628 ਨੂੰ ਉਥੇ ਹੀ ਚੌਧਰੀ ਭਾਈ ਲੰਗਾਹ ਦੇ ਘਰ ਬੀਬੀ ਵੀਰੋ ਦਾ ਵਿਆਹ ਕੀਤਾ ਗਿਆ। ਮੈਕਾਲਿਫ ਅਨੁਸਾਰ ਇਹ ਜੁੱਧ ਅੰਮ੍ਰਿਤਸਰੋਂ ਚਾਰ ਮੀਲ ਤੱਕ ਦੱਖਣ ਵੱਲ ਵੀ ਹੁੰਦਾ ਰਿਹਾ ਜਿਥੇ ਗੁਰੂ ਜੀ ਦੀ ਜਿੱਤ ਦੀ ਯਾਦਗਾਰ ਵਿੱਚ ਗੁਰਦੁਆਰਾ ਸੰਗਰਾਣਾ ਸਾਹਿਬ ਅੱਜ ਸਥਿਤ ਹੈ।
ਭਾਵੇਂ ਸ਼ਾਹ ਜਹਾਨ ਦੇ ਜੰਗਨਾਮਿਆਂ ਵਿੱਚ ਇਸ ਜੰਗ ਦਾ ਜ਼ਿਕਰ ਨਹੀਂ ਮਿਲਦਾ, ਪਰ ਇਤਿਹਾਸ ਦੇ ਕੁੱਝ ਸਰੋਤਾਂ ਵਿੱਚ ਜਿਕਰ ਮਿਲਦਾ ਹੈ ਕਿ ਸਿੱਖਾਂ ਦੀ ਇਹ ਪਹਿਲੀ ਲੜਾਈ ਸੀ, ਜਿਸ ਦੀ ਸਿੱਖਾਂ ਨੂੰ ਚੜ੍ਹਦੀ ਕਲਾ ਵਾਲੀ ਫਤਿਹ ਮਿਲੀ। ਗੁਰਦੁਆਰਾ ਪਲਾਹ ਸਾਹਿਬ ਅਤੇ ਗੁ: ਕਿਲ੍ਹਾ ਲੋਹਗੜ੍ਹ ਸਾਹਿਬ ਹਰ ਸਾਲ ਫਤਿਹ ਦਿਵਸ ਮਨਾਇਆ ਜਾਂਦਾ ਹੈ। ਇਸ ਪਵਿੱਤਰ ਅਸਥਾਨ ਤੇ ਸੰਗਤਾਂ ਅਰਦਾਸ ਕਰਾ ਮੂੰਹ ਮੰਗੀਆਂ ਮੁਰਾਦਾਂ ਪਾੳਂਦੀਆਂ ਹਨ।

-
ਦਿਲਜੀਤ ਸਿੰਘ ਬੇਦੀ, writer
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.