ਰਾਜਪੁਰਾ ਵਿੱਚ 8100 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਾਬੂ
ਯੂ.ਪੀ. ਤੋਂ ਲਿਆ ਕੇ ਗੋਬਿੰਦਗੜ ਦੀਆਂ ਫੈਕਟਰੀਆਂ ਵਿੱਚ ਵੇਚਣ ਦੀ ਸੀ ਯੋਜਨਾ; ਦੋ ਦਿਨ ਦਾ ਪੁਲਿਸ ਰਿਮਾਂਡ
ਰਾਜਪੁਰਾ, 15 ਅਪ੍ਰੈਲ (ਕੁਲਵੰਤ ਸਿੰਘ ਬੱਬੂ)
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਸਦਰ ਰਾਜਪੁਰਾ ਪੁਲਿਸ ਨੇ ਇੱਕ ਵਿਅਕਤੀ ਨੂੰ 8100 ਨਸ਼ੀਲੀਆਂ ਗੋਲੀਆਂ ਮਾਰਕਾ ਲੋਮੋਟੀਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਏ.ਜੀ.ਐਮ. ਰਿਜੋਰਟ ਨੇੜੇ ਪਿੰਡ ਬਸੰਤਪੁਰਾ ਵਿਖੇ ਨਾਕਾਬੰਦੀ ਦੌਰਾਨ ਕੀਤੀ ਗਈ।
ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਪਟਿਆਲਾ ਵਰੁਣ ਸ਼ਰਮਾ, ਐੱਸ.ਪੀ.ਡੀ. ਗੁਰਵੰਤ ਸਿੰਘ ਬੈਸ ਅਤੇ ਡੀ.ਐੱਸ.ਪੀ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਨੂੰ ਸੀਲ ਕੀਤਾ ਗਿਆ ਸੀ। ਨਾਕੇ ਦੌਰਾਨ ਇੱਕ ਸ਼ੱਕੀ ਵਿਅਕਤੀ ਪੁਲਿਸ ਨੂੰ ਦੇਖ ਕੇ ਤੇਜ਼ੀ ਨਾਲ ਮੁੜਨ ਲੱਗਾ, ਜਿਸ ਨੂੰ ਕਾਬੂ ਕਰ ਲਿਆ ਗਿਆ।
ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਬੇਅੰਤ ਸਿੰਘ ਪੁੱਤਰ ਸਿੰਗਾਰ ਸਿੰਘ ਵਾਸੀ ਪਿੰਡ ਟੋਸਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਉਸ ਦੇ ਪਿੱਠੂ ਬੈਗ ਦੀ ਤਲਾਸ਼ੀ ਦੌਰਾਨ 8100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਦੋ ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਹ ਗੋਲੀਆਂ ਯੂ.ਪੀ. ਤੋਂ ਖਰੀਦ ਕੇ ਲਿਆਇਆ ਸੀ ਅਤੇ ਗੋਬਿੰਦਗੜ ਦੀਆਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੇਚਣ ਲਈ ਲਿਆਇਆ ਸੀ।
Click to Follow Babushahi Facebook page →