ਨਵਾਂਸ਼ਹਿਰ! SIR 25 ਜੂਨ ਤੋਂ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 24 ਜੂਨ,2026 - ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਐਸ.ਆਈ.ਆਰ ਪ੍ਰੋਗਰਾਮ ਤਹਿਤ ਘਰ-ਘਰ ਸਰਵੇ 25 ਜੂਨ 2026 ਤੋਂ ਜ਼ਿਲ੍ਹੇ ਭਰ ਵਿੱਚ ਸ਼ੁਰੂ ਹੋਵੇਗਾ।
ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਔਲਖ ਨੇ ਕਿਹਾ ਕਿ ਮਹੀਨਾ ਭਰ ਚੱਲਣ ਵਾਲੀ ਇਸ ਕਵਾਇਦ ਦੌਰਾਨ ਬੂਥ ਲੈਵਲ ਅਫਸਰ ਬੀ.ਐਲ.ਓ ਆਪਣੇ-ਆਪਣੇ ਖੇਤਰ ਦੇ ਹਰ ਘਰ ਵਿੱਚ ਤਿੰਨ ਵਾਰ ਜਾਣਗੇ ਤਾਂ ਜੋ ਕੋਈ ਵੀ ਯੋਗ ਵੋਟਰ ਰੀਵਿਜ਼ਨ ਪ੍ਰਕਿਰਿਆ ਤੋਂ ਵਾਂਝਾ ਨਾ ਰਹੇ। ਇਹ ਸਰਵੇ 25 ਜੂਨ ਤੋਂ 24 ਜੁਲਾਈ ਤੱਕ ਚੱਲੇਗਾ।
ਉਨ੍ਹਾਂ ਕਿਹਾ ਕਿ ਪਹਿਲੇ ਦੌਰੇ ਦੌਰਾਨ ਬੀ.ਐਲ.ਓ ਵੋਟਰਾਂ ਵਿੱਚ ਗਿਣਤੀ ਫਾਰਮ ਵੰਡਣਗੇ ਅਤੇ ਉਨ੍ਹਾਂ ਨੂੰ ਭਰੇ ਹੋਏ ਫਾਰਮ ਇਕੱਠੇ ਕਰਨ ਲਈ ਅਗਲੀ ਮੁਲਾਕਾਤ ਦੀ ਮਿਤੀ ਬਾਰੇ ਜਾਣਕਾਰੀ ਦੇਣਗੇ। ਜੇਕਰ ਪਹਿਲੇ ਦੌਰੇ ਸਮੇਂ ਘਰ ਵਿੱਚ ਕੋਈ ਨਾ ਮਿਲੇ ਤਾਂ ਬੀ.ਐਲ.ਓ ਗਿਣਤੀ ਫਾਰਮ ਦਰਵਾਜ਼ੇ ’ਤੇ ਰੱਖ ਦੇਣਗੇ ਅਤੇ ਬਾਅਦ ਦੇ ਦੌਰਿਆਂ ਦੌਰਾਨ ਉਨ੍ਹਾਂ ਨੂੰ ਇਕੱਠਾ ਕਰ ਲੈਣਗੇ।
ਡਿਪਟੀ ਕਮਿਸ਼ਨਰ ਨੇ ਵਸਨੀਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਕਿਰਿਆ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਸਰਵੇ ਰਾਹੀਂ ਹਰ ਯੋਗ ਵੋਟਰ ਨੂੰ ਸ਼ਾਮਲ ਕੀਤਾ ਜਾਵੇਗਾ। ਪਾਰਦਰਸ਼ਤਾ ਅਤੇ ਨਿਰਪੱਖਤਾ ਯਕੀਨੀ ਬਣਾਉਣ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 2438 ਨੁਮਾਇੰਦਿਆਂ ਨੂੰ ਵੀ ਬੀ.ਐਲ.ਓ ਨਾਲ ਬੂਥ ਲੈਵਲ ਏਜੰਟ ਬੀ.ਐਲ.ਏ ਵਜੋਂ ਜੋੜਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਵਿਸ਼ਾਲ ਅਭਿਆਨ ਦਾ ਮੰਤਵ ਇਹ ਹੈ ਕਿ ਜ਼ਿਲ੍ਹੇ ਦਾ ਇੱਕ ਵੀ ਯੋਗ ਵੋਟਰ ਐਸ.ਆਈ.ਆਰ ਤੋਂ ਬਾਹਰ ਨਾ ਰਹੇ।
ਸ਼੍ਰੀ ਔਲਖ ਨੇ ਕਿਹਾ ਕਿ ਨਵੇਂ ਨਾਮ ਸ਼ਾਮਲ ਕਰਵਾਉਣ ਲਈ ਯੋਗ ਨਾਗਰਿਕ ਗਿਣਤੀ ਫਾਰਮ ਦੇ ਨਾਲ ਫਾਰਮ-6 ਜਮ੍ਹਾ ਕਰਵਾ ਸਕਦੇ ਹਨ, ਜਦਕਿ ਮੌਜੂਦਾ ਵੇਰਵਿਆਂ ਵਿੱਚ ਸੋਧ ਲਈ ਫਾਰਮ-8 ਜਮ੍ਹਾ ਕਰਵਾਇਆ ਜਾ ਸਕਦਾ ਹੈ।
ਉਨ੍ਹਾਂ ਐਸ.ਆਈ.ਆਰ ਦਾ ਸ਼ਡਿਊਲ ਸਾਂਝਾ ਕਰਦਿਆਂ ਦੱਸਿਆ ਕਿ ਸਰਵੇ ਤੋਂ ਬਾਅਦ ਡਰਾਫਟ ਵੋਟਰ ਸੂਚੀ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਦਾਖਲ ਕੀਤੇ ਜਾ ਸਕਦੇ ਹਨ, ਜਿਸ ਤੋਂ ਬਾਅਦ ਅੰਤਿਮ ਵੋਟਰ ਸੂਚੀ 1 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਵੋਟਰਾਂ ਨੂੰ ਇਸ ਅਭਿਆਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਜ਼ਿਲ੍ਹੇ ਦੇ 90 ਫੀਸਦੀ ਤੋਂ ਵੱਧ ਵੋਟਰਾਂ ਦੀ ਪਹਿਲਾਂ ਹੀ ਪ੍ਰੀ-ਮੈਪਿੰਗ ਅਭਿਆਨ ਦੌਰਾਨ ਮੈਪਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਐਨ.ਆਰ.ਆਈ, ਜਿਨ੍ਹਾਂ ਕੋਲ ਭਾਰਤੀ ਪਾਸਪੋਰਟ ਹੈ, ਉਹ ਵੀ ਔਨਲਾਈਨ ਜਾਂ ਇੱਥੇ ਰਹਿ ਰਹੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਐਸ.ਆਈ.ਆਰ ਵਿੱਚ ਹਿੱਸਾ ਲੈ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ, ਐਸ.ਡੀ.ਐਮ ਐਸ.ਬੀ.ਐਸ. ਨਗਰ ਅਮਨਜੋਤ ਕੌਰ, ਐਸ.ਡੀ.ਐਮ ਬਲਾਚੌਰ ਸੁਨੀਲ ਫੋਗਾਟ ਅਤੇ ਐਸ.ਡੀ.ਐਮ ਬੰਗਾ ਵਿਪਨ ਭੰਡਾਰੀ ਵੀ ਮੌਜੂਦ ਸਨ।
- Download Babushahi App
-
-