ਇੰਦਰਪਾਲ ਸਿੰਘ ਰਾਜੂ ਸਤਿਆਲ ਬਣੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ
ਰੂਪਨਗਰ ਕੌਂਸਲ ਦੇ ਇਤਿਹਾਸ ਵਿਚ ਪਹਿਲੀ ਵਾਰ ਪਿਤਾ, ਉਪਰੰਤ ਪੁੱਤਰ ਨੇ ਸੰਭਾਲਿਆ ਪ੍ਰਧਾਨਗੀ ਦਾ ਅਹੁਦਾ
ਮਨਪ੍ਰੀਤ ਸਿੰਘ/ ਬਾਬੂਸ਼ਾਹੀ ਬਿਊਰੋ
ਰੂਪਨਗਰ, 23 ਜੂਨ
ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਦੇ ਪ੍ਰਧਾਨ ਚੁਣੇ ਜਾਣ ਦੇ ਨੋਟੀਫਿਕੇਸ਼ਨ ਉਪਰੰਤ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਚੁਣੇ ਗਏ ਹਨ। ਜ਼ਿਕਰਯੋਗ ਹੈ ਕਿ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਜਿੱਥੇ ਰੂਪਨਗਰ ਸ਼ਹਿਰ ਦੇ ਆਮ ਵਸਨੀਕਾਂ, ਖਿਡਾਰੀਆਂ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਵਿਚਰਦੇ ਲੋਕਾਂ ਦੇ ਦਿਲਾਂ ਅੰਦਰ ਖਾਸ ਥਾਂ ਹੈ ਉੱਥੇ ਉਹ ਸ਼ਹਿਰ ਅੰਦਰ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਸਭ ਤੋਂ ਨਜ਼ਦੀਕੀ ਵਿਅਕਤੀਆਂ ਵਿੱਚੋਂ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਜਿੱਥੇ ਇੰਦਰਪਾਲ ਸਿੰਘ ਰਾਜੂ ਸਤਿਆਲ ਆਪਣੀ ਧਰਮਪਤਨੀ ਤਰਨ ਸਤਿਆਲ ਸਮੇਤ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੋਟਾਂ ਦੇ ਅੰਤਰ ਨਾਲ ਕੌਂਸਲਰ ਚੁਣੇ ਗਏ ਹਨ, ਉੱਥੇ ਉਹ ਪਿਛਲੀ ਟਰਮ ਦੌਰਾਨ ਵੀ ਬਤੌਰ ਆਜ਼ਾਦ ਕੌਂਸਲਰ ਚੁਣੇ ਜਾਣ ਉਪਰੰਤ ਵਿਧਾਇਕ ਦਿਨੇਸ਼ ਚੱਢਾ ਦੇ ਥਾਪੜੇ ਨਾਲ ਸ਼ਹਿਰ ਤੋਂ ਵੀ ਅਗਾਂਹ ਵੱਧ ਸੂਬੇ ਤੇ ਕੌਮੀ ਪੱਧਰ ਉੱਤੇ ਪਾਰਟੀ ਲਈ ਅਣਥੱਕ ਸੇਵਾਵਾਂ ਭੇਂਟ ਕਰਕੇ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕੇ ਹਨ। ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਚੁਣੇ ਜਾਣ ਤੇ ਪੰਜਾਬ ਭਰ ਦੇ ਖੇਡ, ਸਾਈਕਲ ਪ੍ਰੇਮੀਆਂ ਵਿੱਚ ਵੀ ਖਾਸ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਉਹ ਦਹਾਕਿਆਂ ਤੋਂ ਆਪ ਰੋਜ਼ਾਨਾ ਸਾਈਕਲਿੰਗ ਕਰਨ ਦੇ ਨਾਲ ਨਾਲ ਪੰਜਾਬ ਦੇ ਸਾਈਕਲਿੰਗ ਪਰਿਵਾਰ ਅੰਦਰ ਇੱਕ ਵਿਸ਼ੇਸ਼ ਥਾਂ ਰੱਖਦੇ ਹਨ। ਉਸ ਤੋਂ ਇਲਾਕਾ ਉਹ ਆਪਣੇ ਕਾਲਜ ਦੇ ਸਮੇਂ ਦੌਰਾਨ ਹਾਕੀ ਦੇ ਕੌਮੀ ਪੱਧਰ ਦੇ ਖਿਡਾਰੀ ਰਹਿ ਚੁੱਕੇ ਹਨ। ਉਹਨਾਂ ਜਿੱਥੇ ਹਾਕੀ ਵਿੱਚ ਦੋ ਵਾਰ ਕੌਮੀ ਖੇਡਾਂ ਵਿੱਚ ਬਤੌਰ ਕਪਤਾਨ ਭਾਗੀਦਾਰੀ ਕੀਤੀ, ਉੱਥੇ ਉਹਨਾਂ ਵੇਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਵਾਂਗਡੋਰ ਸੰਭਾਲਣਾ ਕੌਮਾਂਤਰੀ ਪੱਧਰ ਤੇ ਖੇਡਣ ਵਾਂਗ ਮੰਨਿਆ ਜਾਂਦਾ ਸੀ। ਜ਼ਿਕਰਯੋਗ ਹੈ ਕਿ ਇਹ ਅਹੁਦਾ ਸੰਭਾਲਣ ਨਾਲ ਉਹਨਾਂ ਰਾਜਨੀਤੀ ਦੀ ਆਪਣੀ ਪਰਿਵਾਰਕ ਵਿਰਾਸਤ ਨੂੰ ਇੱਕ ਕਦਮ ਹੋਰ ਅਗਾਂਹ ਤੋਰਿਆ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਅਮਰਜੀਤ ਸਿੰਘ ਸਤਿਆਲ ਵੀ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਰਹਿ ਚੁੱਕੇ ਹਨ ਤੇ ਉਹਨਾਂ ਦੇ ਛੋਟੀ ਭੈਣ ਅਮਨ ਕਾਲੜਾ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਮੌਜੂਦਾ ਕੌਂਸਲਰ ਹਨ। ਰੂਪਨਗਰ ਦੇ ਨਗਰ ਕੌਂਸਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਿਤਾ ਤੋਂ ਬਾਅਦ ਕਿਸੇ ਪੁੱਤਰ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਅਹੁਦਾ ਸਾਂਭਿਆ ਹੈ। ਰਾਜੂ ਸਤਿਆਲ ਦੇ ਪ੍ਰਧਾਨ ਚੁਣੇ ਜਾਣ ਨਾਲ ਸ਼ਹਿਰ ਅੰਦਰ ਪਾਰਟੀ ਪੱਧਰ ਤੋਂ ਉੱਪਰ ਉੱਠ ਵਿਸ਼ੇਸ਼ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹਨਾਂ ਹਮੇਸ਼ਾਂ ਸਿਆਸੀ ਪੱਧਰ ਤੋਂ ਉੱਪਰ ਉੱਠ ਆਪਸੀ ਭਾਈਚਾਰੇ ਤੇ ਸਮਾਜਿਕ ਸਾਂਝ ਨੂੰ ਪਹਿਲ ਦਿੱਤੀ ਹੈ। ਕਿਸਾਨੀ ਹੱਕਾਂ ਲਈ ਦਿੱਲੀ ਤੱਕ ਸਾਈਕਲ ਯਾਤਰਾ ਕਰਨਾ ਉਹਨਾਂ ਦੀ ਇਸ ਲੋਕ ਪੱਖੀ ਸਖਸ਼ੀਅਤ ਹੋਣ ਦੀ ਮੂੰਹ ਬੋਲਦੀ ਤਸਵੀਰ ਹੈ। ਇਹ ਵੀ ਜ਼ਿਕਰਯੋਗ ਹੈ ਕਿ ਜਿੱਥੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਹਲਕਾ ਵਿਧਾਇਕ ਦਿਨੇਸ਼ ਚੱਢਾ ਰੂਪਨਗਰ ਹਲਕੇ ਦੇ ਅਨੇਕਾਂ ਦਹਾਕਿਆਂ ਤੋਂ ਰੁਕੇ ਕੰਮ ਬਾਖੂਬੀ ਕਰਵਾਕੇ ਵਿਰੋਧੀਆਂ ਅੱਗੇ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਕਾਰਆਤਮਿਕ ਆਪਣੇ ਕੰਮਾਂ ਦੀ ਲਕੀਰ ਲੰਮੇਰੀ ਖਿੱਚ ਚੁੱਕੇ ਹਨ, ਉੱਥੇ ਇਸ ਵੇਲੇ ਇੰਦਰਪਾਲ ਸਿੰਘ ਰਾਜੂ ਸਤਿਆਲ ਵਰਗੇ ਸਰਗਰਮ ਤੇ ਲੋਕਾਂ ਨਾਲ ਜੁੜੇ ਵਿਅਕਤੀ ਨੂੰ ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਬਣਾਕੇ ਆਮ ਆਦਮੀ ਪਾਰਟੀ ਨੇ ਹਾਲ ਦੀ ਘੜੀ ਸਿਆਸੀ ਖੇਤਰ ਅੰਦਰ ਵਿਰੋਧੀਆਂ ਤੋਂ ਕਾਫ਼ੀ ਅਗਾਂਹ ਹੋਣ ਦਾ ਬਿਗੁਲ ਸ਼ਰੇਆਮ ਵਜਾ ਦਿੱਤਾ ਹੈ। ਰਾਜੂ ਸਤਿਆਲ ਦੇ ਨਗਰ ਕੌਂਸਲ ਦਾ ਪ੍ਰਧਾਨ ਚੁਣੇ ਜਾਣ ਉੱਤੇ ਉਹਨਾਂ ਦੇ ਪਰਿਵਾਰਕ ਮਿੱਤਰ ਉੱਘੇ ਪੰਜਾਬੀ ਗਾਇਕ ਬੱਬੂ ਮਾਨ, ਕੈਨੇਡਾ ਵਿਖੇ ਸਫਲ ਕਾਰੋਬਾਰੀ ਦੇ ਤੌਰ ਤੇ ਵਿਚਰ ਰਹੇ ਉਹਨਾਂ ਦੇ ਛੋਟੇ ਭਰਾ ਬੱਬਲੂ ਸਤਿਆਲ ਸਮੇਤ ਦੁਨੀਆਂ ਭਰ ਦੇ ਕੋਨੇ ਕੋਨੇ ਵਿੱਚ ਬੈਠੇ ਸਤਿਆਲ ਪਰਿਵਾਰ ਦੇ ਪਰਿਵਾਰਕ ਮੈਂਬਰਾਂ, ਦੋਸਤਾਂ ਮਿੱਤਰਾਂ ਨੇ ਵੱਡੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਨਗਰ ਕੌਂਸਲ ਰੂਪਨਗਰ ਦਾ ਪ੍ਰਧਾਨ ਚੁਣੇ ਜਾਣ ਉਪਰੰਤ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਰੂਪਨਗਰ ਦੇ ਸਮੂਹ ਵੋਟਰਾਂ, ਕੌਂਸਲਰਾਂ,ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਮੂਹ ਪਾਰਟੀ ਕਾਰਕੁਨਾਂ ਤੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਆਪਣਾ ਇੱਕ ਇੱਕ ਪਲ ਸ਼ਹਿਰ ਦੀ ਭਲਾਈ ਨੂੰ ਸਪਰਪਿੱਤ ਕਰਨਗੇ।
- Download Babushahi App
-
-