ਲੁਧਿਆਣਾ 'ਚ ਤਾਲਿਬਾਨੀ ਸਜ਼ਾ! ਚੋਰੀ ਦੇ ਸ਼ੱਕ 'ਚ ਨੌਜਵਾਨ ਨੂੰ ਬੰਧਕ ਬਣਾ ਕੇ ਕੱਟੇ ਵਾਲ; 'ਮੈਂ ਚੋਰ ਹਾਂ' ਦਾ ਪੋਸਟਰ ਲਾ ਖੰਭੇ ਨਾਲ ਬੰਨ੍ਹਿਆ, FIR ਦਰਜ
Ravi Jakhu
ਲੁਧਿਆਣਾ, 11 ਜੂਨ 2026: ਲੁਧਿਆਣਾ ਦੇ ਜੋਧੇਵਾਲ ਇਲਾਕੇ ਵਿੱਚੋਂ ਕਾਨੂੰਨ ਵਿਵਸਥਾ ਨੂੰ ਛਿੱਕੇ ਟੰਗਣ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਨੌਜਵਾਨਾਂ ਵੱਲੋਂ ਚੋਰੀ ਦੇ ਸ਼ੱਕ ਵਿੱਚ ਇੱਕ ਨੌਜਵਾਨ ਨੂੰ ਨਾ ਸਿਰਫ਼ ਬੰਧਕ ਬਣਾਇਆ ਗਿਆ, ਬਲਕਿ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਦਿਆਂ ਤਾਲਿਬਾਨੀ ਸਜ਼ਾ ਦਿੱਤੀ ਗਈ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੋਧੇਵਾਲ ਇਲਾਕੇ ਵਿੱਚ ਕੁਝ ਮੁੰਡਿਆਂ ਨੇ ਇੱਕ ਨੌਜਵਾਨ 'ਤੇ ਚੋਰੀ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ ਕਾਨੂੰਨ ਆਪਣੇ ਹੱਥ ਵਿੱਚ ਲੈਂਦੇ ਹੋਏ ਉਨ੍ਹਾਂ ਨੇ ਉਕਤ ਨੌਜਵਾਨ ਨੂੰ ਬੰਧਕ ਬਣਾ ਲਿਆ ਅਤੇ ਉਸ ਦੇ ਵਾਲ ਕੱਟ ਦਿੱਤੇ। ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਬੇਰਹਿਮੀ ਦੀਆਂ ਹੱਦਾਂ ਪਾਰ ਕਰਦਿਆਂ ਉਸ ਦੇ ਗਲ ਵਿੱਚ 'ਮੈਂ ਚੋਰ ਹਾਂ' ਲਿਖਿਆ ਹੋਇਆ ਇੱਕ ਪੋਸਟਰ ਟੰਗ ਦਿੱਤਾ ਅਤੇ ਉਸ ਨੂੰ ਬਾਜ਼ਾਰ ਵਿੱਚ ਘੁਮਾਉਣ ਲੱਗੇ। ਇਸ ਅਪਮਾਨਜਨਕ ਕਾਰੇ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਨੂੰ ਇੱਕ ਬੈਂਕ ਦੇ ਕੋਲ ਬਣੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ।
ਇਸ ਸ਼ਰਮਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਅਤੇ ਪੁਲਿਸ ਨੂੰ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਕਾਨੂੰਨ ਨੂੰ ਹੱਥ ਵਿੱਚ ਲੈਣ ਅਤੇ ਨੌਜਵਾਨ ਨੂੰ ਬੰਧਕ ਬਣਾ ਕੇ ਅਣਮਨੁੱਖੀ ਵਿਵਹਾਰ ਕਰਨ ਦੇ ਦੋਸ਼ ਹੇਠ ਪੁਲਿਸ ਨੇ ਤੁਰੰਤ ਸਬੰਧਤ ਮੁਲਜ਼ਮਾਂ ਖ਼ਿਲਾਫ਼ ਐਫ.ਆਈ.ਆਰ. (FIR) ਦਰਜ ਕਰ ਲਈ ਹੈ। ਪੁਲਿਸ ਵੱਲੋਂ ਵੀਡੀਓ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
- Download Babushahi App
-
-