ਮਿਸਲ ਸਤਲੁਜ ਵੱਲੋਂ ਅੱਜ ਜੀਰਾ ਵਿਖੇ ਚੜ੍ਹਦੀ ਕਲਾ’ ਰੈਲੀ : ਦਵਿੰਦਰ ਸਿੰਘ ਸੇਖੋਂ
ਨੌਜਵਾਨਾਂ, ਕਿਸਾਨਾਂ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦੇ ਰਹਿਣਗੇ ਕੇਂਦਰ ਵਿੱਚ
ਬਾਬੂਸ਼ਾਹੀ ਬਿਊਰੋ
ਫਿਰੋਜ਼ਪੁਰ 7 ਜੂਨ ,2026
ਮਿਸਲ ਸਤਲੁਜ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੀ ਰਾਜਨੀਤੀ ਨੂੰ ਮੁੜ ਲੋਕ-ਹਿਤੈਸ਼ੀ ਅਤੇ ਸੂਬੇ ਦੇ ਮਸਲਿਆਂ ਅਧਾਰਿਤ ਬਣਾਉਣ ਦੇ ਉਦੇਸ਼ ਨਾਲ ਸੂਬੇ ਭਰ ਵਿੱਚ ‘ਚੜ੍ਹਦੀ ਕਲਾ’ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਲੜੀ ਦੀ ਪਹਿਲੀ ਰੈਲੀ ਅੱਜ 8 ਜੂਨ ਦਿਨ ਸੋਮਵਾਰ ਨੂੰ ਜ਼ੀਰਾ ਦੇ ਸਰਰਾਈਜ ਪੈਲੇਸ ਵਿਖੇ ਹੋਵੇਗੀ।
ਸੇਖੋਂ ਨੇ ਕਿਹਾ ਕਿ ਪੰਜਾਬ ਅੱਜ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਗੈਂਗਸਟਰਵਾਦ, ਫਿਰੌਤੀਆਂ, ਨਸ਼ਿਆਂ ਦੀ ਵਧਦੀ ਲਤ, ਬੇਰੁਜ਼ਗਾਰੀ ਅਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਪ੍ਰਵਾਸ ਸੂਬੇ ਲਈ ਗੰਭੀਰ ਚੁਣੌਤੀਆਂ ਬਣ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਪੰਜਾਬ ਦੀ ਮੌਜੂਦਾ ਰਾਜਨੀਤੀ ਲੋਕਾਂ ਦੇ ਅਸਲ ਮੁੱਦਿਆਂ ਤੋਂ ਭਟਕ ਕੇ ਨਿੱਜੀ ਪ੍ਰਾਪਤੀਆਂ, ਫੋਕੀ ਸ਼ੋਸ਼ੇਬਾਜ਼ੀ ਅਤੇ ਗਾਲੀ-ਗਲੋਚ ਤੱਕ ਸੀਮਿਤ ਹੋ ਗਈ ਹੈ, ਜਿਸ ਕਾਰਨ ਪੰਜਾਬ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਪਿੱਛੇ ਰਹਿ ਗਈਆਂ ਹਨ।
*ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦਰਿਆਈ ਖੇਤਰਾਂ ਨੇ ਦੋ ਵਾਰ ਭਿਆਨਕ ਹੜ੍ਹਾਂ ਦੀ ਮਾਰ ਝੱਲੀ ਹੈ, ਜਿਸ ਨਾਲ ਜ਼ੀਰਾ ਇਲਾਕੇ ਦੇ ਕਈ ਪਿੰਡ ਪ੍ਰਭਾਵਿਤ ਹੋਏ। ਉਨਾਂ ਕਿਹਾ ਕਿ ਦੂਜੇ ਪਾਸੇ, ਬਾਕੀ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ, ਜੋ ਪੰਜਾਬ ਦੇ ਭਵਿੱਖ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ।*
*ਸੇਖੋਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਧੁਨਿਕ ਦੁਨੀਆ ਦੇ ਹਾਣ ਦਾ ਬਣਾਉਣ ਲਈ ਆਰਟੀਫ਼ਿਸ਼ਲ ਇੰਟੈਲੀਜੈਂਸ, ਸਾਈਬਰ ਸੁਰੱਖਿਆ ਅਤੇ ਤਕਨੀਕੀ ਹੁਨਰਾਂ ਨਾਲ ਜੋੜਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸਦੇ ਨਾਲ ਹੀ ਖੇਤੀਬਾੜੀ ਨੂੰ ਮੁਨਾਫ਼ੇ ਵਾਲਾ ਧੰਦਾ ਬਣਾਉਣ ਲਈ ਪੰਜਾਬ ਵਿੱਚ ਵੱਡੇ ਪੱਧਰ 'ਤੇ ਐਗਰੋ-ਪ੍ਰੋਸੈਸਿੰਗ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ, ਤਾਂ ਜੋ ਕਿਸਾਨਾਂ ਨੂੰ ਆਪਣੀ ਉਪਜ ਦਾ ਵਾਜਬ ਮੁੱਲ ਮਿਲ ਸਕੇ।*
*ਉਨ੍ਹਾਂ ਕਿਹਾ ਕਿ ‘ਚੜ੍ਹਦੀ ਕਲਾ’ ਰੈਲੀਆਂ ਦਾ ਪ੍ਰਮੁੱਖ ਮੰਤਵ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਅਤੇ ਪੰਜਾਬ ਦੇ ਭਵਿੱਖ ਨਾਲ ਜੁੜੇ ਅਸਲ ਮੁੱਦਿਆਂ ਨੂੰ ਰਾਜਨੀਤਿਕ ਚਰਚਾ ਦੇ ਕੇਂਦਰ ਵਿੱਚ ਲਿਆਉਣਾ ਹੈ, ਤਾਂ ਜੋ ਇੱਕ ਖੁਸ਼ਹਾਲ, ਸੁਰੱਖਿਅਤ ਅਤੇ ਵਿਕਾਸਸ਼ੀਲ ਪੰਜਾਬ ਦੀ ਨੀਂਹ ਰੱਖੀ ਜਾ ਸਕੇ।*
- Download Babushahi App
-
-