ਵੱਡੀ ਖ਼ਬਰ: AAP ਨੇ ਸੀਨੀਅਰ ਆਗੂ ਨੂੰ ਪਾਰਟੀ 'ਚੋਂ ਕੀਤਾ ਬਰਖਾਸਤ
ਆਮ ਆਦਮੀ ਪਾਰਟੀ ਨੇ ਅਰਸ਼ਦੀਪ ਸਿੰਘ ਨੂੰ ਕੀਤਾ ਬਾਹਰ...ਬਲਾਕ ਪ੍ਰਧਾਨਗੀ ਤੋਂ ਵੀ ਬਰਖਾਸਤ
ਦੀਪਕ ਜੈਨ
ਜਗਰਾਉਂ, 1 ਜੂਨ 2026- ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਦੇ ਚਲਦਿਆਂ ਅਰਸ਼ਦੀਪ ਸਿੰਘ ਨੂੰ ਬਲਾਕ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰਨ ਦੇ ਨਾਲ-ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਬਾਹਰ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਚੋਣਾਂ 2026 ਦੌਰਾਨ ਅਰਸ਼ਦੀਪ ਸਿੰਘ ਵੱਲੋਂ ਆਪਣੀ ਮਾਤਾ ਛਿੰਦਰਪਾਲ ਕੌਰ ਨੂੰ ਵਾਰਡ ਨੰਬਰ 5 ਤੋਂ ਆਮ ਆਦਮੀ ਪਾਰਟੀ ਦੇ ਅਧਿਕਾਰਤ ਉਮੀਦਵਾਰ ਦੇ ਮੁਕਾਬਲੇ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ।
ਸੂਤਰਾਂ ਅਨੁਸਾਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਵੀ ਪ੍ਰਾਪਤ ਸੀ। ਇਸ ਕਾਰਨ ਪਾਰਟੀ ਅੰਦਰ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਉੱਠੇ ਸਨ। 29 ਮਈ ਨੂੰ ਐਲਾਨੇ ਗਏ ਨਗਰ ਕੌਂਸਲ ਚੋਣ ਨਤੀਜਿਆਂ ਵਿੱਚ ਛਿੰਦਰਪਾਲ ਕੌਰ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ, ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦੀ ਜ਼ਮਾਨਤ ਵੀ ਜ਼ਬਤ ਹੋ ਗਈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਪਾਰਟੀ ਪ੍ਰਤੀ ਅਨੁਸ਼ਾਸਨ ਅਤੇ ਵਫ਼ਾਦਾਰੀ ਸਭ ਤੋਂ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੀ ਨੀਤੀ ਅਤੇ ਫ਼ੈਸਲਿਆਂ ਦੇ ਉਲਟ ਕੰਮ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਤੇ ਭਵਿੱਖ ਵਿੱਚ ਵੀ ਅਜਿਹੇ ਮਾਮਲਿਆਂ ਵਿੱਚ ਸਖ਼ਤ ਰੁਖ ਅਪਣਾਇਆ ਜਾਵੇਗਾ।
- Download Babushahi App
-
-