ਪ੍ਰੀ-ਐਸ.ਆਈ.ਆਰ: ਬਠਿੰਡਾ ਜ਼ਿਲ੍ਹੇ ਵਿੱਚ 2003 ਦੇ ਵੋਟਰਾਂ ਵਿੱਚੋਂ 82.58 ਫੀਸਦੀ ਦੀ ਮੈਪਿੰਗ ਮੁਕੰਮਲ -ਜ਼ਿਲ੍ਹਾ ਚੋਣ ਅਧਿਕਾਰੀ
ਅਸ਼ੋਕ ਵਰਮਾ
ਬਠਿੰਡਾ, 16 ਅਪ੍ਰੈਲ 2026 : ਪ੍ਰੀ-ਸਪੈਸ਼ਲ ਇੰਟੈਂਸਿਵ ਰਿਵਿਜ਼ਨ(ਐਸ.ਆਈ.ਆਰ.) ਮੁਹਿੰਮ ਤਹਿਤ 2003 ਦੀ ਵੋਟਰ ਸੂਚੀ ਦੇ 82.58 ਫੀਸਦੀ ਵੋਟਰਾਂ ਦੀ ਮੈਪਿੰਗ ਕੀਤੀ ਜਾ ਚੁੱਕੀ ਹੈ। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਨੇ ਅੱਜ ਪ੍ਰੀ-ਐਸ.ਆਈ.ਆਰ. ਦੇ ਕੰਮ ਦੀ ਸਮੀਖਿਆ ਲਈ ਬੁਲਾਈ ਗਈ ਵਿਸ਼ੇਸ਼ ਮੀਟਿੰਗ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 2003 ਦੀ ਵੋਟਰ ਸੂਚੀ ਦੇ ਵੋਟਰਾਂ ਦਾ ਡਾਟਾ ਤਸਦੀਕ ਕੀਤੀ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਨਾਲ ਸਹਿਯੋਗ ਕਰਨ, ਜੋ ਆਪਣੇ-ਆਪਣੇ ਖੇਤਰਾਂ ਵਿੱਚ ਜਾ ਕੇ ਵੋਟਰਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਸੂਚੀਆਂ ਤਿਆਰ ਕਰ ਰਹੇ ਹਨ।
ਉਨ੍ਹਾਂ ਰਿਟਰਨਿੰਗ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ ਅਤੇ ਮੌੜ ਹਲਕਿਆਂ ਵਿੱਚ 100 ਫੀਸਦੀ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇ। ਜ਼ਿਲ੍ਹਾ ਚੋਣ ਅਧਿਕਾਰੀ ਨੇ ਹੋਰ ਦੱਸਿਆ ਕਿ ਹੁਣ ਤੱਕ ਰਾਮਪੁਰਾ ਫੂਲ ਵਿੱਚ 87.51 ਫੀਸਦੀ, ਭੁੱਚੋ ਮੰਡੀ ਵਿੱਚ 87.12 ਫੀਸਦੀ, ਬਠਿੰਡਾ ਸ਼ਹਿਰੀ ਵਿੱਚ 63.05 ਫੀਸਦੀ, ਬਠਿੰਡਾ ਦਿਹਾਤੀ ਵਿੱਚ 89.91 ਫੀਸਦੀ, ਤਲਵੰਡੀ ਸਾਬੋ ਵਿੱਚ 88.23 ਫੀਸਦੀ ਅਤੇ ਮੌੜ ਵਿੱਚ 86.8 ਫੀਸਦੀ ਵੋਟਰਾਂ ਦੀ ਮੈਪਿੰਗ ਹੋ ਚੁੱਕੀ ਹੈ।
ਉਨ੍ਹਾਂ ਬਠਿੰਡਾ ਸ਼ਹਿਰੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਹੁਕਮਾਂ ਅਨੁਸਾਰ ਆਪਣੀ ਤਸਦੀਕ ਕਰਵਾਉਣ। ਮੈਪਿੰਗ ਲਈ ਵੋਟਰ ਆਪਣੇ ਸੰਬੰਧਿਤ ਬੀ.ਐਲ.ਓਜ਼ ਨਾਲ ਸੰਪਰਕ ਕਰ ਸਕਦੇ ਹਨ। ਸੰਬੰਧਿਤ ਬੀ.ਐਲ.ਓਜ਼ ਬਾਰੇ ਜਾਣਕਾਰੀ https://www.ceopunjab.gov.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।
ਇਸ ਮੌਕੇ ਏਡੀਸੀ (ਜ) ਮੈਡਮ ਕੰਚਨ, ਐਸਡੀਐਮ ਬਠਿੰਡਾ ਸ੍ਰੀ ਬਲਕਰਨ ਸਿੰਘ, ਐਸਡੀਐਮ ਰਾਮਪੁਰਾ ਮੈਡਮ ਵੀਰਪਾਲ ਕੌਰ, ਐਸਡੀਐਮ ਤਲਵੰਡੀ ਸਾਬੋ ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਡੀਡੀਪੀਓ ਸ੍ਰੀ ਅਭਿਨਵ ਗੋਇਲ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
Click to Follow Babushahi Facebook page →