'ਕਿੱਕਲੀ' ਵਿਵਾਦ 'ਤੇ CM ਮਾਨ ਦਾ ਪਲਟਵਾਰ; "ਮੈਂ ਸੱਚ ਬੋਲਿਆ ਹੈ, ਬਾਦਲਾਂ ਨੇ ਤਾਂ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਵੀ ਝੂਠ ਬੋਲਿਆ"
Babushahi Network
ਚੰਡੀਗੜ੍ਹ, 6 ਅਪ੍ਰੈਲ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ 'ਤੇ ਤਨਜ਼ ਕੱਸਦਿਆਂ ਸੁਣਾਈ ਗਈ 'ਕਿੱਕਲੀ' ਨੇ ਸੂਬੇ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਜਿੱਥੇ ਅਕਾਲੀ ਦਲ ਇਸ ਨੂੰ ਨਿੱਜੀ ਹਮਲਾ ਦੱਸ ਰਿਹਾ ਹੈ, ਉੱਥੇ ਹੀ ਮੁੱਖ ਮੰਤਰੀ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਗੱਲ 'ਤੇ ਕਾਇਮ ਹਨ।
ਸੀ.ਐਮ. ਮਾਨ ਨੇ ਕਿਹਾ ਕਿ ਉਨ੍ਹਾਂ ਨੇ ਕਿੱਕਲੀ ਰਾਹੀਂ ਜੋ ਵੀ ਬੋਲਿਆ ਹੈ, ਉਹ ਸਿਰਫ਼ ਸੱਚ ਹੈ। ਉਨ੍ਹਾਂ ਕਿਹਾ, "ਜਿਸ ਨੇ ਜਵਾਬ ਦੇਣਾ ਹੈ, ਉਹ ਦਿੰਦੇ ਰਹਿਣ, ਮੈਂ ਕੋਈ ਝੂਠ ਨਹੀਂ ਬੋਲਿਆ।" ਮੁੱਖ ਮੰਤਰੀ ਨੇ ਬਾਦਲ ਪਰਿਵਾਰ 'ਤੇ ਧਾਰਮਿਕ ਅਕੀਦੇ ਨਾਲ ਖਿਲਵਾੜ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਰਗੀ ਪਵਿੱਤਰ ਥਾਂ 'ਤੇ ਜਾ ਕੇ ਵੀ ਝੂਠ ਬੋਲਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਦੁਨੀਆ ਦੀ ਅਦਾਲਤ ਤੋਂ ਭਾਵੇਂ ਕੋਈ ਬਚ ਜਾਵੇ, ਪਰ ਪਰਮਾਤਮਾ ਦੀ ਕਚਹਿਰੀ ਵਿੱਚ ਇਨ੍ਹਾਂ ਦੇ ਕੀਤੇ ਦਾ ਇਨਸਾਫ਼ ਜ਼ਰੂਰ ਹੋਵੇਗਾ।
ਜ਼ਿਕਰਯੋਗ ਹੈ ਕਿ ਇੱਕ ਜਨਤਕ ਇਕੱਠ ਦੌਰਾਨ ਭਗਵੰਤ ਮਾਨ ਨੇ ਰਵਾਇਤੀ ਅੰਦਾਜ਼ ਵਿੱਚ ਇੱਕ 'ਕਿੱਕਲੀ' ਸੁਣਾਈ ਸੀ, ਜਿਸ ਵਿੱਚ ਉਨ੍ਹਾਂ ਨੇ ਅਸਿੱਧੇ ਤੌਰ 'ਤੇ ਬਾਦਲ ਪਰਿਵਾਰ ਦੀ ਸਿਆਸਤ ਅਤੇ ਉਨ੍ਹਾਂ ਦੇ ਕਾਰੋਬਾਰਾਂ 'ਤੇ ਨਿਸ਼ਾਨਾ ਸਾਧਿਆ ਸੀ। ਦੂਜੇ ਪਾਸੇ, ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ 'ਤੇ ਮਰਯਾਦਾ ਭੰਗ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਮੁੱਖ ਮੰਤਰੀ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ।
ਅਕਾਲੀ ਦਲ ਦੇ ਆਗੂਆਂ ਨੇ ਇਸ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰੋਧੀ ਆਗੂਆਂ ਦੀ ਬੇਅਦਬੀ ਕਰਾਰ ਦਿੱਤਾ ਸੀ। ਪੰਜਾਬ ਦੀ ਸਿਆਸਤ ਵਿੱਚ ਇਸ 'ਕਿੱਕਲੀ' ਨੇ ਹੁਣ ਨਵੀਂ ਜੰਗ ਛੇੜ ਦਿੱਤੀ ਹੈ, ਜਿੱਥੇ ਇੱਕ ਪਾਸੇ 'ਸੱਚ ਦੀ ਲੜਾਈ' ਦਾ ਦਾਅਵਾ ਹੈ ਅਤੇ ਦੂਜੇ ਪਾਸੇ 'ਨੈਤਿਕਤਾ' ਦੇ ਸਵਾਲ ਉਠਾਏ ਜਾ ਰਹੇ ਹਨ।
Click to Follow Babushahi Facebook page →