Weather Alert : ਉੱਤਰੀ ਭਾਰਤ ਵਿੱਚ ਦੋ ਨਵੀਆਂ ਪੱਛਮੀ ਗੜਬੜੀਆਂ ਦੀ ਦਸਤਕ; ਕਈ ਰਾਜਾਂ ਵਿੱਚ ਮੀਂਹ ਤੇ ਗੜੇਮਾਰੀ ਦਾ ਅਲਰਟ
ਨਵੀਂ ਦਿੱਲੀ: 5 ਅਪ੍ਰੈਲ, 2026 : ਭਾਰਤੀ ਮੌਸਮ ਵਿਭਾਗ (IMD) ਨੇ ਉੱਤਰੀ ਭਾਰਤ ਵਿੱਚ ਮੌਸਮ ਦੇ ਮਿਜ਼ਾਜ ਵਿੱਚ ਵੱਡੀ ਤਬਦੀਲੀ ਦੀ ਭਵਿੱਖਬਾਣੀ ਕੀਤੀ ਹੈ ਕਿਉਂਕਿ ਦੋ ਨਵੀਆਂ ਪੱਛਮੀ ਗੜਬੜੀਆਂ (Western Disturbances) ਇੱਕ ਤੋਂ ਬਾਅਦ ਇੱਕ ਦਸਤਕ ਦੇਣ ਜਾ ਰਹੀਆਂ ਹਨ। ਇਸ ਦੇ ਪ੍ਰਭਾਵ ਕਾਰਨ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਤੇਜ਼ ਹਵਾਵਾਂ, ਗਰਜ ਨਾਲ ਮੀਂਹ ਅਤੇ ਗੜੇਮਾਰੀ (Hailstorm) ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ 7 ਅਤੇ 8 ਅਪ੍ਰੈਲ ਨੂੰ ਇਹ ਮੌਸਮੀ ਗਤੀਵਿਧੀਆਂ ਆਪਣੇ ਸਿਖਰ 'ਤੇ ਰਹਿਣਗੀਆਂ, ਜਿਸ ਦੌਰਾਨ ਕਸ਼ਮੀਰ ਘਾਟੀ ਵਿੱਚ ਭਾਰੀ ਮੀਂਹ ਅਤੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਬਰਫ਼ਬਾਰੀ ਦੇ ਨਾਲ-ਨਾਲ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਤਾਂ 6 ਅਪ੍ਰੈਲ ਨੂੰ ਪੰਜਾਬ ਅਤੇ ਰਾਜਸਥਾਨ ਵਿੱਚ ਹਲਕਾ ਮੀਂਹ ਪੈਣ ਦੀ ਉਮੀਦ ਹੈ, ਜਦਕਿ 7 ਅਤੇ 8 ਅਪ੍ਰੈਲ ਨੂੰ ਦਿੱਲੀ, ਚੰਡੀਗੜ੍ਹ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਗੜੇਮਾਰੀ ਹੋਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ 9 ਅਪ੍ਰੈਲ ਤੱਕ ਮੱਧ ਅਤੇ ਪੂਰਬੀ ਭਾਰਤ ਦੇ ਰਾਜਾਂ ਜਿਵੇਂ ਕਿ ਬਿਹਾਰ, ਝਾਰਖੰਡ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਵਿੱਚ ਵੀ ਬਿਜਲੀ ਕੜਕਣ ਅਤੇ ਖਿੰਡ-ਪੁੰਡ ਮੀਂਹ ਦੀ ਸੰਭਾਵਨਾ ਹੈ। ਉੱਤਰ-ਪੂਰਬੀ ਭਾਰਤ ਦੇ ਰਾਜਾਂ ਅਸਾਮ, ਮੇਘਾਲਿਆ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਅਗਲੇ ਪੰਜ ਦਿਨਾਂ ਤੱਕ ਭਾਰੀ ਬਾਰਿਸ਼ ਜਾਰੀ ਰਹਿ ਸਕਦੀ ਹੈ। ਦੱਖਣੀ ਭਾਰਤ ਦੇ ਹਿੱਸਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਖੇਤਾਂ ਵਿੱਚ ਖੜ੍ਹੀ ਕਣਕ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ।
Click to Follow Babushahi Facebook page →