ਭਗਵੰਤ ਮਾਨ ਮਾਨ ਦਾ ਪੁਲਿਸ ਨੂੰ ਸਖ਼ਤ ਸੁਨੇਹਾ; ਵਿਭਾਗ 'ਚ ਮੌਜੂਦ 'ਕਾਲੀਆਂ ਭੇਡਾਂ' ਨੂੰ ਬਖ਼ਸ਼ਿਆ ਨਹੀਂ ਜਾਵੇਗਾ
Babushahi Network
ਬਠਿੰਡਾ/ਚੰਡੀਗੜ੍ਹ, 6 ਅਪ੍ਰੈਲ 2026: ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਸਦਰ ਥਾਣੇ ਅਤੇ ਪੁਲਿਸ ਚੌਂਕੀ ਦੇ ਸਮੁੱਚੇ ਸਟਾਫ਼ ਨੂੰ ਬਦਲਣ ਦੇ ਆਪਣੇ ਫੈਸਲੇ 'ਤੇ ਮੋਹਰ ਲਗਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਦੀ ਨੀਤੀ 'ਜ਼ੀਰੋ ਟਾਲਰੈਂਸ' (ਜ਼ਰਾ ਵੀ ਬਰਦਾਸ਼ਤ ਨਹੀਂ) ਵਾਲੀ ਹੈ।
ਮੁੱਖ ਮੰਤਰੀ ਨੇ ਮੰਨਿਆ ਕਿ ਪੁਲਿਸ ਵਿਭਾਗ ਵਿੱਚ ਕੁਝ ਅਜਿਹੇ ਮੁਲਾਜ਼ਮ ਮੌਜੂਦ ਹਨ ਜੋ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਦੇ ਹਨ। ਉਨ੍ਹਾਂ ਅਜਿਹੇ ਅਨਸਰਾਂ ਨੂੰ 'ਕਾਲੀਆਂ ਭੇਡਾਂ' ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਵਿਰੁੱਧ ਐਕਸ਼ਨ ਜਾਰੀ ਰਹੇਗਾ।
ਸੀ.ਐਮ. ਮਾਨ ਨੇ ਦੱਸਿਆ ਕਿ ਦੋ-ਤਿੰਨ ਪਿੰਡਾਂ ਦੇ ਸਰਪੰਚਾਂ ਨੇ ਉਨ੍ਹਾਂ ਤੱਕ ਪਹੁੰਚ ਕਰਕੇ ਸ਼ਿਕਾਇਤ ਦਿੱਤੀ ਸੀ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਨੇ ਤਸਕਰਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਰਪੰਚ ਖੁਦ ਸ਼ਿਕਾਇਤ ਲੈ ਕੇ ਆ ਰਹੇ ਹਨ ਅਤੇ ਪੁਲਿਸ ਫਿਰ ਵੀ ਤਸਕਰਾਂ ਤੱਕ ਨਹੀਂ ਪਹੁੰਚ ਰਹੀ, ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਕਿਤੇ ਨਾ ਕਿਤੇ ਮਿਲੀਭੁਗਤ ਹੈ। ਇਸੇ ਕਾਰਨ ਪੂਰੇ ਸਟਾਫ਼ ਨੂੰ ਬਦਲਣ ਦਾ ਫੈਸਲਾ ਲਿਆ ਗਿਆ। ਉਨ੍ਹਾਂ ਮੁੜ ਦੁਹਰਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਇੱਕ 'ਯੁੱਧ' ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੁੱਖ ਮੰਤਰੀ ਦੇ ਇਸ ਤੇਵਰਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਲਾਪਰਵਾਹ ਅਧਿਕਾਰੀਆਂ 'ਤੇ ਗਾਜ਼ ਡਿੱਗ ਸਕਦੀ ਹੈ।
Click to Follow Babushahi Facebook page →