ਅਮਨ ਕਾਨੂੰਨ ਦੇ ਮੁੱਦੇ ਤੇ ਕਾਂਗਰਸ ਨੇ ਕੱਢੀ "ਜਾਗੋ ਪੰਜਾਬ ਜਾਗੋ, ਯੁੱਧ ਝਾੜੂ ਵਿਰੁੱਧ ਪੈਦਲ ਯਾਤਰਾ
ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ 2026: ਪੰਜਾਬ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਫੋਰਟਿਸ ਹਸਪਤਾਲ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਆਈ ਧਮਕੀ ਨਸ਼ਿਆਂ ਨਾਲ ਨੌਜਵਾਨੀ ਦੀ ਬਰਬਾਦੀ, ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਰੌਤੀਆਂ ਅਤੇ ਵਪਾਰੀਆਂ ਦੇ ਕੀਤੇ ਜਾ ਰਹੇ ਕਤਲੇਆਮ ਦੇ ਰੋਸ ਵਜੋਂ ਅੱਜ ਕਾਂਗਰਸ ਪਾਰਟੀ ਨੇ ਬਠਿੰਡਾ ਵਿੱਚ ਜਾਗੋ ਪੰਜਾਬ ਜਾਗੋ ਜਾਗੋ ਸਰਕਾਰ ਜਾਗੋ ਜਾਗੋ ਭਾਜਪਾ ਜਾਗੋ ਅਤੇ ਯੁੱਧ ਝਾੜੂ ਵਿਰੁੱਧ ਬੈਨਰ ਹੇਠ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਰੋਸ ਪੈਦਲ ਯਾਤਰਾ ਕੱਢੀ ਜਿਸ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ,ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਅਤੇ ਜ਼ਿਲ੍ਹਾ ਲੀਡਰਸ਼ਿਪ ਸਮੇਤ ਵਰਕਰ ਹਾਜ਼ਰ ਹੋਏ। ਅੱਜ ਦੀ ਇਸ ਯਾਤਰਾ ਦੌਰਾਨ ਸ਼ਹਿਰੀ ਕਾਂਗਰਸ ਭਰਵਾਂ ਇਕੱਠ ਕਰਨ ਵਿੱਚ ਸਫਲ ਰਹੀ ਜਿਸ ਦਾ ਇੱਕ ਮੁੱਖ ਕਾਰਨ ਵੱਡੀ ਲੀਡਰਸ਼ਿਪ ਵੱਲੋਂ ਹਾਜ਼ਰ ਹੋਣਾ ਵੀ ਰਿਹਾ ਹੈ।
ਇਸ ਮੌਕੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਭੁਪੇਸ਼ ਬਘੇਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਜਿਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਵੱਡੀਆਂ ਵੱਡੀਆਂ ਰੈਲੀਆਂ ਕਰਨ ਵਿੱਚ ਰੁੱਝੀ ਹੋਈ ਹੈ ਜਦੋਂ ਕਿ ਇਸ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਦਾ ਬੇਹਦ ਮਾੜਾ ਹਾਲ ਹੋਇਆ ਪਿਆ ਹੈ ਪਰ ਇਸ ਤਰਫ ਮੁੱਖ ਮੰਤਰੀ ਪੰਜਾਬ ਦਾ ਕੋਈ ਧਿਆਨ ਨਹੀਂ ਹੈ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਫੋਰਟਿਸ ਹਸਪਤਾਲ ਜਿੱਥੇ ਮੁੱਖ ਮੰਤਰੀ ਖੁਦ ਦਾਖਲ ਹਨ ਸਮੇਤ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ, ਗੈਂਗਸਟਰਾਂ ਵੱਲੋਂ ਮੰਗੀਆਂ ਜਾ ਰਹੀਆਂ ਫਰੌਤੀਆਂ, ਵਪਾਰੀਆਂ ਦੇ ਕੀਤੇ ਜਾ ਰਹੇ ਕਤਲੇਆਮ, ਨਸ਼ਿਆਂ ਨਾਲ ਮਰ ਰਹੇ ਪੰਜਾਬ ਦੇ ਨੌਜਵਾਨ, ਬੇਰੁਜ਼ਗਾਰੀ ਦਾ ਵਧਣਾ, ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਾ ਮਿਲਣਾ ਅਤੇ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਇਹ ਦਰਸਾਉਂਦਾ ਹੈ ਕਿ ਅੱਤਵਾਦ ਦਾ ਕਾਲਾ ਦੌਰ ਦੁਬਾਰੇ ਵਾਪਸ ਆ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਕਰਕੇ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਤਾਂ ਜੋ ਸੁੱਤੀ ਪਈ ਸਰਕਾਰ ਅਤੇ ਪੁਲਿਸ ਨੂੰ ਜਗਾਇਆ ਜਾ ਸਕੇ। ਉਹਨਾਂ ਕਿਹਾ ਕਿ 1992 ਵਿੱਚ ਜਦੋਂ ਅੱਤਵਾਦ ਦਾ ਕਾਲਾ ਦੌਰ ਸੀ ਤਾਂ ਉਦੋਂ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ ਵਿਧਾਇਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਹੀ। ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਪੰਜਾਬ ਵਿੱਚ ਖੁਸ਼ਹਾਲੀ ਲਿਆਂਦੀ ਤਾਂ ਅੱਜ ਫਿਰ ਅੱਤਵਾਦ ਦੇ ਵਾਪਸ ਆ ਰਹੇ ਕਾਲੇ ਦੌਰ ਨੂੰ ਰੋਕਣ ਤੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਕਾਂਗਰਸ ਦੀ ਲੋੜ ਹੈ । ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾੜੇ ਦੌਰ ਨੂੰ ਆਉਣ ਤੋਂ ਰੋਕਣ ਲਈ ਕਾਂਗਰਸ ਦਾ ਸਾਥ ਦੇਣ ਅਤੇ ਪਾਰਟੀ ਦੇ ਹੱਥ ਮਜਬੂਤ ਕਰਨ। ਉਹਨਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਗੈਂਗਸਟਰ ਗਿਰੋਹਾਂ ਦਾ ਸਫਾਇਆ ਕੀਤਾ ਜਾਏਗਾ। ਉਹਨਾਂ ਦੱਸਿਆ ਕਿ ਇਹ ਪੈਦਲ ਮਾਰਚ ਯਾਤਰਾ ਸਾਰੇ ਸ਼ਹਿਰਾਂ ਵਿੱਚ ਕੱਢੀ ਜਾਵੇਗੀ ਤਾਂ ਜੋ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਤੇ ਸੁੱਤੀ ਪਈ ਸਰਕਾਰ ਅਤੇ ਸੁੱਤੀ ਪਈ ਪੁਲਿਸ ਨੂੰ ਜਗਾਇਆ ਜਾ ਸਕੇ ।
ਇਸ ਮੌਕੇ ਉਹਨਾਂ ਆਪ ਦੀ ਮੋਗਾ ਰੈਲੀ ਵਿੱਚ ਡੀਜੀਪੀ ਅਤੇ ਚੀਫ ਸੈਕਟਰੀ ਦੇ ਭਾਸ਼ਣ ਨੂੰ ਲੈ ਕੇ ਤਨਜ਼ ਕਸਦਿਆਂ ਕਿਹਾ ਕਿ ਇਹ ਡਰਾਮੇਬਾਜੀ ਸਿਰਫ ਆਪਣੇ ਸ਼ਕਤੀ ਪ੍ਰਦਰਸ਼ਨ ਨੂੰ ਸਰਕਾਰੀ ਪ੍ਰੋਗਰਾਮ ਬਣਾਉਣ ਲਈ ਕੀਤੀ ਗਈ ਜਿਸ ਲਈ ਡੀਜੀਪੀ ਅਤੇ ਚੀਫ ਸੈਕਟਰੀ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਪੰਜਾਬ ਦੇ ਅਫਸਰ ਹਨ ਨਾ ਕਿ ਕਿਸੇ ਸਰਕਾਰ ਦੇ ਨੁਮਾਇਦੇ ਹਨ। ਇਸ ਮੌਕੇ ਸਹਾਇਕ ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਲੋਕ ਸਭਾ ਮੈਂਬਰ ਅਮਰ ਸਿੰਘ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ, ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ, ਜਗਦੇਵ ਸਿੰਘ ਕਮਾਲੂ, ਰੁਪਿੰਦਰ ਕੌਰ ਰੂਬੀ, ਜੀਵਨ ਜੋਤ ਕੌਰ ਭੱਟੀ ਅਉ ਮਨਜੀਤ ਸਿੰਘ ਝਲਬੂਟੀ ਤੋਂ ਇਲਾਵਾ ਸ਼ਹਿਰੀ ਕਾਂਗਰਸ ਦੇ ਵੱਡੀ ਗਿਣਤੀ ਆਗੂ ਅਤੇ ਵਰਕਰ ਹਾਜ਼ਰ ਸਨ।