ਮੋਗਾ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਦੀ ਰਾਜ ਪੱਧਰੀ ਮੀਟਿੰਗ ਅੱਜ: ਕੇਜਰੀਵਾਲ ਅਤੇ ਕੈਬਨਿਟ ਮੰਤਰੀ ਕਰਨਗੇ ਸੰਬੋਧਨ
ਰਵੀ ਜੱਖੁ
ਮੋਗਾ: 16 ਫਰਵਰੀ, 2026: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ 2.0’ ਦੇ ਤਹਿਤ ਅੱਜ ਮੋਗਾ ਵਿੱਚ ਇੱਕ ਅਹਿਮ ਰਾਜ ਪੱਧਰੀ ਮੀਟਿੰਗ ਹੋਣ ਜਾ ਰਹੀ ਹੈ। ਇਸ ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਇਥੇ ਦਸ ਦਈਏ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਇਸ ਕਮੇਟੀ ਵਿਚ ਸ਼ਾਮਲ ਨਹੀ ਹੋ ਸਕਣਗੇ।
ਇਹ ਰਾਜ ਪੱਧਰੀ ਬੈਠਕ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਅਤੇ ਮੰਤਰੀ ਸੂਬੇ ਭਰ ਤੋਂ ਆਈਆਂ ਵਿਲੇਜ ਡਿਫੈਂਸ ਕਮੇਟੀਆਂ (Village Defense Committees) ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਪ੍ਰੇਰਿਤ ਕਰਨਗੇ।
ਇਸ ਮੀਟਿੰਗ ਦਾ ਮੁੱਖ ਉਦੇਸ਼ ਪਿੰਡਾਂ ਦੇ ਪੱਧਰ 'ਤੇ ਲੋਕਾਂ ਨੂੰ ਲਾਮਬੰਦ ਕਰਨਾ ਹੈ ਤਾਂ ਜੋ ਨਸ਼ਾ ਤਸਕਰਾਂ 'ਤੇ ਨਕੇਲ ਕੱਸੀ ਜਾ ਸਕੇ ਅਤੇ ਨੌਜਵਾਨਾਂ ਨੂੰ ਇਸ ਭੈੜੀ ਅਲਾਮਤ ਤੋਂ ਬਚਾਇਆ ਜਾ ਸਕੇ। ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।