ਕਿਲ੍ਹਾ ਰਾਏਪੁਰ ਦੇ ਵਿਸ਼ਵ ਪ੍ਰਸਿੱਧ 'ਪੇਂਡੂ ਓਲੰਪਿਕ' ਦਾ ਸ਼ਾਨਦਾਰ ਆਗਾਜ਼: 12 ਸਾਲਾਂ ਬਾਅਦ ਗੂੰਜੀ ਬਲਦਾਂ ਦੀਆਂ ਦੌੜਾਂ ਦੀ ਟੈਂਅ-ਟੈਂਅ!
ਸੁਖਮਿੰਦਰ ਭੰਗੂ
ਕਿਲਾ ਰਾਏਪੁਰ (ਲੁਧਿਆਣਾ), 17 ਫਰਵਰੀ 2026
ਪੰਜਾਬ ਦੀ ਵਿਰਾਸਤ ਅਤੇ ਸ਼ਾਨ ਦਾ ਪ੍ਰਤੀਕ, ਕਿਲਾ ਰਾਏਪੁਰ ਦੇ 86ਵੇਂ ਪੇਂਡੂ ਓਲੰਪਿਕ ਅੱਜ ਲੁਧਿਆਣਾ ਦੇ ਇਤਿਹਾਸਕ ਸਟੇਡੀਅਮ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋ ਗਏ ਹਨ। ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੇਡਾਂ ਦਾ ਰਸਮੀ ਉਦਘਾਟਨ ਕੀਤਾ।
ਸਭ ਤੋਂ ਵੱਡਾ ਖਿੱਚ ਦਾ ਕੇਂਦਰ ਬਲਦਾਂ ਦੀਆਂ ਦੌੜਾਂ ਰਹੀਆਂ, ਜੋ 12 ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਮੁੜ ਸ਼ੁਰੂ ਹੋਈਆਂ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦਾ ਹੜ੍ਹ ਇਹਨਾਂ ਰੋਮਾਂਚਕ ਮੁਕਾਬਲਿਆਂ ਨੂੰ ਦੇਖਣ ਲਈ ਉਮੜ ਪਿਆ।
ਸਰਕਾਰ ਦੀ ਵੱਡੀ ਪਹਿਲਕਦਮੀ
ਮੰਤਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ 'ਪੰਜਾਬ ਪਸ਼ੂਆਂ ਪ੍ਰਤੀ ਕ੍ਰੂਰਤਾ ਦੀ ਰੋਕਥਾਮ (ਪੰਜਾਬ ਸੋਧ) ਐਕਟ, 2025' ਲਿਆ ਕੇ ਸੁਰੱਖਿਆ ਮਾਪਦੰਡਾਂ ਨੂੰ ਯਕੀਨੀ ਬਣਾਇਆ ਹੈ, ਜਿਸ ਨਾਲ ਇਹਨਾਂ ਰਵਾਇਤੀ ਦੌੜਾਂ ਨੂੰ ਮੁੜ ਸੁਰਜੀਤ ਕਰਨਾ ਸੰਭਵ ਹੋ ਸਕਿਆ ਹੈ।
ਖੇਡਾਂ ਦਾ ਦੌਰ: ਇਹ ਮੇਲਾ 19 ਫਰਵਰੀ ਤੱਕ ਚੱਲੇਗਾ।
ਪਸ਼ੂਆਂ ਦੀ ਸਿਹਤ: ਮੰਤਰੀ ਨੇ ਕਿਲਾ ਰਾਏਪੁਰ ਦੇ ਵੈਟਰਨਰੀ ਹਸਪਤਾਲ ਲਈ 30 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ। ਸਰਕਾਰ ਨੇ 64,000 ਨੌਜਵਾਨਾਂ ਨੂੰ ਮੈਰਿਟ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 40,000 ਕਿਲੋਮੀਟਰ ਸੜਕਾਂ ਦਾ ਨਿਰਮਾਣ/ਨਵੀਨੀਕਰਨ ਕੀਤਾ ਗਿਆ ਹੈ। 600 ਯੂਨਿਟ ਮੁਫ਼ਤ ਬਿਜਲੀ ਨਾਲ ਵੱਡੀ ਗਿਣਤੀ ਵਿੱਚ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।
ਖੇਡਾਂ ਦਾ ਰੋਮਾਂਚ
ਬਲਦਾਂ ਦੀਆਂ ਦੌੜਾਂ ਤੋਂ ਇਲਾਵਾ, ਕਬੱਡੀ, ਹਾਕੀ, ਅਥਲੈਟਿਕਸ, ਅਤੇ ਰੱਸਾਕਸ਼ੀ ਵਰਗੇ ਰਵਾਇਤੀ ਮੁਕਾਬਲੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਰਹੇ ਹਨ। ਇਹ ਮੇਲਾ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਇੱਕ ਜਿਉਂਦੀ-ਜਾਗਦੀ ਤਸਵੀਰ ਪੇਸ਼ ਕਰ ਰਿਹਾ ਹੈ।