ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਗਰਭ ਅਵਸਥਾ ਦੌਰਾਨ ਸਿਹਤ ਸੰਭਾਲ ਸਬੰਧੀ ਕੈਂਪ
ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ 2026:ਸਿਹਤ ਵਿਭਾਗ ਪੰਜਾਬ ਤੇ ਸਿਵਲ ਸਰਜਨ ਬਠਿੰਡਾ ਡਾ. ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੁਖਜਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਤਹਿਤ ਮੁੱਢਲਾ ਸਿਹਤ ਕੇਂਦਰ ਜਨਤਾ ਨਗਰ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਤਹਿਤ ਉੱਚ ਖਤਰੇ ਦੇ ਚਿੰਨ੍ਹ ਵਾਲੀਆਂ ਗਰਭਵਤੀ ਔਰਤਾਂ ਲਈ ਜਾਗਰੂਕਤਾ ਕੈਂਪ ਲਾਇਆ ਗਿਆ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅਭਿਆਨ ਦਾ ਮੁੱਖ ਉਦੇਸ਼ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਘਟਾਉਣਾ ਅਤੇ ਮਾਤਾ ਤੇ ਬੱਚੇ ਦੀ ਸਿਹਤ ਨੂੰ ਸੁਧਾਰਣਾ ਹੈ। ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਸੁਰੱਖਿਅਤ ਮਾਤ੍ਰਤਿਵ ਸੇਵਾਵਾਂ, ਨਿਯਮਿਤ ਜਾਂਚ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕਰਨਾ ਹੈ। ਇਸ ਦੇ ਨਾਲ ਹੀ ਉੱਚ ਜੋਖਿਮ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅੱਗੇ ਦੇ ਇਲਾਜ ਅਤੇ ਨਿਗਰਾਨੀ ਲਈ ਸਲਾਹ ਦਿੱਤੀ ਜਾਂਦੀ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਅਤੇ ਸਿਹਤ ਸੁਪਰਵਾਈਜ਼ਰ ਸਰਬਜੀਤ ਕੌਰ ਵੱਲੋਂ ਇਸ ਮੌਕੇ ਗਰਭਵਤੀ ਮਹਿਲਾਵਾਂ ਨੂੰ ਗਰਭ ਅਵਸਥਾ ਦੌਰਾਨ ਪੋਸ਼ਟਿਕ ਖੁਰਾਕ, ਆਇਰਨ ਅਤੇ ਕੈਲਸ਼ੀਅਮ ਗੋਲੀਆਂ ਦੀ ਮਹੱਤਤਾ, ਸਮੇਂ-ਸਮੇਂ ਤੇ ਚੈੱਕਅੱਪ ਕਰਵਾਉਣ ਅਤੇ ਸੰਸਥਾਗਤ ਡਿਲੀਵਰੀ ਦੀ ਲੋੜ ਬਾਰੇ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਬਜ਼ਾਰੂ ਜੰਕ ਫੂਡ ਅਤੇ ਕੋਲਡ ਡਰਿੰਕਸ ਦੇ ਸਿਹਤ ਉੱਤੇ ਪੈਣ ਵਾਲੇ ਨੁਕਸਾਨਾਂ ਸਮੇਤ ਗਰਭ ਦੌਰਾਨ ਪਲਾਸਟਿਕ ਦੇ ਬਰਤਨਾਂ ਦੀ ਵਰਤੋਂ ਦੇ ਨੁਕਸਾਨਾਂ ਤੋਂ ਵੀ ਜਾਣੂ ਕਰਵਾਇਆ। ਇਸ ਦੇ ਨਾਲ ਹੀ ਗਰਭ ਅਵਸਥਾ ਦੌਰਾਨ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਦੇ ਖਤਰਿਆਂ ਤੋਂ ਜਾਣੂ ਕਰਵਾਇਆ ਗਿਆ। ਸਿਗਰਟਨੋਸ਼ੀ ਦੌਰਾਨ ਪੈਦਾ ਹੋਏ ਧੂੰਏਂ ਦੌਰਾਨ ਸੰਪਰਕ ਵਿਚ ਆਉਣ ਵਾਲੇ ਲਈ ਵੀ ਇਹ ਸਿਗਰਟ ਪੀਣ ਜਿੰਨਾ ਹੀ ਹਾਨੀਕਾਰਕ ਹੈ। ਇਸ ਤੋਂ ਇਲਾਵਾ ਜੱਚਾ ਅਤੇ ਬੱਚੇ ਦੀ ਸੁਰੱਖਿਆ ਲਈ ਸਰਕਾਰੀ ਸਿਹਤ ਸਹੂਲਤਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਗਈ। ਇਸ ਮੌਕੇ ਔਰਤਾਂ ਦਾ ਬਲੱਡ ਪ੍ਰੈਸ਼ਰ, ਹੀਮੋਗਲੋਬਿਨ ਲੈਵਲ, ਸ਼ੂਗਰ ਟੈਸਟ, ਅਲਟਰਾਸਾਊਂਡ ਸਮੇਤ ਹੋਰ ਜ਼ਰੂਰੀ ਜਾਂਚਾਂ ਕੀਤੀਆਂ ਗਈਆਂ। ਇਸ ਮੌਕੇ ਸਿਹਤ ਕਰਮੀ ਰਮਨਦੀਪ ਕੌਰ, ਮਮਤਾ ਰਾਣੀ, ਕਿਰਨਾਂ ਰਾਣੀ, ਸੁਖਦੀਪ ਕੌਰ ਸਮੇਤ ਕੁਲਵਿੰਦਰ ਕੌਰ ਅਤੇ ਆਸ਼ਾ ਵਰਕਰ ਮਨਜੀਤ ਕੌਰ ਤੇ ਕੁਲਜਿੰਦਰ ਕੌਰ ਹਾਜ਼ਰ ਸਨ।