ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ- ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ
ਅਸ਼ੋਕ ਵਰਮਾ
ਬਠਿੰਡਾ, 1 ਫਰਵਰੀ 2026: ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ ਜਥੇਬੰਦੀਆਂ ਦੇ ਮੁੱਖ ਆਗੂਆਂ ਦੀ ਇੱਕ ਅਹਿਮ ਸਾਂਝੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ 'ਮੁੱਖ ਮੰਤਰੀ ਸਿਹਤ ਬੀਮਾ ਕਾਰਡ' ਬਣਾਉਣ ਲਈ ਲਗਾਈਆਂ ਗਈਆਂ ਡਿਊਟੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ। ਅਧਿਆਪਕਾਂ ਅਨੁਸਾਰ ਸਕੂਲਾਂ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਜੰਗੀ ਪੱਧਰ 'ਤੇ ਚੱਲ ਰਹੀ ਹੈ। ਇਸ ਸਮੇਂ ਕੰਪਿਊਟਰ ਵਿਸ਼ੇ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਵੀ ਚੱਲ ਰਹੀਆਂ ਹਨ, ਜਿਸ ਕਾਰਨ ਅਧਿਆਪਕਾਂ 'ਤੇ ਕੰਮ ਦਾ ਕਾਫੀ ਬੋਝ ਹੈ। ਗੈਰ ਵਿਦਿਅਕ
ਕੰਮਾਂ ਵਿੱਚ ਡਿਊਟੀ ਲਗਾਉਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਸੰਘਰਸ਼ ਦੀ ਰੂਪ-ਰੇਖਾ:
ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਨ੍ਹਾਂ ਡਿਊਟੀਆਂ ਦੇ ਵਿਰੋਧ ਵਿੱਚ ਭਲਕੇ, 2 ਫਰਵਰੀ 2026 ਨੂੰ ਸ਼ਾਮ 4:00 ਵਜੇ, ਡਿਪਟੀ ਕਮਿਸ਼ਨਰ (D.C.) ਬਠਿੰਡਾ ਅਤੇ ਡੀ.ਈ.ਓ. (ਸੈਕੰਡਰੀ ਸਿੱਖਿਆ) ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ।
"ਜੇਕਰ ਪ੍ਰਸ਼ਾਸਨ ਵੱਲੋਂ ਇਹ ਡਿਊਟੀਆਂ ਜ਼ਬਰਦਸਤੀ ਲਗਾਈਆਂ ਗਈਆਂ, ਤਾਂ ਸਮੂਹ ਕੰਪਿਊਟਰ ਅਧਿਆਪਕ ਇਨ੍ਹਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ਪ੍ਰਸ਼ਾਸਨ ਖਿਲਾਫ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।"
ਇਸ ਮੀਟਿੰਗ ਵਿੱਚ ਈਸ਼ਰ ਸਿੰਘ, ਪਰਦੀਪ ਮਲੂਕਾ, ਸਤਪਾਲ, ਜੋਨੀ ਸਿੰਗਲਾ ਅਤੇ ਹੋਰ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਮੂਹ ਅਧਿਆਪਕਾਂ ਨੂੰ ਭਲਕੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।