Poletics Special ‘ਦਲਿਤ ਪੱਤਾ ਚੱਲਕੇ’ ਅਗੇਤਿਆਂ ਹੀ ਫਸਣ ਲੱਗੇ ਪੰਜਾਬ ਦੀ ਸਿਆਸੀ ਸ਼ਤਰੰਜ ਤੇ ਕੁੰਢੀਆਂ ਦੇ ਸਿੰਗ
ਅਸ਼ੋਕ ਵਰਮਾ
ਬਠਿੰਡਾ, 1 ਫਰਵਰੀ 2026: ਪੰਜਾਬ ਵਿਧਾਨ ਸਭਾ ਚੋਣਾਂ ’ਚ ਬੇਸ਼ੱਕ 1 ਸਾਲ ਦਾ ਸਮਾਂ ਪਿਆ ਹੈ ਪਰ ਸੱਤਾ ਖਾਤਰ ਸਿਆਸੀ ਧਿਰਾਂ ਨੇ ਚੁਣਾਵੀ ਸ਼ਤਰੰਜ ’ਤੇ ਦਲਿਤ ਪੱਤੇ ਰਾਹੀਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮਾਮਲੇ ’ਚ ਕੋਈ ਵੀ ਪਿੱਛੇ ਨਹੀਂ ਰਹਿਣਾ ਚਾਹੁੰਦਾ ਬਲਕਿ ਦਲਿਤ ਵੋਟਾਂ ਹਾਸਲ ਕਰਨ ਲਈ ਹਰ ਪਾਰਟੀ ਅੱਡੀ ਚੋਟੀ ਦਾ ਜੋਰ ਲਾਉਣ ਲੱਗੀ ਹੈ। ਕੋਈ ਖੁਦ ਨੂੰ ਦਲਿਤਾਂ ਦਾ ਹਮਦਰਦ ਦੱਸਣ ਲੱਗਾ ਹੈ ਜਦੋਂਕਿ ਕੋਈ ਦਲਿਤਾਂ ਨੂੰ ਇਨਸਾਫ ਦਾ ਚਿਹਰਾ ਦਿਖਾ ਹੈ। ਨੇਤਾ ਜਾਣਦੇ ਹਨ ਕਿ ਦਲਿਤ ਜੋ ਜਿਆਦਾਤਰ ਗਰੀਬ ਹਨ ਦੀ ਕਮਜ਼ੋਰੀ ਉਸਦਾ ਪੇਟ ਹੈ ਜੋ ਨਹੀਂ ਜਾਣਦਾ ਕਿ ਏਥੇ ‘ਪਸੀਨੇ’ ਦਾ ਨਹੀਂ, ‘ਵੋਟ ਦਾ ਮੁੱਲ’ ਮਿਲਦਾ ਹੈ। ਤਾਂਹੀਓ ਸਾਲਾਂ ਮਗਰੋਂ ਵੀ ਗੱਲ ‘ਆਟਾ ਦਾਲ’ ਤੋਂ ਗੱਲ ਅੱਗੇ ਨਹੀਂ ਵਧੀ ਜਦੋਂਕਿ ਗਰੀਬ ‘ਆਟਾ ਦਾਲ’ ਨਹੀਂ ਮੰਗਦਾ, ਉਹ ਤਾਂ ਮਾਹੌਲ ਮੰਗਦਾ ਹੈ ਕਿ ਕਿਸੇ ਵੱਲ ਹੱਥ ਅੱਡਣਾ ਹੀ ਨਾ ਪਵੇ।
ਦੁਖਦਾਈ ਪੱਖ ਇਹ ਹੈ ਕਿ ਸਰਕਾਰ ਕਿਸੇ ਦੀ ਵੀ ਰਹੀ ਹੋਵੇ ਸਭ ਧਿਰਾਂ ਅਜਿਹਾ ਮਹੌਲ ਦੇਣ ’ਚ ਅਸਫਲ ਰਹੀਆਂ ਹਨ। ਅਫਸੋਸ ਕਿ ਹੁਣ ਵਿਰੋਧੀ ਧਿਰ ਵੀ ਲੋਕਾਂ ਦੀ ਧਿਰ ਨਹੀਂ ਰਹੀ, ਸਭ ਇੱਕੋ ਥੈਲੀ ਦੇ ਚੱਟੇ ਵੱਟੇ ਹਨ। ਇਸੇ ਕਾਰਨ ਵੋਟਾਂ ਵਾਲਾ ਸਾਲ ਆਉਣ ਤੋਂ ਪਹਿਲਾਂ ਕੋਈ ਨਾਂ ਕੋਈ ਪੱਤਾ ਚੱਲਿਆ ਜਾਣ ਲੱਗਿਆ ਹੈ। ਪਿਛਲੀਆਂ ਵਾਰ ਆਮ ਆਦਮੀ ਮੁੱਦਾ ਬਣਿਆ ਸੀ ਅਤੇ ਐਤਕੀਂ ਦਲਿਤਾਂ ਵੋਟ ਬੈਂਕ ਨੂੰ ਰਿਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਲੱਗੀਆਂ ਹਨ। ਦਲਿਤ ਵਰਗਾਂ ਦੀ ਹਮਾਇਤ ਲਈ ਪੰਜਾਬ ਦੀ ਦੁਆਬਾ ਪੱਟੀ ਸਮੂਹ ਰਾਜਨੀਤਕ ਪਾਰਟੀਆਂ ਦੇ ਨਿਸ਼ਾਨੇ ਤਾ ਆ ਗਈ ਹੈ ਜਿੱਥੇ ਅਨੂਸੂਚਿਤ ਜਾਤੀਆਂ ਦੀ ਅਬਾਦੀ ਕਰੀਬ 42 ਫੀਸਦੀ ਹੈ । ਇਸ ਚੋਂ ਤਕਰਬੀਨ 14 ਤੋਂ 15 ਫੀਸਦੀ ਹਿੱਸਾ ਇਕੱਲੇ ਰਵੀਦਾਸੀਆ ਭਾਈਚਾਰੇ ਦਾ ਹੈ। ਦੁਆਬੇ ’ਚ ਕਰੀਬ ਦੋ ਦਰਜਨ ਵਿਧਾਨ ਸਭਾ ਹਲਕੇ ਪੈਂਦੇ ਹਨ ਜਿੰਨ੍ਹਾਂ ’ਚ ਰਵੀਦਾਸੀਆ ਭਾਈਚਾਰੇ ਦਾ ਪ੍ਰਭਾਵ ਮੰਨਿਆ ਜਾਂਦਾ ਹੈ ।
.jpg)
ਜਲੰਧਰ ਜਿਲ੍ਹੇ ’ਚ ਡੇਰਾ ਸੱਚ ਖੰਡ ਬੱਲਾਂ ਰਵੀਦਾਸੀਆ ਭਾਈਚਾਰੇ ਲਈ ਆਸਥਾ ਅਤੇ ਸ਼ਰਧਾ ਦਾ ਮਹੱਤਵਪੂਰਨ ਕੇਂਦਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ649ਵੇਂ ਪ੍ਰਕਾਸ਼ ਦਿਵਸ ਸਮਾਗਮਾਂ ’ਚ ਸ਼ਾਮਲ ਹੋਣ ਲਈ ਪੁੱਜੇ ਸਨ। ਇਸ ਦੌਰੇ ਨੂੰ ਸਿਰਫ ਧਾਰਮਿਕ ਅਕੀਦਿਆਂ ਦੀ ਪੂਰਤੀ ਨਹੀਂ ਸਗੋਂ ਰਾਜਨੀਤੀ ਨਾਲ ਜੋੜਕੇ ਦੇਖਿਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਦੀ ਆਮਦ ਦੀਆਂ ਖਬਰਾਂ ਆਉਣ ਤੋਂ ਬਾਅਦ ਪੰਜਾਬ ’ਚ ਸਿਆਸੀ ਹਲਚਲ ਤੇਜ ਹੋ ਗਈ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਐਨ ਪਹਿਲਾਂ ਪੰਜਾਬ ਸਰਕਾਰ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡਣੀ ਅਤੇ ਜਲੰਧਰ ਹਲਕੇ ਤੋਂ ਮੈਂਬਰ ਪਾਰਲੀਮੈਂਟ ’ਤੇ ਕਾਂਗਰਸ ਦੇ ਦਲਿਤ ਚਿਹਰੇ ਚਰਨਜੀਤ ਸਿੰਘ ਚੰਨੀ ਦਾ ਦਲਿਤਾਂ ਨੂੰ ਨਮਾਇੰਦਗੀ ਦੇਣ ’ਚ ਵਿਤਕਰੇ ਦਾ ਮੁੱਦਾ ਚੁੱਕਣਾ ਸਹਿਜ ਨਹੀਂ ਬਲਕਿ ਦਲਿਤ ਭਾਈਚਾਰੇ ਦੀ ਹਮਾਇਤ ਹਾਸਲ ਕਰਨ ਦੇ ਯਤਨ ਹੀ ਹਨ।
ਸਿਆਸੀ ਤੌਰ ਤੇ ਕਿੳਂ ਅਹਿਮ
ਇੱਕ ਅਨੁਮਾਨ ਅਨੁਸਾਰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚ ਕਰੀਬ 32 ਤੋਂ 35 ਪ੍ਰਤੀਸ਼ਤ ਵੋਟ ਬੈਂਕ ਦਲਿਤ ਭਾਈਚਾਰੇ ਨਾਲ ਸਬੰਧਤ ਹੈ। ਦੁਆਬੇ ਦੇ ਕਈ ਹਲਕਿਆਂ ’ਚ ਤਾਂ 40 ਫੀਸਦੀ ਦੀ ਵੱਡੀ ਮੌਜੂਦਗੀ ਨਾਲ ਦਲਿਤ ਵੋਟਾਂ ਦਾ ਫੈਸਲਾਕੁੰਨ ਭੂਮਿਕਾ ਨਿਭਾਉਣ ਵਾਲਾ ਦਬਦਬਾ ਹੈ। ਸਿਆਸੀ ਹਲਕਿਆਂ ਨੇ ਮੰਨਿਆ ਹੈ ਕਿ ਜਿਸ ਤਰਾਂ ਦਾ ਧਰੁਵੀਕਰਨ ਭਾਜਪਾ ਕਰ ਰਹੀ ਹੈ ਉਸ ਨੂੰ ਦੇਖਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਲਿਤ ਵੋਟਾਂ ਦੀ ਮਹੱਤਵਪੂਰਨ ਭੂਮਿਕਾ ਰਹਿਣ ਵਾਲੀ ਹੈ।
ਮੁੱਖ ਮੰਤਰੀ ਵੱਲੋਂ ਵੀ ਸ਼ਰਧਾ ਪ੍ਰਗਟ
ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਲ 2023 ’ਚ ਗੁਰੂ ਰਵਿਦਾਸ ਜੀ ਨਾਲ ਸਬੰਧਤ ਅਧਿਐਨ ਕੇਂਦਰ ਬਨਾਉਣ ਲਈ ਡੇਰਾ ਸੱਚ ਖੰਡ ਬੱਲਾਂ ਨੂੰ 25 ਕਰੋੜ ਦਾ ਚੈਕ ਭੇਂਟ ਕੀਤਾ ਸੀ। ਜੂਨ 2024 ’ਚ ੳਹ ਆਪਣੀ ਪਤਨੀ ਅਤੇ ਨਵਜਨਮੀ ਬੇਟੀ ਨਾਲ ਵੀ ਡੇਰਾ ਬੱਲਾਂ ਪੁੱਜੇ ਸਨ ਅਤੇ ਆਸ਼ੀਰਵਾਦ ਲਿਆ ਸੀ। ਮੁੱਖ ਮੰਤਰੀ ਨੇ ਅਗਸਤ 2025 ’ਚ ਡੇਰਾ ਸੱਚ ਖੰਡ ਬੱਲਾਂ ਵਿਖੇ ਸੀਵਰੇਜ਼ ਟਰੀਟਮੈਂਟ ਪਲਾਂਟ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਸ ਜੀ ਮਹਾਰਾਜ ਦੇ ਨਾਮ ਤੇ ਰੱਖਣ ਦੀ ਮੰਗ ਵੀ ਕੀਤੀ ਸੀ।
ਸੁਖਬੀਰ ਸ਼ੋਭਾ ਯਾਤਰਾ ’ਚ ਸ਼ਾਮਲ
ਹ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਹਾਲੀਆ ਸ਼ਾਭਾ ਯਾਤਰਾ ’ਚ ਸ਼ਾਮਲ ਹੋਏ ਸਨ ਅਤੇ ਬੂਟਾ ਮੰਡੀ ’ਚ ਸਥਿਤ ਸ਼੍ਰੀ ਗੁਰੂ ਰਵਿਣਾਸ ਧਾਮ ’ਚ ਨਤਮਸਤਕ ਵੀ ਹੋਏ ਸਨ। ਸੁਖਬੀਰ ਨੇ ਤਾਂ ਅੱਜ ਮੁਕਤਸਰ ਜਿਲ੍ਹੇ ਦੇ ਮਲੋਟ ਸ਼ਹਿਰ ’ਚ ਵੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨਾਲ ਸਬੰਧਤ ਸਮਾਗਮਾਂ ’ਚ ਸ਼ਿਰਕਤ ਕੀਤੀ ਅਤੇ ਆਸ਼ੀਰਵਾਦ ਲਿਆ ਹੈ।
ਚੰਨੀ ਵੀ ਸ਼ਰਧਾਲੂਆਂ ’ਚ ਸ਼ਾਮਲ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਕਸਰ ਡੇਰਾ ਸੱਚ ਖੰਡ ਬੱਲਾਂ ਵਿਖੇ ਸ਼ਰਧਾਲੂ ਵਜੋਂ ਆਉਂਦੇ ਰਹਿੰਦੇ ਹਨ। ਚੰਨੀ ਨੂੰ ਕਾਂਗਰਸ ਦੀ ਦਲਿਤ ਰਾਜਨੀਤੀ ਦੀ ਅਹਿਮ ਸ਼ਖਸ਼ੀਅਤ ਵਜੋਂ ਦੇਖਿਆ ਜਾਂਦਾ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਜਿੱਤਣ ਕਾਰਨ ਦੁਆਬਾ ਪੱਟੀ ’ਚ ਚੰਨੀ ਦੀ ਪਕੜ ਮਜਬੂਤ ਮੰਨੀ ਜਾਂਦੀ ਹੈ। ਇਸੇ ਕਾਰਨ ਹੀ ਦਲਿਤ ਵਰਗਾਂ ਨੂੰ ਲੈਕੇ ਕਾਂਗਰਸ ਪ੍ਰਤੀ ਕੀਤੀਆਂ ਟਿੱਪਣੀ ਨੂੰ ਲੈਕੇ ਪਾਰਟੀ ਨੇ ਚੰਨੀ ਖਿਲਾਫ ਕਾਰਵਾਈ ਤੋਂ ਪਾਸਾ ਵੱਟ ਲਿਆ ਸੀ।