ਨਗਰ ਨਿਗਮ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ, 1 ਫਰਵਰੀ 2026 : ਹਿੰਦੂ ਮਹਾਸਭਾ ਦੇ ਪ੍ਰਧਾਨ ਸੰਦੀਪ ਪਾਠਕ ਨੇ ਨਗਰ ਨਿਗਮ ਬਠਿੰਡਾ ਦੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਪੂਰੀ ਤਰਾਂ ਸੋਚੀ ਸਮਝੀ ਸਾਜ਼ਿਸ਼ ਦੱਸਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।ਪਾਠਕ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਜਾਬ ਵਿਜਿਲੈਸ ਬਿਊਰੋ ਨੂੰ ਨਗਰ ਨਿਗਮ ਬਠਿੰਡਾ ਦੇ ਟੈਂਡਰਾਂ ਵਿੱਚ ਹੋਏ ਕਰੋੜਾਂ ਰੁ: ਦੇ ਘੋਟਾਲੇ ਅਤੇ ਪਿਛਲੇ ਪੰਜ ਸਾਲਾਂ ਵਿੱਚ ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਆਦਿ ਸੰਬੰਧੀ ਨੋਟਿਸ ਦੇਕੇ ਆਮ ਲੋਕਾਂ ਦੀਆਂ ਹੋਈਆਂ ਬਲੈਕਮੇਲਿੰਗਾਂ ਦੀ ਸ਼ਿਕਾਇਤ ਕੀਤੀ ਸੀ ਅਤੇ ਇਹੋ ਜਿਹੇ ਸਮੇਂ ਰਿਕਾਰਡ ਰੂਮ ਨੂੰ ਅੱਗ ਲੱਗਣਾ ਗੰਭੀਰ ਸਵਾਲ ਖੜੇ ਕਰਦਾ ਹੈ ।
ਸੰਦੀਪ ਪਾਠਕ ਨੇ ਕਿਹਾ ਕਿ ਨਗਰ ਨਿਗਮ ਦੇ ਰਿਕਾਰਡ ਰੂਮ ਦੇ ਵਿੱਚ ਵਿਕਾਸ ਕਾਰਜਾਂ, ਟੈਂਡਰ ਪ੍ਰਕਿਰਿਆ, ਭੁਗਤਾਨ, ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਆਦਿ ਅਤੇ ਹੋਰ ਕਈ ਤਰਾ ਦੇ ਮਹੱਤਵਪੂਰਨ ਕਾਗਜ਼ਾਤ ਮੌਜੂਦ ਹੁੰਦੇ ਹਨ ਜੇਕਰ ਇਹਨਾਂ ਫ਼ਾਈਲਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਵਿਜੀਲੈਂਸ ਨੂੰ ਸੱਚਾਈ ਤੱਕ ਪਹੁੰਚਣ ਵਿੱਚ ਸਮੱਸਿਆ ਆ ਸਕਦੀ ਹੈ । ਪਾਠਕ ਨੇ ਖ਼ਦਸ਼ਾ ਜਤਾਇਆ ਕੀ ਇਹ ਟੈਂਡਰਾਂ ਵਿੱਚ ਹੋਈਆਂ ਗੜਬੜੀਆਂ ਦੇ ਨਾਲ ਨਾਲ ਨਿਗਮ ਵਿੱਚ ਹੋਏ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਹੈ । ਬਠਿੰਡੇ ਦੇ ਲੋਕ ਨਗਰ ਨਿਗਮ ਦੀ ਕਾਰਜਪ੍ਰਣਾਲੀ ਤੋਂ ਪਹਿਲਾਂ ਹੀ ਬਹੁਤ ਨਾਰਾਜ਼ ਹਨ ਅਤੇ ਹੁਣ ਟੈਂਡਰਾਂ ਵਿੱਚ ਘੋਟਾਲਾ, ਪੱਖਪਾਤ ਅਤੇ ਲੋਕਾਂ ਨੂੰ ਬਲੈਕਮੇਲ ਕਰਨ ਤੱਕ ਦੇ ਗੰਭੀਰ ਦੋਸ਼ ਤੱਕ ਸੁਣਨ ਨੂੰ ਮਿਲ ਰਹੇ ਹਨ ।
ਉਹਨਾਂ ਕਿਹਾ ਕਿ ਇਹੋ ਜਿਹੇ ਹਾਲਾਤਾਂ ਵਿੱਚ ਰਿਕਾਰਡ ਰੂਮ ਵਿੱਚ ਅੱਗ ਲੱਗਣਾ ਕੋਈ ਇੱਕ ਆਮ ਘਟਨਾ ਨਹੀਂ ਬਲਕਿ ਸਾਫ ਇੱਕ ਸਾਜ਼ਿਸ਼ ਨਜ਼ਰ ਆ ਰਹੀ ਹੈ । ਉਹਨਾਂ ਨੇ ਕਿਹਾ ਕੀ ਸਰਕਾਰ ਨੂੰ ਇਸ ਅੱਗ ਦੀ ਘਟਨਾ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹਿਦਾ । ਸੰਦੀਪ ਪਾਠਕ ਨੇ ਕਿਹਾ ਕੀ ਅੱਗ ਲੱਗਣ ਦੀ ਘਟਨਾ ਦੀ ਉੱਚ ਪੱਧਰੀ ਫੋਰੈਸਿਕ ਜਾਂਚ ਦੇ ਨਾਲ ਨਾਲ ਇਸ ਗੱਲ ਨੂੰ ਵੀ ਜਨਤਕ ਕਰਨਾ ਚਾਹਿਦਾ ਹੈ ਕੀ ਰਿਕਾਰਡ ਰੂਮ ਵਿੱਚ ਕਿਹੜਾ ਕਿਹੜਾ ਰਿਕਾਰਡ ਮੱਚਿਆ ਜਾਂ ਮਚਾਇਆ ਗਿਆ ਹੈ ।ਪਾਠਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਤੇ ਜ਼ੀਰੋ ਟੋਲਰੈਂਸ ਬੀਤੀ ਲਾਗੂ ਕਰਦਿਆਂ ਇਸ ਸਮੁੱਚੇ ਘਟਨਾ ਕਰਮ ਅਤੇ ਸ਼ਿਕਾਇਤਾਂ ਦੀ ਉੱਚ ਪੱਧਰੀ ਅਤੇ ਨਿਰਪੱਖ ਪੜਤਾਲ ਕਰਵਾਉਣੀ ਚਾਹੀਦੀ ਹੈ।