ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮੋਹਾਲੀ ਹਲਕੇ 'ਚ ਬਣਾਏ ਜਾ ਰਹੇ ਹਨ 32 ਅਤਿ-ਆਧੁਨਿਕ ਸਟੇਡੀਅਮ: ਵਿਧਾਇਕ ਕੁਲਵੰਤ ਸਿੰਘ
ਸਟੇਡੀਅਮ ਦੀ ਉਸਾਰੀ 'ਤੇ ਖਰਚੇ ਜਾਣਗੇ 35 ਲੱਖ
ਮੋਹਾਲੀ 7 ਦਸੰਬਰ 2026- ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡ ਮੈਦਾਨਾਂ ਨਾਲ ਜੋੜਨ ਲਈ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਸੈਦਪੁਰਾ ਵਿਖੇ ਬਣ ਰਹੇ ਨਵੇਂ ਖੇਡ ਸਟੇਡੀਅਮ ਦਾ ਦੌਰਾ ਕੀਤਾ ਅਤੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਰਕਾਰ ਨੇ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਪਿੰਡ-ਪਿੰਡ ਸਟੇਡੀਅਮ ਬਣਾਉਣ ਦੀ ਯੋਜਨਾ ਉਲੀਕੀ ਹੈ। ਉਨ੍ਹਾਂ ਦੱਸਿਆ ਕਿ ਪੂਰੇ ਪੰਜਾਬ ਵਿੱਚ ਲਗਭਗ 3300 ਦੇ ਕਰੀਬ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇਕੱਲੇ ਮੋਹਾਲੀ ਹਲਕੇ ਵਿੱਚ 32 ਸਟੇਡੀਅਮਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਟੇਡੀਅਮ ਬਣਾਉਣ ਦੀ ਰਫ਼ਤਾਰ ਵਿੱਚ ਮੋਹਾਲੀ ਜ਼ਿਲ੍ਹਾ ਪੂਰੇ ਸੂਬੇ ਵਿੱਚੋਂ ਸਭ ਤੋਂ ਅੱਗੇ ਚੱਲ ਰਿਹਾ ਹੈ।
ਪਿੰਡ ਸੈਦਪੁਰਾ ਵਿੱਚ ਬਣ ਰਹੇ ਸਟੇਡੀਅਮ ਬਾਰੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਇਸ ਕਾਰਜ ਲਈ ਵੱਡਾ ਸਹਿਯੋਗ ਦਿੱਤਾ ਗਿਆ ਹੈ। ਪੰਚਾਇਤ ਨੇ ਸਟੇਡੀਅਮ ਲਈ ਪੌਣੇ ਦੋ ਏਕੜ ਅਤੇ ਪਾਰਕਿੰਗ ਵਾਸਤੇ ਅਲੱਗ ਤੋਂ ਇੱਕ ਏਕੜ, ਯਾਨੀ ਕੁੱਲ ਪੌਣੇ ਤਿੰਨ ਏਕੜ ਜ਼ਮੀਨ ਮੁਹੱਈਆ ਕਰਵਾਈ ਹੈ। ਇਸ ਸਟੇਡੀਅਮ ਦੀ ਉਸਾਰੀ 'ਤੇ ਲਗਭਗ 35 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸ ਵਿੱਚ ਇੱਕ ਸਾਂਝਾ ਕਮਰਾ ਅਤੇ ਤਿੰਨ ਵੱਖ-ਵੱਖ ਬਾਥਰੂਮਾਂ (ਮਰਦਾਂ, ਔਰਤਾਂ ਅਤੇ ਦਿਵਿਆਂਗਾਂ ਲਈ) ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਹ ਸਟੇਡੀਅਮ ਅਗਲੇ 6 ਮਹੀਨਿਆਂ ਦੇ ਅੰਦਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਦੇ ਬਣਨ ਨਾਲ ਨਾ ਸਿਰਫ਼ ਸੈਦਪੁਰਾ ਦੇ ਬੱਚੇ ਸਗੋਂ ਆਲੇ-ਦੁਆਲੇ ਦੇ ਪਿੰਡਾਂ ਦੇ ਨੌਜਵਾਨ ਵੀ ਇੱਥੇ ਖੇਡ ਕੇ ਆਪਣੀ ਸਿਹਤ ਬਣਾ ਸਕਣਗੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ। ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਡਾ. ਕੁਲਦੀਪ ਸਿੰਘ, ਜਸਪਾਲ ਸਿੰਘ ਐਮ.ਸੀ ਮਟੋਰ, ਹਰਮੇਸ਼ ਸਿੰਘ ਕੁੰਭੜਾ, ਜਸਪ੍ਰੀਤ ਸਿੰਘ ਸਰਪੰਚ, ਸੁਖਚੈਨ ਸਿੰਘ, ਅਰੁਣ ਗੋਇਲ, ਅਵਤਾਰ ਸਿੰਘ ਸਰਪੰਚ ਮੌਲੀ, ਗੁਰਪ੍ਰੀਤ ਸਿੰਘ ਕੁਰੜਾ, ਹਰਪਾਲ ਸਿੰਘ ਚੰਨਾ, ਤਰਲੋਚਨ ਸਿੰਘ, ਮਨਦੀਪ ਮਟੌਰ, ਅਕਵਿੰਦਰ ਸਿੰਘ ਗੋਸਲ, ਦਰਸ਼ਣ ਸਿੰਘ ਮਟੌਰ, ਹਰਪਾਲ ਸਿੰਘ ਬਰਾੜ , ਗੁਰਜੰਟ ਸਿੰਘ ਸਰਪੰਚ ਭਾਗੋ ਮਾਜਰਾ ਵੀ ਹਾਜ਼ਰ ਸਨ